ਪੰਜਾਬ ‘ਚ ਵੱਡੀ ਵਾਰਦਾਤ; ਸਿਆਸੀ ਲੀਡਰ ‘ਤੇ ਅੰਨ੍ਹੇਵਾਹ ਫਾਈਰਿੰਗ
ਪੰਜਾਬ ‘ਚ ਵੱਡੀ ਵਾਰਦਾਤ; ਸਿਆਸੀ ਲੀਡਰ ਤੇ ਅੰਨ੍ਹੇਵਾਹ ਫਾਈਰਿੰਗ
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ‘ਤੇ ਫਾਇਰਿੰਗ, ਵਾਲ-ਵਾਲ ਬਚੀ ਜਾਨ
Media PBN
ਖੰਨਾ/ਦੋਰਾਹਾ, 25 ਜਨਵਰੀ 2026: ਪੰਜਾਬ ਦੇ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ, ਖੰਨਾ ਦੇ ਦੋਰਾਹਾ ਏਰੀਏ ਵਿੱਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ‘ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਇਨੋਵਾ ਗੱਡੀ ‘ਤੇ ਫਾਇਰਿੰਗ ਕਰ ਦਿੱਤੀ। ਖ਼ੁਸ਼ਕਿਸਮਤੀ ਰਹੀ ਕਿ ਇਸ ਹਮਲੇ ਵਿੱਚ ਜਸਵੰਤ ਸਿੰਘ ਚੀਮਾ ਸੁਰੱਖਿਅਤ ਹਨ, ਪਰ ਗੋਲੀ ਗੱਡੀ ਦੀ ਖਿੜਕੀ ਵਿੱਚ ਜਾ ਲੱਗੀ।
ਦੱਸਿਆ ਜਾ ਰਿਹਾ ਹੈ ਕਿ ਜਸਵੰਤ ਸਿੰਘ ਚੀਮਾ ਆਪਣੀ ਇਨੋਵਾ ਗੱਡੀ ਵਿੱਚ ਲੁਧਿਆਣਾ ਤੋਂ ਦੋਰਾਹਾ ਵੱਲ ਆ ਰਹੇ ਸਨ। ਜਦੋਂ ਉਹ ਦੋਰਾਹਾ ਦੇ ਗੁਰਥਲੀ ਪੁਲ ਦੇ ਕੋਲ ਪਹੁੰਚੇ, ਤਾਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਚੀਮਾ ਨੂੰ ਸ਼ੱਕ ਹੋਇਆ ਕਿ ਗੱਡੀ ਰੋਕਣ ਵਾਲੇ ਕੋਈ ਸ਼ਰਾਰਤੀ ਅਨਸਰ ਜਾਂ ਗਲਤ ਬੰਦੇ ਹੋ ਸਕਦੇ ਹਨ। ਇਸੇ ਖ਼ਦਸ਼ੇ ਦੇ ਚੱਲਦਿਆਂ ਉਨ੍ਹਾਂ ਨੇ ਗੱਡੀ ਰੋਕਣ ਦੀ ਬਜਾਏ ਰਫ਼ਤਾਰ ਵਧਾ ਦਿੱਤੀ। ਇਸ ਦੌਰਾਨ ਪਿੱਛਾ ਕਰ ਰਹੇ ਹਮਲਾਵਰਾਂ ਨੇ ਉਨ੍ਹਾਂ ‘ਤੇ ਫਾਇਰ ਕਰ ਦਿੱਤਾ, ਜੋ ਸਿੱਧਾ ਗੱਡੀ ਦੀ ਖਿੜਕੀ ਵਿੱਚ ਲੱਗਿਆ।
ਹਮਲੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।

