ਪੰਜਾਬ ‘ਚ ਕਾਤਲ ਚਾਈਨਾ ਡੋਰ ਦਾ ਕਹਿਰ; 10ਵੀਂ ਜਮਾਤ ਦੇ ਵਿਦਿਆਰਥੀ ਦਾ ਵੱਢਿਆ ਗਲਾ, ਹੋਈ ਮੌਤ
ਪੰਜਾਬ ‘ਚ ਕਾਤਲ ਚਾਈਨਾ ਡੋਰ ਦਾ ਕਹਿਰ; 10ਵੀਂ ਜਮਾਤ ਦੇ ਵਿਦਿਆਰਥੀ ਦਾ ਵੱਢਿਆ ਗਲਾ, ਹੋਈ ਮੌਤ
Media PBN
ਲੁਧਿਆਣਾ, 24 ਜਨਵਰੀ 2026: ਪੰਜਾਬ ਦੇ ਅੰਦਰ ਪਾਬੰਦੀਆਂ ਦੇ ਬਾਵਜੂਦ ਕਾਤਲ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ। ਜਿਸਦੇ ਕਾਰਨ ਸੈਂਕੜੇ ਹੀ ਲੋਕ ਹੁਣ ਤੱਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ, ਉੱਥੇ ਹੀ ਹਜ਼ਾਰਾਂ ਲੋਕ ਇਸ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਜਖਮੀ ਹੋ ਗਏ ਨੇ।
ਚਾਈਨਾ ਡੋਰ ਦੇ ਨਾਲ ਬੀਤੇ ਕੱਲ ਬਸੰਤ ਵਾਲੇ ਦਿਨ ਕਈ ਲੋਕ ਜਖਮੀ ਹੋਏ ਜਿਸਦੇ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਵੀ ਦਾਖਲ ਕਰਵਾਉਣਾ ਪਿਆ।
ਤਾਜ਼ਾ ਮਾਮਲਾ ਸਮਰਾਲਾ ਦੇ ਪਿੰਡ ਭਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 15 ਸਾਲਾ ਨੌਜਵਾਨ ਤਰਨਜੋਤ ਸਿੰਘ ਜੋ ਕਿ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਕੂਲ ਤੋਂ ਘਰ ਪਰਤ ਰਿਹਾ ਸੀ ਤਾਂ, ਇਸ ਦੌਰਾਨ ਰਸਤੇ ਵਿੱਚ ਉਸ ਦੇ ਗਲੇ ‘ਤੇ ਚਾਈਨਾ ਡੋਰ ਫਿਰ ਗਈ। ਚਾਈਨਾ ਡੋਰ ਦੇ ਕਾਰਨ ਤਰਨਜੋਤ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਕੁਝ ਹੀ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ।
ਜਾਣਕਾਰੀ ਦੇ ਅਨੁਸਾਰ ਤਰਨਜੋਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉੱਥੇ ਹੀ ਪਿੰਡ ਭਰਥਲਾ ਵਿੱਚ ਇਸ ਘਟਨਾ ਦੇ ਕਾਰਨ ਸੋਗ ਦੀ ਲਹਿਰ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ।
ਪਿੰਡ ਵਾਸੀਆਂ ਅਤੇ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜੇਕਰ ਚਾਈਨਾ ਡੋਰ ‘ਤੇ ਪਾਬੰਦੀ ਹੈ ਤਾਂ ਫਿਰ ਇਹ ਬਾਜ਼ਾਰਾਂ ਦੇ ਅੰਦਰ ਕਿਵੇਂ ਵਿਕ ਰਹੀ ਹੈ?
ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਇਹ ਤਾਂ ਕਹਿ ਦਿੱਤਾ ਕਿ ਤਰਨਜੋਤ ਦੀ ਮੌਤ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਹੋਈ ਹੈ ਪਰ ਵਿਕ ਰਹੀ ਚਾਈਨਾ ਡੋਰ ‘ਤੇ ਪੁਲਿਸ ਜਵਾਬ ਨਹੀਂ ਦੇ ਸਕੀ।
ਹਾਲਾਂਕਿ ਮੀਡੀਆ ਦੇ ਵੱਲੋਂ ਪੁਲਿਸ ਨੂੰ ਵਾਰ-ਵਾਰ ਚਾਈਨਾ ਡੋਰ ‘ਤੇ ਪਾਬੰਦੀ ਦੇ ਬਾਵਜੂਦ ਵਿਕਰੀ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਪੁਲਿਸ ਚੁੱਪੀ ਧਾਰੀ ਹੋਈ ਨਜ਼ਰ ਆਈ।
ਇੱਥੇ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਅਜਿਹੇ ਪੰਜਾਬ ਦੇ ਅੰਦਰ ਸਾਹਮਣੇ ਆ ਚੁੱਕੇ ਨੇ। ਪ੍ਰਸ਼ਾਸਨਿਕ ਸਖਤੀ ਦੇ ਬਾਵਜੂਦ ਖੂਨੀ ਚਾਈਨਾ ਡੋਰ ਵਿਕ ਰਹੀ ਹੈ, ਜਿਸਦੇ ਕਾਰਨ ਹੱਸਦੇ ਖੇਡਦੇ ਪਰਿਵਾਰ ਉੱਜੜ ਰਹੇ ਨੇ।

