All Latest NewsNews FlashPunjab NewsTOP STORIES

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵਿਸਾਖੀ ਨੂੰ ਲੈ ਕੇ ਵੱਡਾ ਐਲਾਨ! ਗ਼ਰੀਬ ਸਿੱਖਾਂ ਦੇ ਘਰਾਂ ਤੋਂ ਸ਼ੁਰੂ ਹੋਵੇਗੀ ਨਵੀਂ ਲਹਿਰ

 

ਪੰਜਾਬ ਨੈੱਟਵਰਕ, ਸ਼੍ਰੀ ਆਨੰਦਪੁਰ ਸਾਹਿਬ

ਸ਼੍ਰੀ ਆਨੰਦਪੁਰ ਸਾਹਿਬ ਦੀ ਫ਼ਸੀਲ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਵਿਸਾਖੀ ਮੌਕੇ ਸੰਗਤਾਂ ਨੂੰ ਗੁਰੂ ਪੰਥ ਦੇ ਨਾਲ ਜੋੜਨ ਲਈ ਵੱਡੀ ਲਹਿਰ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਲਹਿਰ ਗ਼ਰੀਬ ਸਿੱਖਾਂ ਦੇ ਘਰਾਂ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਲਹਿਰ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨ।

ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ। ਮਾਝੇ ਦੀ ਧਰਤੀ ਤੇ ਵੀ ਧਰਮ ਪਰਿਵਰਤਨ ਹੋ ਰਿਹਾ ਹੈ, ਜੋ ਬੇਹੱਦ ਮਾੜੀ ਗੱਲ ਹੈ। ਪੰਜਾਬੀ ਮਾਂ ਬੋਲੀ ਤੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਅਸੀਂ ਅੱਜ ਆਪਣੀ ਬੋਲੀ ਤੋਂ ਅਵੇਸਲੇ ਹੋ ਰਹੇ ਹਾਂ।

ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਨਵੀਂ ਸਿੱਖਿਆ ਨੀਤੀ ਤੇ ਚਰਚਾ ਕਰਨ ਲਈ ਮਾਹਿਰਾਂ ਦੇ ਸੁਝਾਅ ਲੈਣ ਅਤੇ ਵਿਚਾਰ ਕਰਨ ਕਿ ਇਹ ਸਿੱਖਿਆ ਨੀਤੀ ਸਾਡੇ ਪੰਜਾਬ ਦੇ ਹੱਕ ਵਿੱਚ ਹੈ ਜਾਂ ਨਹੀਂ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਾਡਾ ਹੋਮਲੈਂਡ ਹੈ। 1947 ਵਿੱਚ ਸਾਡਾ ਉਜਾੜਾ ਹੋਇਆ, ਜਾਨ ਤੋਂ ਪਿਆਰੇ ਸਾਡੇ ਗੁਰੂ ਘਰ ਸਾਡੇ ਤੋਂ ਵਿੱਛੜ ਗਏ।

ਉਨ੍ਹਾਂ ਨੇ ਵੱਡਾ ਦਾਅਵਾ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਪੰਜਾਬ ਵਿਰੋਧੀ ਤਾਕਤਾਂ ਦੇ ਵੱਲੋਂ ਬਸਤੀ ਬਣਾਇਆ ਜਾ ਰਿਹਾ ਹੈ, ਪੰਜਾਬ ਦੇ ਅੰਦਰ ਬਾਹਰੀ ਲੋਕ ਆ ਕੇ ਕਬਜ਼ੇ ਕਰ ਰਹੇ ਹਨ। ਪੰਥ ਵਿਰੋਧੀ ਤਾਕਤਾਂ ਸਾਡੇ ਗੁਰਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ। ਤਖ਼ਤ ਦੀ ਫ਼ਸੀਲ ਤੋਂ ਜਥੇਦਾਰ ਨੇ ਐਲਾਨ ਕੀਤਾ ਕਿ, ਪੰਥ ਵਿਰੋਧੀ ਤਾਕਤਾਂ ਨੂੰ ਗੁਰਦੁਆਰਿਆਂ ਤੇ ਕਬਜ਼ਾ ਕਰਨ ਨਹੀਂ ਦਿਆਂਗੇ।

ਇਸ ਦੇ ਨਾਲ ਹੀ ਜਥੇਦਾਰ ਨੇ ਕਿਹਾ ਕਿ ਸਿੱਖ ਵਿਰੋਧੀ ਡੇਰੇ ਸਾਨੂੰ ਵੰਡਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਰੋਕਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ।

ਮੌੜ ਬੰਬ ਧਮਾਕੇ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ, ਸਿਰਸੇ ਵਾਲੇ ਸਾਧ ਦੇ ਡੇਰੇ ਵਿੱਚ ਜਿਹੜਾ ਵਾਹਨ ਤਿਆਰ ਹੋਇਆ ਸੀ, ਉਸਨੇ ਬੰਧ ਧਮਾਕਾ ਕੀਤਾ ਸੀ। ਭਾਵੇਂ ਕਿ ਮੌੜ ਬੰਬ ਧਮਾਕੇ ਨੂੰ ਕਾਗ਼ਜ਼ਾਂ ਵਿੱਚ ਅੱਤਵਾਦੀ ਹਮਲਾ ਦੱਸਿਆ ਗਿਆ ਹੈ, ਪਰ ਇਸ ਦਾ ਇਨਸਾਫ਼ ਹੁਣ ਤੱਕ ਨਹੀਂ ਮਿਲਿਆ।

ਜਥੇਦਾਰ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੀਆਂ ਚੋਣਾਂ ਵੇਲੇ ਕੀਤਾ ਸੀ, ਜਿਹੜਾ ਕਿ ਕਰੀਬ 6 ਸਾਲਾਂ ਤੋਂ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਪ੍ਰਾਪਤੀ ਕਰਨੀ ਹੋਵੇ ਤਾਂ, ਏਕਤਾ ਜ਼ਰੂਰੀ ਹੁੰਦੀ ਹੈ, ਸਾਡੀ ਏਕਤਾ ਨਾ ਹੋਣ ਦੇ ਕਾਰਨ ਅੱਜ ਦਿੱਲੀ ਸਾਨੂੰ ਦਾਬੇ ਮਾਰ ਰਹੀ ਹੈ।

 

Leave a Reply

Your email address will not be published. Required fields are marked *