Punjab News: 4161 ਦੇ ਸੂਬਾ ਆਗੂ ਦੇ ਘਰ ਪੁਲਿਸ ਵੱਲੋਂ ਮਾਰੀ ਜਬਰੀ ਰੇਡ ਵਿਰੁੱਧ DTF ਦੇ ਵਫਦ ਨੇ ਐਸਐਸਪੀ ਨੂੰ ਮਿਲ ਕੇ ਜਤਾਇਆ ਰੋਸ
ਪੰਜਾਬ ਨੈੱਟਵਰਕ, ਫਾਜ਼ਿਲਕਾ
Punjab News: ਬੀਤੀ 14 ਅਗਸਤ ਨੂੰ 4161 ਦੇ ਸੂਬਾ ਆਗੂ ਰਸ਼ਪਾਲ ਸਿੰਘ ਜੋ ਕਿ ਕਪੂਰਥਲਾ ਵਿਖੇ ਸਿੱਖਿਆ ਵਿਭਾਗ ਵਿੱਚ ਬਤੌਰ ਸਮਾਜਿਕ ਸਿੱਖਿਆ ਦੇ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ, ਅਤੇ ਰਿਹਾਇਸ਼ ਜਲਾਲਾਬਾਦ ਦੇ ਪਿੰਡ ਵਿਚ ਹੈ।
ਉਸਦੀ ਗੈਰ ਹਾਜ਼ਰੀ ਵਿੱਚ ਜਲਾਲਾਬਾਦ ਪੁਲਿਸ ਵੱਲੋਂ ਸਵੇਰੇ 4 ਵਜੇ ਉਸ ਦੇ ਘਰ ਵਿੱਚ ਰੇਡ ਮਾਰੀ ਅਤੇ ਉਸ ਦੇ ਘਰ ਵਿੱਚ ਜਬਰੀ ਉਸ ਦੇ ਪਰਿਵਾਰ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਜਲਾਲਾਬਾਦ ਪੁਲਿਸ ਵੱਲੋਂ ਉਸ ਦੀ ਗੈਰ ਹਾਜ਼ਰੀ ਵਿੱਚ ਉਸ ਦੇ ਘਰ ਰੇਡ ਮਾਰੀ ਗਈ ਸੀ।
ਡੈਮੋਕਰੇਟਿਕ ਟੀਚਰ ਫਰੰਟ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਐਸਐਸਪੀ ਫਾਜ਼ਿਲਕਾ ਨੂੰ ਮਿਲ ਕੇ ਇਸ ਆਪਣਾ ਇਤਰਾਜ ਦਰਜ ਕਰਵਾਉਂਦਿਆਂ ਹੋਇਆਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਵਾਈਆਂ ਸਮਾਜ ਦੇ ਉਹਨਾਂ ਲੋਕਾਂ ਵਿਰੁੱਧ ਦਿੱਤੀਆਂ ਜਾ ਰਹੀਆਂ ਹਨ, ਜੋ ਬੱਚਿਆਂ ਦਾ ਭਵਿੱਖ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਲੇਕਿਨ ਬਦਲੇ ਵਿੱਚ ਸਰਕਾਰ ਦੀ ਸ਼ਹਿ ਉੱਪਰ ਉਹਨਾਂ ਦੇ ਘਰਾਂ ਵਿੱਚ ਰੇਡ ਮਾਰ ਕੇ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਗੈਰ ਸੰਵਿਧਾਨਕ ਕਾਰਵਾਈ ਕੀਤੀਆਂ ਜਾਂਦੀਆਂ ਹਨ।
ਇਸ ਮੌਕੇ ਡੀ ਟੀ ਐਫ ਸੂਬਾ ਜਨਰਲ ਸਕੱਤਰ ਮਹਿੰਦਰ ਕੋੜਿਆਂਵਾਲੀ ਅਤੇ 6635 ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਸਲਿੰਦਰ ਕੰਬੋਜ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਮਨਾਉਣ ਦੇ ਲਈ ਸੰਘਰਸ਼ ਦੇ ਰਾਹ ਪਏ ਲੋਕਾਂ ਨੂੰ ਇਸ ਤਰ੍ਹਾਂ ਡਰਾ ਕੇ ਸਰਕਾਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕਦੀ।
ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀ ਮੰਗਾਂ ਮਸਲਿਆਂ ਉੱਪਰ ਗੌਰ ਨਹੀਂ ਕਰੇਗੀ ਲੋਕ ਸੰਘਰਸ਼ ਦਾ ਰਾਹ ਨਹੀਂ ਛੱਡਣਗੇ। ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਉੱਪਰ ਸਰਕਾਰ ਗੌਰ ਨਾ ਕਰਕੇ ਉਲਟਾ ਸੰਘਰਸ਼ੀ ਲੋਕਾਂ ਨੂੰ ਦਬਾਉਣ ਦੀਆਂ ਨਕਾਮ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ।
ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ, ਪੁਲਿਸ ਵੱਲੋਂ ਗੈਰ ਜਿੰਮੇਦਾਰਾਨਾ ਰਵਈਆ ਦਿਖਾਉਣ ਵਾਲੇ ਪੁਲਿਸ ਕਰਮਚਾਰੀਆਂ ਦੀ ਜ਼ਿੰਮੇਦਾਰੀ ਤੈਅ ਕੀਤੀ ਜਾਵੇ। ਜੇਕਰ ਭਵਿੱਖ ਵਿੱਚ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਵਫਦ ਦੀ ਗੱਲਬਾਤ ਸੁਣਨ ਤੋਂ ਉਪਰੰਤ ਐਸਐਸਪੀ ਫਾਜ਼ਿਲਕਾ ਨੇ ਪ੍ਰਸ਼ਾਸਨ ਦੀ ਗਲਤੀ ਮੰਨਦੇ ਹੋਏ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਏਗੀ।