ਵੱਡੀ ਖਬਰ: ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰ ਨੇ ਛੱਡੀ ਪਾਰਟੀ, ਦਿੱਤਾ ਅਸਤੀਫ਼ਾ
ਵੱਡੀ ਖਬਰ: ਕਾਂਗਰਸ ਦੀ ਸੀਨੀਅਰ ਲੀਡਰ ਨੇ ਛੱਡੀ ਪਾਰਟੀ, ਦਿੱਤਾ ਅਸਤੀਫ਼ਾ
ਚੰਡੀਗੜ੍ਹ 31 ਜਨਵਰੀ 2026
ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹਨਾਂ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਹੋਇਆਂ ਜਿੱਥੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਗੰਭੀਰ ਇਲਜ਼ਾਮ ਲਾਏ ਹਨ, ਉੱਥੇ ਹੀ ਦੂਜੇ ਪਾਸੇ ਕਈ ਕਾਂਗਰਸੀਆਂ ਦਾ ਵੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ, ਜਿਨਾਂ ਦੇ ਵਿਰੁੱਧ ਰਾਜਾ ਵੜਿੰਗ ਨੇ ਕਾਰਵਾਈ ਨਹੀਂ ਕੀਤੀ।
ਨਵਜੋਤ ਕੌਰ ਸਿੱਧੂ ਨੇ ਆਪਣੇ ਟਵੀਟ ਵਿੱਚ ਰਾਜਾ ਵੜਿੰਗ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ, ਉਹ ਹੁਣ ਤੱਕ ਦੇ ਸਭ ਤੋਂ ਭਿਆਨਕ ਅਤੇ ਅਸਮਰਥ ਪ੍ਰਧਾਨ ਹਨ, ਜਿਨਾਂ ਨੇ ਕਾਂਗਰਸ ਪਾਰਟੀ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ (ਰਾਜਾ ਵੜਿੰਗ) ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲ ਕੇ ਆਪਣੇ ਆਪ ਨੂੰ ਜੇਲ੍ਹ ਤੋਂ ਬਚਾਇਆ ਹੈ।
ਨਵਜੋਤ ਕੌਰ ਸਿੱਧੂ ਨੇ ਅੱਗੇ ਲਿਖਿਆ ਕਿ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਕੇ ਛੋਟੇ ਮੋਟੇ ਲਾਭਾਂ ਲਈ ਕਾਂਗਰਸ ਪਾਰਟੀ ਨੂੰ ਵੇਚ ਦਿੱਤਾ ਹੈ। ਉਹਨਾਂ ਅੱਗੇ ਲਿਖਿਆ ਕਿ ਮੇਰੇ ਖਿਲਾਫ ਤਾਂ ਤੁਸੀਂ (ਵੜਿੰਗ) ਤੁਰੰਤ ਕਾਰਵਾਈ ਕਰ ਦਿੱਤੀ, ਪਰ ਪੰਜਾਬ ਦੇ ਅੰਦਰ ਕਈ ਹੋਰ ਅਜਿਹੇ ਕਾਂਗਰਸੀ ਨੇਤਾ ਹਨ, ਜੋ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਨੇ, ਪਰ ਉਹਨਾਂ ਦੇ ਵਿਰੁੱਧ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਅੱਗੇ ਲਿਖਿਆ ਕਿ ਤੁਸੀਂ ਮੈਨੂੰ ਹਰਾਉਣ ਵਾਸਤੇ ਬਹੁਤ ਸਾਰੇ ਢੰਗ ਤਰੀਕੇ ਵਰਤੇ, ਮੇਰੇ ਕੋਲ ਤੁਹਾਨੂੰ ਤਬਾਹ ਕਰਨ ਲਈ ਕਾਫੀ ਸਬੂਤ ਹਨ, ਪਰ ਮੈਨੂੰ ਕੋਈ ਦਿਲਚਸਪੀ ਨਹੀਂ, ਮੈਂ ਹੁਣ ਕਾਂਗਰਸ ਛੱਡ ਦਿੱਤੀ ਹੈ। ਉਹਨਾਂ ਲਿਖਿਆ ਕਿ ਜਿੱਥੇ ਕੋਈ ਨੇਤਾ ਵਾਅਦਾ ਕਰਨ ਵਾਲਾ ਅਤੇ ਉਸ ਵਾਅਦੇ ਨੂੰ ਪੂਰਾ ਕਰਨ ਵਾਲਾ ਨਹੀਂ ਹੋਵੇਗਾ, ਉਥੇ ਮੇਰਾ ਕੀ ਕੰਮ?
ਨਵਜੋਤ ਕੌਰ ਸਿੱਧੂ ਨੇ ਲਿਖਿਆ ਕਿ ਆਸ਼ੂ, ਚੰਨੀ, ਭੱਠਲ ਅਤੇ ਗਾਂਧੀ ਵਰਗੇ ਲੀਡਰਾਂ ਨੇ ਪਾਰਟੀ ਅੰਦਰ ਖੁੱਲ ਕੇ ਬਗਾਵਤ ਕੀਤੀ ਅਤੇ ਤੁਹਾਡੀਆਂ ਤਾਨਾਸ਼ਾਹੀਆਂ ਦੇ ਖਿਲਾਫ ਬੋਲਿਆ, ਪਰ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ, ਤੁਸੀਂ ਸਿਰਫ ਮੇਰੇ ਖਿਲਾਫ ਹੀ ਕਾਰਵਾਈ ਕੀਤੀ। ਉਹਨਾਂ ਨੇ ਕਿਹਾ ਕਿ ਤੁਹਾਡੀ ਇੱਕ ਰੀਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਤੁਹਾਨੂੰ ਪਹਾੜਾ ਹੀ ਨਹੀਂ ਆਉਂਦਾ।
ਨਵਜੋਤ ਕੌਰ ਸਿੱਧੂ ਨੇ ਅੱਗੇ ਲਿਖਿਆ ਕਿ, ਨਵਜੋਤ ਨੂੰ ਪਿਆਰ ਕਰਨ ਵਾਲੇ ਕਾਂਗਰਸੀਆਂ ਦਾ ਤੁਸੀਂ ਨਿਰਾਦਰ ਕਰਨਾ ਬੰਦ ਕਰੋ, ਤੁਸੀਂ ਪਾਰਟੀ ਨੂੰ ਜਿੱਤਣ ਦੀ ਬਜਾਏ, ਇਸ ਨੂੰ ਤਬਾਹ ਕਰਨ ਵੱਲ ਤੁਰੇ ਹੋਏ ਹੋ। ਰਾਜਾ ਵੜਿੰਗ ਨੂੰ ਨਵਜੋਤ ਕੌਰ ਸਿੱਧੂ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ, ਤੁਸੀਂ ਪਾਰਟੀ ਪ੍ਰਤੀ ਇਮਾਨਦਾਰ ਹੋਣ ਦੀ ਬਜਾਏ, ਤੁਸੀਂ ਪਾਰਟੀ ਨੂੰ ਨੁਕਸਾਨ ਪਹੁੰਚਾਉਣ ‘ਤੇ ਲੱਗੇ ਹੋਏ ਹੋ, ਇਹ ਉਹੀ ਪਾਰਟੀ ਹੈ, ਜਿਸ ਨੂੰ ਤੁਸੀਂ ਮਾਂ ਪਾਰਟੀ ਆਖਦੇ ਹੋ।
ਦੇਖਣਾ ਹੁਣ ਇਹ ਹੋਵੇਗਾ ਕਿ ਨਵਜੋਤ ਕੌਰ ਸਿੱਧੂ ਕਿਹੜੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਹਨ? ਦੱਸ ਦੇਈਏ ਕਿ 1 ਫਰਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਹਨ, ਉਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿਣਾ, ਇੱਥੇ ਕਈ ਸੰਕੇਤ ਲਗਾਏ ਜਾ ਰਹੇ ਹਨ ਕਿ ਨਵਜੋਤ ਕੌਰ ਸਿੱਧੂ ਭਾਜਪਾ ਵਿੱਚ ਸ਼ਾਮਿਲ ਹੋ ਸਕਦੀ ਹੈ।

