ਮਿਹਨਤ, ਨਿਸ਼ਠਾ ਅਤੇ ਸਮਰਪਣ ਨੇ ਬਣਾਇਆ ਕੌਮੀ ਤੇ ਅੰਤਰਰਾਸ਼ਟਰੀ ਪਛਾਣ ਦਾ ਰਾਹ
ਮਿਹਨਤ, ਨਿਸ਼ਠਾ ਅਤੇ ਸਮਰਪਣ ਨੇ ਬਣਾਇਆ ਕੌਮੀ ਤੇ ਅੰਤਰਰਾਸ਼ਟਰੀ ਪਛਾਣ ਦਾ ਰਾਹ
ਅਧਿਆਪਕ ਜਸਵਿੰਦਰ ਪਾਲ ਸਿੰਘ ਦੀ ਉਪਲਬਧੀ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ
ਫ਼ਿਰੋਜ਼ਪੁਰ, 25 ਜਨਵਰੀ 2026 –
ਇਹ ਕਹਾਵਤ ਬਿਲਕੁਲ ਸੱਚ ਸਾਬਤ ਹੁੰਦੀ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਡਿਊਟੀ ਨੂੰ ਸਿਰਫ਼ ਨੌਕਰੀ ਨਾ ਸਮਝ ਕੇ ਦਿਲੋਂ ਸ਼ਿੱਦਤ, ਇਮਾਨਦਾਰੀ ਅਤੇ ਪੂਰੇ ਸਮਰਪਣ ਨਾਲ ਨਿਭਾਉਂਦਾ ਹੈ ਤਾਂ ਉਸ ਦੀ ਮਿਹਨਤ ਇਕ ਦਿਨ ਮਿਸਾਲ ਬਣ ਜਾਂਦੀ ਹੈ। ਇਸ ਗੱਲ ਨੂੰ ਅਮਲ ਵਿੱਚ ਸਾਬਤ ਕਰਕੇ ਦਿਖਾਇਆ ਹੈ ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ, ਬਲਾਕ ਘੱਲ ਖੁਰਦ ਦੇ ਮਿਹਨਤੀ, ਦੂਰਦਰਸ਼ੀ ਅਤੇ ਸਮਰਪਿਤ ਅਧਿਆਪਕ ਜਸਵਿੰਦਰਪਾਲ ਸਿੰਘ ਜੀ ਨੇ, ਜਿਨ੍ਹਾਂ ਨੇ ਆਪਣੀ ਲਗਾਤਾਰ ਮਿਹਨਤ ਅਤੇ ਸੇਵਾ ਭਾਵ ਨਾਲ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕੀਤਾ ਹੈ।
ਜਸਵਿੰਦਰ ਪਾਲ ਸਿੰਘ ਜੀ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਨੈਸ਼ਨਲ ਪੱਧਰ ਦੀ ਵਾਈਐਲਏਸੀਸੀ ਟ੍ਰੇਨਿੰਗ ਪ੍ਰਾਪਤ ਕੀਤੀ ਸੀ, ਜਿਸ ਦਾ ਮੁੱਖ ਉਦੇਸ਼ ਟ੍ਰੇਨਿੰਗ ਦੌਰਾਨ ਮਿਲੀ ਜਾਣਕਾਰੀ, ਨੇਤ੍ਰਤਵ ਗੁਣਾਂ, ਸਮਾਜਿਕ ਜਾਗਰੂਕਤਾ ਅਤੇ ਐਡਵੈਂਚਰ ਅਧਾਰਿਤ ਗਤੀਵਿਧੀਆਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਨੂੰ ਨੈਸ਼ਨਲ ਪੋਰਟਲ ‘ਤੇ ਆਨਲਾਈਨ ਰਜਿਸਟਰ ਕਰਵਾਉਣਾ ਸੀ। ਉਨ੍ਹਾਂ ਨੇ ਇਸ ਟ੍ਰੇਨਿੰਗ ਨੂੰ ਸਿਰਫ਼ ਕਾਗਜ਼ੀ ਕਾਰਵਾਈ ਤੱਕ ਸੀਮਤ ਨਾ ਰੱਖਦਿਆਂ, ਬਲਕਿ ਜ਼ਮੀਨੀ ਪੱਧਰ ‘ਤੇ ਪੂਰੀ ਤਨਦੇਹੀ ਨਾਲ ਲਾਗੂ ਕੀਤਾ। ਬੱਚਿਆਂ ਨਾਲ ਲਗਾਤਾਰ ਸੰਪਰਕ ਬਣਾਇਆ, ਉਨ੍ਹਾਂ ਨੂੰ ਪ੍ਰੇਰਿਤ ਕੀਤਾ, ਨੇਤ੍ਰਤਵ, ਅਨੁਸ਼ਾਸਨ ਅਤੇ ਟੀਮ ਵਰਕ ਦੇ ਗੁਣ ਸਿਖਾਏ ਅਤੇ ਆਨਲਾਈਨ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਮਾਰਗਦਰਸ਼ਨ ਦਿੱਤਾ।
ਇਸ ਅਥਾਹ ਮਿਹਨਤ ਦਾ ਨਤੀਜਾ ਇਹ ਨਿਕਲਿਆ ਕਿ ਵਾਈਐਲਏਸੀਸੀ ਟ੍ਰੇਨਿੰਗ ਹੇਠ ਕੁੱਲ 1289 ਵਿਦਿਆਰਥੀਆਂ ਨੂੰ ਸਫ਼ਲਤਾਪੂਰਵਕ ਟ੍ਰੇਨਿੰਗ ਦਿੱਤੀ ਗਈ, ਜਿਨ੍ਹਾਂ ਵਿੱਚ 531 ਲੜਕੀਆਂ ਅਤੇ 758 ਲੜਕੇ ਸ਼ਾਮਲ ਹਨ। ਇਹ ਅੰਕੜੇ ਲਿੰਗ ਸਮਾਨਤਾ, ਵਿਦਿਆਰਥੀਆਂ ਦੀ ਵਿਆਪਕ ਭਾਗੀਦਾਰੀ ਅਤੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਗੁਣਵੱਤਾ ਭਰੀ ਸਿੱਖਿਆ ਦਾ ਸਪਸ਼ਟ ਪ੍ਰਮਾਣ ਹਨ।
ਵਿਦਿਆਰਥੀਆਂ ਦੀ ਸਰਗਰਮ ਹਿੱਸੇਦਾਰੀ, ਆਨਲਾਈਨ ਦਰਜਗੀਰੀ ਅਤੇ ਟ੍ਰੇਨਿੰਗ ਦੇ ਪ੍ਰਭਾਵਸ਼ਾਲੀ ਨਤੀਜਿਆਂ ਨੂੰ ਧਿਆਨ ਵਿੱਚ ਰੱਖਦਿਆਂ, ਨੈਸ਼ਨਲ ਪੱਧਰ ਵੱਲੋਂ ਅਧਿਆਪਕ ਜਸਵਿੰਦਰ ਪਾਲ ਸਿੰਘ ਜੀ ਨੂੰ ਇੰਟਰਨੈਸ਼ਨਲ ਐਡਵੈਂਚਰ ਪ੍ਰੋਗਰਾਮ ਪਚਮੜੀ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ਅੰਤਰਰਾਸ਼ਟਰੀ ਪ੍ਰੋਗਰਾਮ ਵਿੱਚ ਦੁਨੀਆ ਦੇ 10 ਦੇਸ਼ਾਂ ਦੇ ਪ੍ਰਤੀਨਿਧੀ ਭਾਗ ਲੈ ਰਹੇ ਹਨ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਅਨੁਭਵ, ਸਿੱਖਿਆਕ ਮਾਡਲ ਅਤੇ ਐਡਵੈਂਚਰ ਗਤੀਵਿਧੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਪੂਰੇ ਭਾਰਤ ਵਿੱਚੋਂ ਕੇਵਲ 41 ਅਧਿਆਪਕਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਪੰਜਾਬ ਰਾਜ ਦੀ ਨੁਮਾਇੰਦਗੀ ਲਈ ਸਿਰਫ਼ ਇੱਕ ਅਧਿਆਪਕ ਜਸਵਿੰਦਰ ਪਾਲ ਸਿੰਘ ਨੂੰ ਚੁਣਿਆ ਗਿਆ ਹੈ ਜੋ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਪੰਜਾਬ ਲਈ ਮਾਣ ਦੀ ਗੱਲ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸੁਨੀਤਾ ਰਾਣੀ ਨੇ ਕਿਹਾ ਕਿ ਜਸਵਿੰਦਰ ਪਾਲ ਸਿੰਘ ਵਰਗੇ ਅਧਿਆਪਕ ਸਿੱਖਿਆ ਵਿਭਾਗ ਦੀ ਅਸਲ ਤਾਕਤ ਹਨ, ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਕੋਮਲ ਅਰੋੜਾ ਨੇ ਉਨ੍ਹਾਂ ਦੀ ਯੋਜਨਾਬੱਧ ਕਾਰਗੁਜ਼ਾਰੀ ਅਤੇ ਨਤੀਜਾ-ਮੁੱਖੀ ਸੋਚ ਦੀ ਸ਼ਲਾਘਾ ਕੀਤੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਘੱਲ ਖੁਰਦ ਅੰਮ੍ਰਿਤਪਾਲ ਸਿੰਘ ਬਰਾੜ ਨੇ ਉਨ੍ਹਾਂ ਨੂੰ ਪੂਰੇ ਜ਼ਿਲ੍ਹੇ ਲਈ ਪ੍ਰੇਰਣਾ ਸਰੋਤ ਦੱਸਿਆ। ਇਸ ਮੌਕੇ ਸਹਿਕਰਮੀ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਜਨਤਾ ਵੱਲੋਂ ਵੀ ਜਸਵਿੰਦਰ ਪਾਲ ਸਿੰਘ ਜੀ ਨੂੰ ਦਿਲੋਂ ਵਧਾਈਆਂ ਅਤੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਮੇਹਰ ਸਿੰਘ ਹੈੱਡ ਟੀਚਰ ਫਿੱਡੇ, ਚਰਨਜੀਤ ਸਿੰਘ ਹੈੱਡ ਟੀਚਰ ਕੱਬਰਵੱਛਾ, ਹਰਮੰਦਰ ਸਿੰਘ ਸੀਐਚਟੀ , ਸਮਸ਼ੇਰ ਸਿੰਘ ਸੀਐਚਟੀ, ਬਿਬੇਕਾਨੰਦ ਸੀਐਚਟੀ, ਗੁਰਜੰਟ ਸਿੰਘ ਐੱਚਟੀ,ਮਹਿੰਦਰ ਪਾਲ ਚੌਹਾਨ, ਭਾਰਤ ਭੂਸ਼ਣ, ਹਰਵਿੰਦਰ ਸਿੰਘ,ਸੁਨੀਲ ਕੁਮਾਰ ਐਚਟੀ, ਸੁਭਾਸ਼ ਸਿੰਘ ਐਚਟੀ, ਹਰਵਿੰਦਰ ਸਿੰਘ, ਨਿਸ਼ਾਨ ਸਿੰਘ, ਸੁਖਵੀਰ ਸਿੰਘ ਆਦਿ ਹਾਜ਼ਰ ਸਨ।

