All Latest NewsPunjab News

ਸ਼ਹੀਦ ਕਿਰਨਜੀਤ ਕੌਰ ਦੀ ਸ਼ਹਾਦਤ! ਪੂਰੇ ਪੰਜਾਬ ‘ਚੋਂ ਕਾਫਲੇ ਹੁੰਮ ਹੁੰਮਾ ਕੇ ਪਹੁੰਚਣਗੇ ਮਹਿਲ ਕਲਾਂ: ਮਨਜੀਤ ਧਨੇਰ

 

ਸ਼ਹੀਦ ਬੀਬੀ ਕਿਰਨਜੀਤ ਕੌਰ ਦੀ ਸ਼ਹਾਦਤ, ਜ਼ੁਲਮ ਖਿਲਾਫ ਲੜਨ ਲਈ ਪ੍ਰੇਰਨਾ ਸਰੋਤ: ਹਰਨੇਕ ਮਹਿਮਾ

ਮੀਟਿੰਗਾਂ ਰੈਲੀਆਂ ਅਤੇ ਪੋਸਟਰਾਂ ਦੀ ਮੁਹਿੰਮ ਪਹੁੰਚੀ ਸਿਖਰਾਂ ਤੇ: ਗੁਰਦੀਪ ਰਾਮਪੁਰਾ

ਦਲਜੀਤ ਕੌਰ, ਬਰਨਾਲਾ

ਬਰਨਾਲਾ ਜ਼ਿਲੇ ਦੇ ਪਿੰਡ ਮਹਿਲ ਕਲਾਂ ਵਿਖੇ ਸ਼ਹੀਦ ਬੀਬੀ ਕਿਰਨਜੀਤ ਕੌਰ ਯਾਦਗਾਰੀ ਕਮੇਟੀ ਵੱਲੋਂ 27ਵਾਂ ਯਾਦਗਾਰੀ ਸਮਾਗਮ 12 ਅਗਸਤ ਨੂੰ ਦਾਣਾ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਔਰਤਾਂ ਅਤੇ ਮਰਦਾਂ ਦੇ ਕਾਫਲੇ ਸਾਰੇ ਪੰਜਾਬ ਵਿੱਚੋਂ ਹੁੰਮ ਹੁੰਮਾ ਕੇ ਪਹੁੰਚਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਲੁਧਿਆਣਾ, ਮਲੇਰ ਕੋਟਲਾ, ਕਪੂਰਥਲਾ, ਜਲੰਧਰ ਅਤੇ ਮੋਹਾਲੀ ਵਿਖੇ ਦਰਜਨਾਂ ਪਿੰਡਾਂ ਵਿੱਚ ਮੀਟਿੰਗਾਂ ਕਰਵਾ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਦੀ ਤਿਆਰੀ ਕੀਤੀ ਗਈ ਹੈ।

ਇਹਨਾਂ ਸਾਰੇ ਜ਼ਿਲਿਆਂ ਵਿੱਚੋਂ ਜਥੇਬੰਦੀ ਦੇ ਕਾਫਲੇ 12 ਅਗਸਤ ਨੂੰ ਮਹਿਲ ਕਲਾਂ ਪਹੁੰਚਣਗੇ। ਔਰਤਾਂ ਦੀ ਮੁਕਤੀ ਲਈ ‘ਜ਼ੁਲਮ ਦਾ ਟਾਕਰਾ ਸੰਘਰਸ਼ ਰਾਹੀਂ’ ਕਰਨ ਦੇ ਨਾਅਰੇ ਤਹਿਤ ਕਰਵਾਏ ਜਾ ਰਹੇ ਇਸ ਯਾਦਗਾਰੀ ਸਮਾਗਮ ਨੂੰ ਨਿਊਜ਼ ਕਲਿੱਕ ਦੀ ਸੀਨੀਅਰ ਪੱਤਰਕਾਰ ਭਾਸ਼ਾ ਸਿੰਘ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਅਤੇ ਹੁਣ ਮਜ਼ਦੂਰ ਆਗੂ ਸਰੇਆ ਘੋਸ਼ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ।

ਸੂਬਾ ਕਮੇਟੀ ਨੇ ਕਿਹਾ ਕਿ ਕਿਸਾਨ ਮਜ਼ਦੂਰ ਔਰਤਾਂ ਦੀ ਮੁਕਤੀ, ਇਕੱਠੇ ਹੋ ਕੇ ਜਬਰ ਦੇ ਖਿਲਾਫ ਸੰਘਰਸ਼ ਲੜਨ ਨਾਲ ਹੀ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਔਰਤਾਂ ਜਿੱਥੇ ਮਰਦਾਂ ਦੇ ਨਾਲ ਹੀ ਇਸ ਸਾਮਰਾਜੀ ਪ੍ਰਬੰਧ ਦੀਆਂ ਸ਼ਿਕਾਰ ਹਨ, ਉੱਥੇ ਨਾਲ ਹੀ ਮਰਦ ਪ੍ਰਧਾਨ ਸਮਾਜ ਦਾ ਦਾਬਾ ਵੀ ਉਹਨਾਂ ਨੂੰ ਸਹਿਣਾ ਪੈਂਦਾ ਹੈ।

ਇਸ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਔਰਤ ਕਾਰਕੁਨਾਂ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣਗੀਆਂ ਤਾਂ ਕਿ ਉਹ ਲੁੱਟ ਖਸੁੱਟ ਅਤੇ ਜਬਰ ਤੇ ਆਧਾਰਤ ਇਸ ਸਮਾਜਿਕ ਪ੍ਰਬੰਧ ਨੂੰ ਬਦਲ ਕੇ ਔਰਤਾਂ ਦੀ ਮੁਕਤੀ ਲਈ ਜੂਝਣ ਦਾ ਸਹੀ ਰਸਤਾ ਸਮਝ ਕੇ ਲਾਗੂ ਕਰ ਸਕਣ ਅਤੇ ਕਿਸਾਨਾਂ ਦੇ ਘੋਲਾਂ ਵਿੱਚ ਹੋਰ ਵੱਧ ਉਤਸ਼ਾਹ ਨਾਲ ਸ਼ਾਮਿਲ ਹੋਣ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਜਿੱਥੇ ਇਸ ਪ੍ਰੋਗਰਾਮ ਦੀ ਤਿਆਰੀ ਲਈ ਸੂਬਾ ਆਗੂ ਵਿਸ਼ੇਸ਼ ਯਤਨ ਕਰ ਰਹੇ ਹਨ, ਉੱਥੇ ਜ਼ਿਲਿਆਂ, ਬਲਾਕਾਂ ਅਤੇ ਪਿੰਡਾਂ ਦੀਆਂ ਆਗੂ ਟੀਮਾਂ ਵੀ ਪੂਰੀ ਸਰਗਰਮੀ ਨਾਲ ਡਟੀਆਂ ਹੋਈਆਂ ਹਨ। ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਇਹ ਪ੍ਰੋਗਰਾਮ ਸਵੇਰੇ 10:30 ਵਜੇ ਸ਼ੁਰੂ ਹੋ ਜਾਵੇਗਾ।

ਦੱਸਣਯੋਗ ਹੈ ਕਿ ਇਲਾਕੇ ਦੇ ਵਿੱਚ ਬੁਰੀ ਤਰ੍ਹਾਂ ਬਦਨਾਮ ਮਹਿਲਕਲਾਂ ਦੀ ਗੁੰਡਾ ਢਾਣੀ ਨੇ 1997 ਵਿੱਚ ਸਕੂਲ ਦੀ ਵਿਦਿਆਰਥਣ ਕਿਰਨਜੀਤ ਕੌਰ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਉਪਰੰਤ ਕਤਲ ਕਰਕੇ ਆਪਣੇ ਹੀ ਖੇਤ ਵਿੱਚ ਦੱਬ ਦਿੱਤਾ ਸੀ ਅਤੇ ਲੋਕਾਂ ਦੇ ਸੰਘਰਸ਼ ਦੇ ਦਬਾਅ ਸਦਕਾ ਉਸਦੀ ਲਾਸ਼ ਬਰਾਮਦ ਕੀਤੀ ਗਈ ਸੀ।

ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਲੋਕਾਂ ਦੇ ਸੰਘਰਸ਼ ਸਦਕਾ ਕਾਤਲਾਂ ਅਤੇ ਬਲਾਤਕਾਰਾਂ ਨੂੰ ਉਮਰ ਕੈਦ ਤੱਕ ਦੀਆਂ ਸਜਾਵਾਂ ਕਰਵਾਈਆਂ ਗਈਆਂ ਅਤੇ ਲੋਕ ਆਗੂਆਂ ਨੂੰ ਝੂਠੇ ਕੇਸ ਵਿੱਚ ਕੀਤੀ ਉਮਰ ਕੈਦ ਦੀ ਸਜ਼ਾ ਨੂੰ ਰੱਦ ਕਰਵਾਇਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਲੋਕ ਸ਼ਹੀਦ ਬੀਬੀ ਕਿਰਨਜੀਤ ਕੌਰ ਦਾ ਸ਼ਹੀਦੀ ਸਮਾਗਮ ਉਸ ਨੂੰ ਯਾਦ ਕਰਦਿਆਂ ਅਤੇ ਜ਼ੁਲਮ ਦੇ ਖਿਲਾਫ ਟਾਕਰੇ ਦਾ ਨਾਅਰਾ ਬੁਲੰਦ ਕਰਨ ਵਜੋਂ ਮਨਾਉਂਦੇ ਆ ਰਹੇ ਹਨ।

 

Leave a Reply

Your email address will not be published. Required fields are marked *