ਆਂਗਣਵਾੜੀ ਵਰਕਰ ਅਤੇ ਹੈਲਪਰ ਦੀ ਭਰਤੀ ‘ਚ ਘਪਲਾ? ਸਰਵ ਯੂਨੀਅਨ ਨੇ ਕੀਤਾ ਵੱਡਾ ਖੁਲਾਸਾ, ਕਿਹਾ- ਸਰਕਾਰ ਤਾਂ ਮਾਣ-ਭੱਤਾ ਦੁੱਗਣਾ ਕਰਨ ਦਾ ਵਾਅਦਾ ਕਰਕੇ ਵੀ ਭੱਜੀ!
ਆਂਗਣਵਾੜੀ ਵਰਕਰ ਅਤੇ ਹੈਲਪਰ ਦੀ ਭਰਤੀ ‘ਚ ਘਪਲਾ? ਸਰਵ ਯੂਨੀਅਨ ਨੇ ਕੀਤਾ ਵੱਡਾ ਖੁਲਾਸਾ, ਕਿਹਾ- ਸਰਕਾਰ ਤਾਂ ਮਾਣ-ਭੱਤਾ ਦੁੱਗਣਾ ਕਰਨ ਦਾ ਵਾਅਦਾ ਕਰਕੇ ਵੀ ਭੱਜੀ!
ਚੰਡੀਗੜ੍ਹ, 30 ਜਨਵਰੀ 2026 –
ਅੱਜ ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਦੀ ਅਗਵਾਈ ਹੇਠ ਮਾਲਵਾ ਬੈਲਟ ਦੀ ਮੀਟਿੰਗ ਬਠਿੰਡਾ ਦੇ ਟੀਚਰ ਹੋਮ ਵਿੱਚ ਕੀਤੀ ਗਈ। ਜਿਸ ਵਿੱਚ ਮਾਲਵਾ ਬੈਲਟ ਦੇ ਸਰਕਲ ਪ੍ਰਧਾਨ ਤੇ ਬਲਾਕ ਪ੍ਰਧਾਨਾਂ ਨੂੰ ਬੁਲਾਇਆ ਗਿਆ। ਮੀਟਿੰਗ ਨੂੰ ਸੰਬੋਧਿਤ ਕਰਦਿਆਂ ਹੋਇਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ 2026 ਸਰਕਾਰ ਦਾ ਕਾਰਜਕਾਲ ਪੂਰਾ ਹੋਣ ਦਾ ਆਖਰੀ ਸਾਲ ਹੈ ਅਤੇ ਸਰਕਾਰ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲੋਂ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਸਰਕਾਰ ਮੁੱਕਰਦੀ ਨਜ਼ਰ ਆ ਰਹੀ ਹੈ ਅਤੇ ਹੁਣ ਸਮਾਂ ਹੈ ਕਮਰਕੱਸੇ ਕਰਨ ਦਾ, ਸੋ ਮਾਣਭੱਤਾ ਦੁੱਗਣਾ ਕਰਾਉਣ ਵਾਸਤੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਕੀਤੀ ਜਾਵੇਗੀ। ਸਾਰਿਆਂ ਨੂੰ ਇਸ ਸਬੰਧੀ ਤਿਆਰ ਰਹਿਣ ਬਾਰੇ ਕਿਹਾ ਗਿਆ। ਮੀਟਿੰਗ ਦੌਰਾਨ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਗਿਆ ਅਤੇ ਜਥੇਬੰਦੀ ਦੇ ਸ਼ਨਾਖਤੀ ਕਾਰਡ ਵਰਕਰ ਅਤੇ ਹੈਲਪਰ ਨੂੰ ਦਿੱਤੇ ਗਏ। ਮੁੱਖ ਮੁੱਦਿਆਂ ਉੱਤੇ ਚਰਚਾ ਕੀਤੀ ਗਈ ਜਿਸ ਵਿੱਚ ਆਂਗਣਵਾੜੀ ਵਰਕਰ ਅਤੇ ਹੈਲਪਰ ਦੀ ਭਰਤੀ ਵਿੱਚ ਪੰਜ ਨੰਬਰ ਦੀ ਇੰਟਰਵਿਊ ਰੱਖੀ ਗਈ ਹੈ। ਜਿਸ ਨੂੰ ਘਪਲਾ ਦੱਸਦਿਆਂ ਹੋਇਆਂ ਕਿਹਾ ਗਿਆ ਕਿ ਇਹ ਪਾਰਦਰਸ਼ਤਾ ਦੀ ਮੈਰਿਟ ਬਾਰੇ ਗੱਲ ਕਰਨ ਵਾਲੀ ਸਰਕਾਰ ਨੇ ਘਪਲੇਬਾਜ਼ੀ ਕਰਨ ਵਾਸਤੇ ਪੰਜ ਨੰਬਰ ਇੰਟਰਵਿਊ ਦੇ ਰੱਖੇ ਹੋਏ ਹਨ।
ਇਸ ਵਿੱਚ ਪੂਰੀ ਰਿਸ਼ਵਤਖੋਰੀ ਚੱਲ ਕੇ ਮੈਰਿਟ ਤਿਆਰ ਹੋਵੇਗੀ। ਸੋ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਸਰਕਾਰ ਵੱਲੋਂ ਇਸ ਵਿੱਚ ਬਦਲਾਵ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਨਿਰੋਲ ਮੈਰਿਟ ਤਿਆਰ ਹੋ ਸਕੇ। ਨਾਲ ਹੀ ਸੁਪਰਵਾਈਜ਼ਰ ਦੀ ਭਰਤੀ ਵਿੱਚ ਦੋਵੇਂ ਕੈਟਾਗਰੀ ਦਸਵੀਂ ਅਤੇ ਗ੍ਰੈਜੂਏਸ਼ਨ ਵਿੱਚ ਸੀਟਾਂ ਦੀ ਵੰਡ ਬਰਾਬਰ ਨਾ ਹੋਣ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ।
ਦਸਵੀਂ ਕੈਟੇਗਰੀ ਲਈ 60 ਪ੍ਰਤੀਸ਼ਤ ਅਤੇ ਗ੍ਰੈਜੂਏਸ਼ਨ ਲਈ 40 ਪ੍ਰਤੀਸ਼ਤ ਸੀਟਾਂ ਦੀ ਵੰਡ ਕੀਤੀ ਗਈ ਹੈ ਜੋ ਕਿ ਇੱਕ ਵਰਗ ਨਾਲ ਬੇਇਨਸਾਫ਼ੀ ਹੋਵੇਗੀ। ਇਸ ਵਿੱਚ ਬਰਾਬਰ ਪੋਸਟਾਂ ਦੀ ਵੰਡ ਕਰਕੇ ਵਿੱਦਿਅਕ ਯੋਗਤਾ ਨੂੰ ਵਿਚਾਰਿਆ ਜਾਵੇ। ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ ਜਿਵੇਂ 2018 ਵਿੱਚ ਆਂਗਣਵਾੜੀ ਸੈਂਟਰਾਂ ਵਿੱਚੋਂ ਬੱਚੇ ਖੋਏ ਗਏ ਸਨ ਉਹਨਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ ਗਈ। ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ।
ਮਾਣ ਭੱਤਾ ਦੁੱਗਣਾ ਕੀਤਾ ਜਾਵੇ। ਜੇਕਰ ਸਰਕਾਰ ਨੇ ਉਪਰੋਕਤ ਮਸਲਿਆਂ ਉੱਪਰ ਆਪਣਾ ਯੋਗ ਫੈਸਲਾ ਨਾ ਦਿੱਤਾ ਤਾਂ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਜਥੇਬੰਦੀ ਹਮੇਸ਼ਾ ਤਿਆਰ ਰਹੇਗੀ ਅਤੇ ਵਿਸ਼ਾਲ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਹੋਵੇਗੀ। ਮੀਟਿੰਗ ਵਿੱਚ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਤੋਂ ਇਲਾਵਾ ਜਨਰਲ ਸਕੱਤਰ ਹਰਪ੍ਰੀਤ ਕੌਰ ਕਾਹਲੋਂ, ਹਰਪ੍ਰੀਤ ਕੌਰ ਕੰਬੋ ਕੈਸ਼ੀਅਰ, ਮੀਤ ਪ੍ਰਧਾਨ ਸਤਵਿੰਦਰ ਕੌਰ ਮੁਕਤਸਰ ਸਾਹਿਬ ਹਾਜ਼ਰ ਹੋਏ। ਇਸ ਤੋਂ ਇਲਾਵਾ ਵੱਖ-ਵੱਖ ਜਿਲ੍ਹਿਆਂ ਵਿੱਚੋਂ ਬਲਾਕ ਪ੍ਰਧਾਨ ਅਤੇ ਸਰਕਲ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ।

