ਸਿੱਖਿਆ ਵਿਭਾਗ ਨਿਯਮਾਂ ਅਨੁਸਾਰ ਈਟੀਟੀ ਅਧਿਆਪਕਾਂ ਦੀਆਂ ਤਰੱਕੀਆਂ ਕਰੇ- ਡੀ.ਟੀ.ਐੱਫ
ਪੰਜਾਬ ਨੈੱਟਵਰਕ, ਸੰਗਰੂਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਨੇ ਜ਼ਿਲ੍ਹੇ ਵਿੱਚ ਨਿਯਮਾਂ ਅਨੁਸਾਰ ਈਟੀਟੀ ਅਧਿਆਪਕਾਂ ਦੀਆਂ ਬਤੌਰ ਹੈੱਡ ਟੀਚਰ ਤਰੱਕੀਆਂ ਤੁਰੰਤ ਕੀਤੇ ਜਾਣ ਦੀ ਮੰਗ ਕੀਤੀ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲੰਮੇ ਸਮੇਂ ਤੋਂ ਇਹ ਤਰੱਕੀਆਂ ਪੈਂਡਿੰਗ ਹਨ ਜਦਕਿ ਨਿਯਮਾਂ ਅਨੁਸਾਰ ਇਹ ਤਰੱਕੀਆਂ ਨਿਯਮਿਤ ਸਮੇਂ ਬਾਅਦ ਬਿਨਾਂ ਕਿਸੇ ਦੇਰੀ ਦੇ ਕੀਤੀਆਂ ਜਾਣੀਆਂ ਬਣਦੀਆਂ ਹਨ।
ਇਸ ਦਾ ਨੁਕਸਾਨ ਜ਼ਿਲ੍ਹੇ ਦੇ ਵੱਡੀ ਗਿਣਤੀ ਈਟੀਟੀ ਅਧਿਆਪਕਾਂ ਨੂੰ ਹੋ ਰਿਹਾ ਹੈ ਜੋ ਈਟੀਟੀ ਅਧਿਆਪਕ ਹੀ ਰਿਟਾਇਰ ਹੋ ਰਹੇ ਹਨ ਜਦਕਿ ਉਹਨਾਂ ਜਿੰਨੀ ਸਰਵਿਸ ਵਾਲੇ ਹੋਰ ਜ਼ਿਲ੍ਹਿਆਂ ਦੇ ਅਧਿਆਪਕ ਤਰੱਕੀ ਲੈ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੱਕ ਬਣ ਗਏ ਹਨ।
ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਅਤੇ ਪ੍ਰੈਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਜਥੇਬੰਦੀ ਇਸ ਸਬੰਧੀ ਲਗਾਤਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸੰਗਰੂਰ ਦੇ ਸੰਪਰਕ ਵਿੱਚ ਹੈ ਪ੍ਰੰਤੂ ਇਸ ਦਫ਼ਤਰ ਦਾ ਰਵੱਈਆ ਤਸੱਲੀਬਖ਼ਸ਼ ਨਹੀਂ ਹੈ।
ਪਿਛਲੇ ਦਿਨੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਜਥੇਬੰਦੀ ਨੂੰ ਸਮਾਂ ਦੇ ਕੇ ਨਹੀਂ ਮਿਲੇ। ਜਥੇਬੰਦਕ ਸਕੱਤਰ ਪਵਨ ਕੁਮਾਰ ਅਤੇ ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ ਨੇ ਕਿਹਾ ਕਿ 16 ਅਗਸਤ ਨੂੰ ਉਹ ਦੁਬਾਰਾ ਫੇਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਣ ਜਾ ਰਹੇ ਹਨ ਜਿਸ ਵਿੱਚ ਇਹ ਮੁੱਦਾ ਪ੍ਰਮੁੱਖਤਾ ਨਾਲ ਵਿਚਾਰਿਆ ਜਾਵੇਗਾ।
ਤਰੱਕੀਆਂ ਵਿੱਚ ਰਿਜਰਵੇਸ਼ਨ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਨ ਕਰਕੇ ਸਬੰਧਤ ਅਧਿਆਪਕਾਂ ਵਿੱਚ ਜੋ ਰੋਸ ਹੈ, ਉਹ ਵੀ ਜਾਇਜ਼ ਹੈ ਅਤੇ ਨਿਯਮਾਂ ਅਨੁਸਾਰ ਹਰੇਕ ਅਧਿਆਪਕ ਨੂੰ ਉਸਦਾ ਬਣਦਾ ਹੱਕ ਸਮੇਂ ਸਿਰ ਮਿਲਣਾ ਚਾਹੀਦਾ ਹੈ।
ਆਗੂਆਂ ਨੇ ਕਿਹਾ ਕਿ ਉਹ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਮੰਗ ਕਰਨਗੇ ਕਿ ਰਿਜਰਵੇਸ਼ਨ ਪਾਲਿਸੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਬੈਕਲਾਗ ਦੀਆਂ ਪੋਸਟਾਂ ਤੁਰੰਤ ਭਰੀਆਂ ਜਾਣ ਅਤੇ ਬਾਕੀ ਬਣਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ। ਜੇਕਰ ਅਧਿਕਾਰੀ ਵੱਲੋਂ ਉਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਜਥੇਬੰਦੀ ਸੰਘਰਸ਼ ਦਾ ਰਸਤਾ ਅਪਣਾਵੇਗੀ ਤਾਂ ਜੋ ਅਧਿਆਪਕਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾ ਸਕੇ।