Punjab News: ਪੁਰਾਣੀ ਪੈਨਸ਼ਨ ਲਾਗੂ ਕਰਨ ‘ਚ ਨਾਕਾਮ ਰਹੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਜਾਰੀ ਕੀਤੇ ਜਾਣਗੇ “ਕਾਰਨ ਦੱਸੋ ਨੋਟਿਸ”: ਪੀ.ਪੀ.ਪੀ.ਐੱਫ

All Latest NewsGeneral NewsNews FlashPunjab News

 

Punjab News: ਪੀ.ਪੀ.ਪੀ.ਐੱਫ ਨੇ ਪੈਨਸ਼ਨ ਲਾਗੂ ਕਰਨ ਤੋਂ ਇਨਕਾਰੀ ਪੰਜਾਬ ਸਰਕਾਰ ਖਿਲਾਫ ਉਲੀਕੀ ਸੰਘਰਸ਼ੀ ਵਿਉਂਤਬੰਦੀ, 1 ਤੋਂ 3 ਅਕਤੂਬਰ ਤੱਕ ਸੰਗਰੂਰ ਵਿਖੇ ਲਾਇਆ ਜਾਵੇਗਾ ਤਿੰਨ ਦਿਨਾਂ ਪੈਨਸ਼ਨ ਪ੍ਰਾਪਤੀ ਮੋਰਚਾ : ਪੀ.ਪੀ.ਪੀ.ਐੱਫ

ਬਸਤੀਵਾਦੀ ਹਾਕਮਾਂ ਖਿਲਾਫ ਦੇਸ਼ ਦੇ ਸੁਤੰਤਰਤਾ ਸੰਗਰਾਮ ਤੋਂ ਪ੍ਰੇਰਨਾ ਲੈਂਦੇ ਹੋਏ 15 ਅਗਸਤ ਦੇ ਦਿਹਾੜੇ ਤੇ “ਐੱਨ.ਪੀ.ਐੱਸ ਤੋਂ ਅਜ਼ਾਦੀ” ਪੰਦਰਵਾੜਾ ਮੁਹਿੰਮ ਚਲਾਈ ਜਾਵੇਗੀ

ਪੰਜਾਬ ਨੈੱਟਵਰਕ, ਅੰਮ੍ਰਿਤਸਰ:

Punjab News: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਦੀ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਕਮੇਟੀ ਦੀ ਇੱਕ ਅਹਿਮ ਮੀਟਿੰਗ ਮਾਝਾ ਜੋਨ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ਅਤੇ ਜ਼ਿਲ੍ਹਾ ਕਨਵੀਨਰ ਸੁਖਜਿੰਦਰ ਸਿੰਘ ਜਬੋਵਾਲ ਦੀ ਸਾਂਝੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਬਲਾਕਾਂ ਵਿੱਚੋਂ ਬਲਾਕ ਪ੍ਰਧਾਨ ਅਤੇ ਬਲਾਕ ਕਮੇਟੀ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਮੀਟਿੰਗ ਵਿੱਚ ਮਾਝਾ ਜੋਨ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸੂਬਾ ਸਕੱਤਰੇਤ ਵਲੋਂ ਕੀਤੇ ਫੈਸਲਿਆਂ ਅਨੁਸਾਰ ਨਵੀਂ ਪੈਨਸ਼ਨ ਸਕੀਮ ਤੋਂ ਆਜ਼ਾਦੀ ਲਈ ਪੰਦਰਵਾੜਾ ਮਨਾਉਣ, ਵਿਧਾਨ ਸਭਾ ਸੈਸ਼ਨ ਦੌਰਾਨ ਸੈਕਟਰ -17 ਵਿਖੇ ਕਾਲੇ ਚੋਲੇ ਪਾ ਕੇ ਰੋਸ ਪ੍ਰਦਰਸ਼ਨ ਕਰਨ, ਵਾਦਾ ਕਰਕੇ ਮੁਕਰੀ ਸੂਬਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ ਲਈ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ, ਸੰਗਰੂਰ ਵਿਖੇ ਅਕਤੂਬਰ ਦੀ ਸ਼ੁਰੂਆਤ ਵਿੱਚ ਤਿੰਨ ਦਿਨਾਂ ਦਿਨ ਰਾਤ ਚੱਲਣ ਵਾਲੇ ਮੋਰਚੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਤੈਸ਼ੂਦਾ ਗਿਣਤੀ ਵਿੱਚ ਹਾਜਰੀ ਯਕੀਨੀ ਬਨਾਈ ਜਾਵੇ। ਜ਼ਿਲ੍ਹਾ ਕਮੇਟੀ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਪੈਨਸ਼ਨ ਵਿਰੋਧੀ ਬਜਟ ਅਤੇ ਕੇਂਦਰੀ ਕੈਬਨਿਟ ਸਕੱਤਰ ਦੇ ਪੁਰਾਣੀ ਪੈਨਸ਼ਨ ਵਿਰੋਧੀ ਬਿਆਨ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ।

ਜ਼ਿਲ੍ਹਾ ਕਮੇਟੀ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਫੈਸਲਿਆਂ ਨੂੰ ਸਾਂਝਾ ਕਰਦਿਆਂ ਜ਼ਿਲ੍ਹਾ ਕਨਵੀਨਰ ਸੁਖਜਿੰਦਰ ਸਿੰਘ ਜੱਬੋਵਾਲ, ਸਕੱਤਰ ਨਿਰਮਲ ਸਿੰਘ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਨੇ ਦੱਸਿਆ ਕਿ ਸੂਬੇ ਦੀ ਆਪ ਸਰਕਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਆਪਣੇ ਚੋਣ ਵਾਅਦੇ ਤੇ ਅਮਲ ਕਰਨ ਅਤੇ ਕੇਂਦਰੀ ਭਾਜਪਾ ਹਕੂਮਤ ਵੱਲੋਂ ਪੁਰਾਣੀ ਪੈਨਸ਼ਨ ਪ੍ਰਣਾਲੀ ਖਿਲਾਫ਼ ਵਿੱਢੇ ਹਮਲੇ ਅੱਗੇ ਗੋਡੇ ਟੇਕਦਿਆਂ ਸੂਬੇ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਮੁਕੰਮਲ ਨਾਕਾਮ ਸਾਬਤ ਹੋਈ ਹੈ।

ਉਹਨਾਂ ਦੱਸਿਆ ਕਿ ਪੀ.ਪੀ.ਪੀ.ਐੱਫ ਪੰਜਾਬ ਵੱਲੋੰ ਆਪ ਸਰਕਾਰ ਦੀ ਵਾਅਦਾਖਿਲਾਫ਼ੀ ਦੇ ਰੋਸ ਵਿੱਚ ਬਣਾਈ ਸੰਘਰਸ਼ੀ ਰਣਨੀਤੀ ਤਹਿਤ 1 ਤੋੰ 3 ਅਕਤੂਬਰ ਤੱਕ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਤਿੰਨ ਦਿਨਾਂ ਸੂਬਾਈ “ਪੈਨਸ਼ਨ ਪ੍ਰਾਪਤੀ ਮੋਰਚਾ” ਲਗਾਇਆ ਜਾਵੇਗਾ। ਇਸ ਮੋਰਚੇ ਦੀ ਲਾਮਬੰਦੀ ਲਈ ਅਤੇ ਮੰਤਰੀਆਂ ਤੇ ਵਿਧਾਇਕਾਂ ਨੂੰ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਜਵਾਬਦੇਹ ਬਣਾਉਣ ਲਈ “ਕਾਰਨ ਦੱਸੋ ਨੋਟਿਸ” ਜਾਰੀ ਕੀਤੇ ਜਾਣਗੇ।

ਜੇਕਰ ਇਹਨਾਂ ਦਿਨਾਂ ਵਿੱਚ ਹੀ ਜ਼ਿਮਨੀ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਇਹ ਤਿੰਨ ਦਿਨਾਂ ਮੋਰਚਾ ਬਰਨਾਲੇ ਅਤੇ ਚੱਬੇਵਾਲ ਵਿਖੇ ਲਗਾ ਕੇ ਚੋਣਾਂ ਵਿੱਚ ਪੈਨਸ਼ਨ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ ਜਾਵੇਗਾ। ਬਸਤੀਵਾਦੀ ਅੰਗ੍ਰੇਜ਼ ਹਾਕਮਾਂ ਖਿਲਾਫ਼ ਲੜੇ ਗਏ ਸੁਤੰਤਰਤਾ ਸੰਗਰਾਮ ਤੋਂ ਪ੍ਰੇਰਨਾ ਲੈਂਦੇ ਹੋਏ 15 ਅਗਸਤ ਦੇ ਦਿਹਾੜੇ ਤੇ “ਐੱਨ.ਪੀ.ਐੱਸ ਤੋਂ ਅਜ਼ਾਦੀ” ਸਿਰਲੇਖ ਹੇਠ ਪੰਦਰਵਾੜਾ ਮੁਹਿੰਮ ਚਲਾਈ ਜਾਵੇਗੀ।

ਫਰੰਟ ਦੇ ਆਗੂਆਂ ਪਰਮਿੰਦਰ ਸਿੰਘ ਰਾਜਾਸਾਂਸੀ, ਕੰਵਲਜੀਤ ਕੌਰ, ਮਨਪ੍ਰੀਤ ਸਿੰਘ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਨਾਭਾ, ਨਵਤੇਜ ਸਿੰਘ ਜੱਬੋਵਾਲ, ਵਿਸ਼ਾਲ ਕਪੂਰ, ਮੁਨੀਸ਼ ਪੀਟਰ, ਗੁਰਪ੍ਰਤਾਪ ਸਿੰਘ ਢਪਈ, ਬਲਦੇਵ ਮੰਨਣ ਨੇ ਕਿਹਾ ਕਿ ਆਪ ਸਰਕਾਰ ਨੇ ਅੱਧਾ ਕਾਰਜਕਾਲ ਲੰਘਣ ਦੇ ਬਾਵਜੂਦ ਐੱਨ.ਪੀ.ਐੱਸ ਕਟੌਤੀ ਬੰਦ ਕਰਕੇ ਜੀ.ਪੀ.ਐੱਫ ਖਾਤੇ ਖੋਲਣ ਦੀ ਬਜਾਏ ਨਵੀਂ ਪੈਨਸ਼ਨ ਸਕੀਮ ਵਿੱਚ ਹਿੱਸੇਦਾਰੀ ਨੂੰ ਜਾਰੀ ਰੱਖਿਆ ਹੋਇਆ ਹੈ ਜੋ ਮੁਲਾਜ਼ਮਾਂ ਨਾਲ਼ ਵੱਡਾ ਧੋਖਾ ਹੈ।

ਜਿਸ ਨੂੰ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਵੱਡੀ ਲਹਿਰ ਉਸਾਰਕੇ ਹੀ ਚੁਣੌਤੀ ਦਿੱਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਫਰੰਟ ਦੀ ਸੂਬਾ ਕਮੇਟੀ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਨੂੰ ਕਾਇਮ ਰੱਖਣ ਦੀ ਲੋੜ ਬਾਰੇ ਹਾਮੀ ਭਰੀ ਗਈ ਅਤੇ ਇਸ ਦੀ ਸਰਗਰਮੀ ਲਈ ਯਤਨ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਨੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਵਿੱਡੇ ਸੰਘਰਸ਼ ਦਾ ਭਰਵੀਂ ਗਿਣਤੀ ਵਿੱਚ ਹਿੱਸਾ ਬਣਨ ਦਾ ਵਿਸ਼ਵਾਸ ਦਵਾਇਆ।

ਉਹਨਾਂ ਮੀਟਿੰਗ ਵਿੱਚ ਪ੍ਰੇਰਨਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਸੂਬੇ ਦੀ ਮੁਲਾਜ਼ਮਤ ਨਾਲ ਪੁਰਾਣੀ ਪੈਨਸ਼ਨ ਦੇ ਗੰਭੀਰ ਅਤੇ ਅਹਿਮ ਮੁੱਦੇ ਤੇ ਕਮਾਏ ਧ੍ਰੋਹ ਦਾ ਜਵਾਬ ਸੂਬੇ ਭਰ ਵਿੱਚੋਂ ਵੱਡੀ ਲਾਮਬੰਦੀ ਕਰਕੇ ਆਗਾਮੀ ਪੰਚਾਇਤੀ, ਨਗਰ ਨਿਗਮ ਤੇ ਜ਼ਿਮਣੀ ਚੋਣਾਂ ਦੌਰਾਨ ਸੂਬਾ ਸਰਕਾਰ ਨੂੰ ਘੇਰਿਆ ਜਾਵੇ ਅਤੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਦਰਸ਼ਆਏ ਮਾਰਗ ਤੇ ਚਲਦਿਆਂ ਨਵੀਂ ਪੈਨਸ਼ਨ ਸਕੀਮ ਤੋਂ ਛੁਟਕਾਰਾ ਪਾਇਆ ਜਾਵੇ।

 

Media PBN Staff

Media PBN Staff

One thought on “Punjab News: ਪੁਰਾਣੀ ਪੈਨਸ਼ਨ ਲਾਗੂ ਕਰਨ ‘ਚ ਨਾਕਾਮ ਰਹੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਜਾਰੀ ਕੀਤੇ ਜਾਣਗੇ “ਕਾਰਨ ਦੱਸੋ ਨੋਟਿਸ”: ਪੀ.ਪੀ.ਪੀ.ਐੱਫ

  • Village Assal Near Patti Post office Patti Distt tarn Taran (Punjab)

Leave a Reply

Your email address will not be published. Required fields are marked *