Punjab News: ਸਰਹੱਦੀ ਖੇਤਰ ਦੇ ਅਧਿਆਪਕਾਂ ਲਈ ਦਿੱਤੀ ਇਕ ਇਨਕਰੀਮੈਂਟ ਦੇ ਫ਼ੈਸਲੇ ਨੂੰ ਬਦਲੀ ਹੋਣ ਸਮੇਂ ਵਿਆਜ਼ ਸਮੇਤ ਪੈਸੇ ਮੋੜਨ ਦੀ ਸ਼ਰਤ ਗੈਰ-ਵਾਜਿਬ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ)
ਸਰਹੱਦੀ ਖੇਤਰ ਦੇ ਅਧਿਆਪਕਾਂ ਲਈ ਦਿੱਤੀ ਇਕ ਇਨਕਰੀਮੈਂਟ ਦੇ ਫ਼ੈਸਲੇ ਨੂੰ ਬਦਲੀ ਹੋਣ ਸਮੇਂ ਵਿਆਜ਼ ਸਮੇਤ ਪੈਸੇ ਮੋੜਨ ਦੀ ਸ਼ਰਤ ਗੈਰ-ਵਾਜਿਬ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ)
ਚੰਡੀਗੜ੍ਹ 23 ਜਨਵਰੀ 2026
ਅੱਜ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ) ਦੀ ਵਰਚੁਅਲ ਮੀਟਿੰਗ ਨਵਪ੍ਰੀਤ ਸਿੰਘ ਬੱਲੀ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।
ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਵਿੱਚ ਕੰਮ ਕਰ ਰਹੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਇਕ ਵਾਧੂ ਇਨਕਰੀਮੈਂਟ ਦੇਣ ਦੇ ਫ਼ੈਸਲੇ ਬਾਰੇ ਦੱਸਦੇ ਹੋਏ ਜਨਰਲ ਸਕੱਤਰ ਸੁਰਿੰਦਰ ਕੰਬੋਜ ਨੇ ਕਿਹਾ ਕਿ ਇਸ ਫੈਸਲੇ ਅਨੁਸਾਰ ਅਧਿਆਪਕ ਜੇਕਰ ਬਦਲੀ ਕਰਾ ਕੇ ਬਾਰਡਰ ਏਰੀਏ ਨੂੰ ਤੋਂ ਕਿਤੇ ਹੋਰ ਜਾਂਦਾ ਹੈ ਤਾਂ ਉਸ ਨੂੰ ਇਸ ਫੈਸਲੇ ਅਨੁਸਾਰ ਆਪਣੀ ਇੰਕਰੀਮੈਂਟ ਸਮੇਤ ਵਿਆਜ ਵਾਪਸ ਕਰਨ ਦੀ ਸ਼ਰਤ ਬਹੁਤ ਹੀ ਮੰਦਭਾਗੀ ਅਤੇ ਅਧਿਆਪਕ ਦੇ ਆਰਥਿਕ ਸ਼ੋਸ਼ਣ ਕਰਨ ਬਾਰੇ ਹੈ ਇਸ ਕਰਕੇ ਇਹ ਸ਼ਰਤ ਲਗਾਉਣਾ ਬਹੁਤ ਹੀ ਗੈਰ ਵਾਜਿਬ ਹੈ।
ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਪੰਜਾਬ ਦੇ ਵਿੱਤ ਸਕੱਤਰ ਸੋਮ ਸਿੰਘ, ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਵਰਚੁਅਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਸਰਹੱਦੀ ਖੇਤਰ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਛੇ ਪ੍ਰਤੀਸ਼ਤ ਬਾਰਡਰ ਭੱਤਾ ਮਿਲਦਾ ਸੀ ਪਰ ਸਰਕਾਰ ਨੇ ਛੇਵੇਂ ਪੇ ਕਮਿਸ਼ਨ ਵਿੱਚ ਬਾਰਡਰ ਏਰੀਆ ਭੱਤਾ ਬੰਦ ਕਰ ਦਿੱਤਾ। ਹੁਣ ਸਰਕਾਰ ਵੱਲੋਂ 2018 ਦੇ ਰੂਲ ਦੀ ਕਲਾਜ ਪੰਜ ਦੇ ਅਨੁਸਾਰ ਬਾਰਡਰ ਏਰੀਏ ਮੁਤਾਬਕ ਸਰਕਾਰ ਵੱਲੋਂ ਇਕ ਇਨਕਰੀਮੈਂਟ ਦੇਣ ਦਾ ਜੋ ਫ਼ੈਸਲਾ ਲਿਆ ਗਿਆ ਹੈ।
ਪਰ ਜਿਹੜੀਆਂ ਸ਼ਰਤਾਂ ਲਗਾਈਆਂ ਗਈਆਂ ਹਨ ਉਹ ਬਹੁਤ ਹੀ ਗੈਰ ਵਾਜਿਬ ਹਨ ਕਿਉਂਕਿ ਜੇਕਰ ਕੋਈ ਮੁਲਾਜ਼ਮ ਮਜਬੂਰੀ ਵੱਸ ਸਰਹੱਦੀ ਖੇਤਰ ਤੋਂ ਬਦਲੀ ਕਰਵਾ ਕੇ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਨਿਯੁਕਤ ਹੁੰਦਾ ਹੈ ਤਾਂ ਉਸਨੂੰ ਪ੍ਰਾਪਤ ਕੀਤੀ ਇਨਕਰੀਮੈਂਟ ਵਿਆਜ ਸਮੇਤ ਵਾਪਸ ਕਰਨੀ ਪੈਂਦੀ ਹੈ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਮੁਲਾਜ਼ਮ ਨੂੰ ਬੰਧੂਆ ਮਜਦੂਰ ਬਣਾਇਆ ਜਾ ਰਿਹਾ ਹੈ।
ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਿੰਨਾ ਸਮਾਂ ਮੁਲਾਜ਼ਮ ਬਾਰਡਰ ਏਰੀਏ ਵਿੱਚ ਕੰਮ ਕਰਦਾ ਹੈ, ਉਨਾ ਸਮਾਂ ਉਸ ਨੂੰ ਬਾਰਡਰ ਏਰੀਏ ਦੀ ਇੰਕਰੀਮੈਂਟ ਦਿੱਤੀ ਜਾਵੇ ਅਤੇ ਜਦੋਂ ਮੁਲਾਜ਼ਮ ਬਾਰਡਰ ਏਰੀਆ ਤੋਂ ਬਾਹਰ ਬਦਲੀ ਕਰਾ ਕੇ ਚਲਾ ਜਾਵੇ ਤਾਂ ਉਸ ਦੀ ਸਿਰਫ ਇੰਕਰੀਮੈਂਟ ਹੀ ਬੰਦ ਕੀਤੀ ਜਾਵੇ, ਉਸ ਕੋਲੋਂ ਵਿਆਜ ਸਮੇਤ ਪੈਸੇ ਵਾਪਸ ਲੈਣ ਦੀ ਕੋਈ ਵੀ ਸ਼ਰਤ ਨਿਰਧਾਰਿਤ ਨਾ ਕੀਤੀ ਜਾਵੇ।
ਪੇਂਡੂ ਭੱਤਾ ਵੀ ਬਹਾਲ ਕੀਤਾ ਜਾਵੇ, ਸਰਹੱਦੀ ਖੇਤਰਾਂ ਦੇ ਸਕੂਲ ਚਾਹੇ ਉਹ ਸਤਲੁਜ ਦਰਿਆ ਤੋਂ ਪਾਰ ਹੋਣ ਜਾਂ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਹੋਣ, ਉੱਥੇ ਅਧਿਆਪਕਾਂ ਦੀ ਪਹੁੰਚ ਬਹੁਤ ਮੁਸ਼ਕਲ ਹੁੰਦੀ ਹੈ। ਜੰਗੀ ਹਾਲਾਤ ਜਾਂ ਕਿਸੇ ਵੀ ਕਿਸਮ ਦੀ ਐਮਰਜੈਂਸੀ ਦੌਰਾਨ ਮੁਲਾਜ਼ਮਾਂ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਡਿਊਟੀ ਹੋਰ ਵੀ ਜੋਖਿਮ ਭਰੀ ਬਣ ਜਾਂਦੀ ਹੈ।
ਜੇਕਰ ਸਰਕਾਰ ਸੱਚਮੁੱਚ ਸਰਹੱਦੀ ਖੇਤਰ ਦੇ ਮੁਲਾਜ਼ਮਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ ਤਾਂ ਜਿੰਨਾ ਸਮਾਂ ਮੁਲਾਜ਼ਮ ਜਾਂ ਅਧਿਆਪਕ ਸਰਹੱਦੀ ਖੇਤਰ ਵਿੱਚ ਸੇਵਾ ਨਿਭਾਉਂਦੇ ਹਨ, ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਲਾਭ ਦਿੱਤੇ ਜਾਣ, ਗਰੁੱਪ ਡੀ ਦੇ ਮੁਲਾਜ਼ਮਾਂ ਨੂੰ ਵੀ ਲਾਭ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਮੰਗ ਹੈ ਪੁਰਾਣੀ ਪੈਨਸ਼ਨ ਵੀ ਬਹਾਲ ਕੀਤੀ ਜਾਵੇ।
ਅੱਜ ਦੀ ਇਸ ਮੀਟਿੰਗ ਵਿੱਚ ਉਪਰੋਤਕ ਆਗੂਆਂ ਤੋਂ ਇਲਾਵਾ ਲਾਲ ਚੰਦ ਨਵਾਂ ਸ਼ਹਿਰ, ਸੁੱਚਾ ਸਿੰਘ ਰੋਪੜ, ਜਗਤਾਰ ਸਿੰਘ ਖਮਾਣੋ, ਗੁਰਜੀਤ ਸਿੰਘ ਮੋਹਾਲੀ ਜਰਨੈਲ ਜੰਡਾਲੀ, ਬਲਵੀਰ ਸਿੰਘ ਸੰਗਰੂਰ, ਪਰਗਟ ਸਿੰਘ ਜੰਬਰ, ਗੁਰਪ੍ਰੀਤ ਸਿੰਘ ਸੰਧੂ, ਕੰਵਲਜੀਤ ਸਿੰਘ ਸੰਗੋਵਾਲ, ਅਸ਼ਵਨੀ ਕੁਮਾਰ, ਰੇਸ਼ਮ ਸਿੰਘ ਅਬੋਹਰ, ਬਲਜਿੰਦਰ ਕੁਮਾਰ,ਅਸ਼ੋਕ ਕੁਮਾਰ,ਰਸ਼ਮਿੰਦਰਪਾਲ ਸੋਨੂ, ਕਪਿਲ ਕਪੂਰ ਆਦਿ ਆਗੂ ਸ਼ਾਮਲ ਸਨ।

