All Latest NewsHealthNews FlashPunjab News

ਲੇਡੀ ਡਾਕਟਰ ਦੇ ਸਮੂਹਿਕ ਬਲਾਤਕਾਰ ਅਤੇ ਕਤਲ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਲੋੜ: ਇਨਕਲਾਬੀ ਕੇਂਦਰ

 

ਦਲਜੀਤ ਕੌਰ, ਬਰਨਾਲਾ

9 ਅਗਸਤ ਦੀ ਰਾਤ ਕਲਕੱਤੇ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇੱਕ ਡਾਕਟਰ ਜੋ ਲਗਾਤਾਰ 36 ਘੰਟੇ ਦੀ ਡਿਊਟੀ ਦੌਰਾਨ ਹਸਪਤਾਲ ਅੰਦਰਲੇ ਸੈਮੀਨਾਰ ਰੂਮ ਵਿੱਚ ਆਰਾਮ ਕਰ ਰਹੀ ਸੀ, ਨਾਲ ਵਹਿਸ਼ੀਆਨਾ ਢੰਗ ਨਾਲ ਨਾ ਸਿਰਫ ਸਮੂਹਿਕ ਬਲਾਤਕਾਰ ਕੀਤਾ ਗਿਆ ਸਗੋਂ ਅੰਤਾਂ ਦੀ ਬੇਰਹਿਮੀ ਨਾਲ ਉਸਦਾ ਕਤਲ ਵੀ ਕਰ ਦਿੱਤਾ ਗਿਆ।

ਕਾਲਜ ਪ੍ਰਸਾਸ਼ਨ ਨੇ ਪਹਿਲਾਂ ਇਸਨੂੰ ਆਤਮਹੱਤਿਆ ਦਾ ਮਾਮਲਾ ਕਹਿਕੇ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੈਡੀਕਲ ਜਾਂਚ ਵਿੱਚ ਬਲਾਤਕਾਰ ਤੇ ਨਿਰਦਈ ਵਹਿਸ਼ੀਪੁਣੇ ਨਾਲ ਕੀਤੇ ਕਤਲ ਦੇ ਤੱਥ ਸਾਹਮਣੇ ਆਏ ਤਾਂ ਸੰਜੇ ਰਾਏ ਨਾਮ ਦੇ ਦੋਸ਼ੀ ਜੋ ਪੁਲੀਸ ਦਾ ਵਲੰਟੀਅਰ ਦੱਸਿਆ ਜਾ ਰਿਹਾ ਹੈ, ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਟਾਲਣ ਦੀ ਕੋਸ਼ਿਸ਼ ਕੀਤੀ ਗਈ।

ਜਦੋਂ ਇਸ ਮਾਮਲੇ ਨੇ ਦੇਸ਼ ਭਰ ਦੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ ਰਾਤ ਦੀ ਡਿਊਟੀ ਸਮੇਂ ਔਰਤ ਡਾਕਟਰਾਂ ਅਤੇ ਨਰਸਾਂ ਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਆਵਾਜ਼ ਉਠਾਈ ਅਤੇ ਇਸ ਘਿਣਾਉਣੇ ਕਾਂਡ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਪਹਿਚਾਣ ਕਰਨ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਤਾਂ ਏਮਜ ਅਤੇ ਹੋਰ ਸਰਕਾਰੀ ਸਿਹਤ ਸੰਸਥਾਵਾਂ ਨੇ ਹੜਤਾਲੀ ਡਾਕਟਰਾਂ ਨੂੰ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਅਧਾਰ ‘ਤੇ ਹੜਤਾਲ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਦਿੱਤੀਆਂ।

ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 3 ਹੋਰ ਬਾਕੀ ਹਨ। ਬੰਗਾਲ ਸਰਕਾਰ ਨੇ ਇਸ ਕਾਲਜ ਦੇ ਪ੍ਰਿੰਸੀਪਲ ਨੂੰ ਕਿਸੇ ਦੂਸਰੇ ਕਾਲਜ ਵਿੱਚ ਬਦਲ ਕੇ ਵੀ ਉਸ ਸਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਿਸ ‘ਚ ਇਹ ਜ਼ਾਹਰ ਹੋਇਆ ਕਿ ਦੋਸ਼ੀ ਸੰਜੇ ਰਾਏ ਦੇ ਪ੍ਰਿੰਸੀਪਲ ਨਾਲ ਨਿੱਘੇ ਰਿਸ਼ਤੇ ਹਨ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਝੀਤ ਖੰਨਾ ਨੇ ਕਰਦਿਆਂ ਕਿਹਾ ਕਿ ਕੋਲਕਾਤਾ ਤੇ ਬੰਗਾਲ ਵਿੱਚ ਕੰਮ ਕਾਜੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ‘ਰੀਕਲੇਮ ਦਾ ਨਾਈਟ‘ ਮੁਹਿੰਮ ਤਹਿਤ ਔਰਤਾਂ ਦਾ ਇੱਕ ਵਿਸ਼ਾਲ ਪ੍ਰਦਰਸ਼ਨ 14-15 ਅਗਸਤ ਦੀ ਅੱਧੀ ਰਾਤ ਗਲੀਆਂ ਬਜ਼ਾਰਾਂ ਵਿੱਚ ਨਿੱਕਲਿਆ।

ਜਿਨ੍ਹਾਂ ਦੀ ਮੰਗ ਸੀ ਕਿ ਔਰਤਾਂ ਨਾਲ ਅਜਿਹੇ ਘਿਣਾਉਣੇ ਅਪਰਾਧ ਤੋਂ ਮੁਕਤੀ ਕਦੋਂ ਮਿਲੇਗੀ। ਆਰਜੀ ਕਰ ਕਾਲਜ ਵਿੱਚ ਹਿੰਸਕ ਹਜ਼ੂਮ ਉਦੋਂ ਅੱਧੀ ਰਾਤ ਦਾਖ਼ਲ ਹੋਇਆ ਜਦੋਂ ਕਾਲਜ ਦੇ ਡਾਕਟਰ, ਨਰਸਾਂ ਅਤੇ ਔਰਤ ਕਰਮਚਾਰੀ ਇਸ ਰੋਸ ਪ੍ਰਰਦਰਸ਼ਨ ਦੀ ਤਿਆਰੀ ਕਰ ਰਹੇ ਸਨ। ਰਾਜਨੀਤੀ ਤੋਂ ਪ੍ਰੇਰਤ ਇਸ ਹਿੰਸਕ ਹਜ਼ੂਮ ਨੇ ਹਸਪਤਾਲ ਦੇ ਐਮਰਜੈਂਸੀ, ਗਾਇਨੀ, ਈਐਨਟੀ ਵਾਰਡ ਦੀ ਭੰਨ ਤੋੜ ਕੀਤੀ, ਡਾਕਟਰਾਂ, ਕਰਮਚਾਰੀਆਂ ਮਰੀਜਾਂ ਤੇ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਵੀ ਕੁੱਟਿਆ ਤੇ ਇਸ ਅੰਦਰਲੇ ਸਮਾਨ ਨੂੰ ਭੰਨਿਆ ਤੋੜਿਆ। ਇਸ ਹਿੰਸਕ ਭੀੜ ਨੇ ਘਟਨਾ ਵਾਲੇ ਸੈਮੀਨਾਰ ਰੂਮ ਦੀ ਭੰਨ ਤੋੜ ਕੀਤੀ, ਕਾਰਾਂ ਤੇ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ, ਨਰਸਾਂ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ।

ਜਦੋਂ ਕਿ ਪੁਲਸ ਮੂਕ ਦਰਸ਼ਕ ਬਣੀ ਰਹੀ। ਹਿੰਸਕ ਹਜ਼ੂਮ ਦਾ ਮਕਸਦ ਘਟਨਾ ਦੇ ਤੱਥਾਂ ਨੂੰ ਮਿਟਾਉਣਾ ਸੀ ਅਤੇ ਇਨਸਾਫ਼ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਡਾਕਟਰਾਂ ਨੂੰ ਦਸ਼ਿਤਜਦਾ ਕਰਨਾ ਵੀ ਸੀ/ਹੈ। ਉੱਥੇ ਮੌਜੂਦ ਡਾਕਟਰਾਂ ਨੇ ਆਪਣੇ ਆਪ ਨੂੰ ਕਮਰਿਆਂ ਵਿੱਚ ਬੰਦ ਕਰਕੇ ਆਪਣੇ ਆਪ ਦਾ ਬਚਾਅ ਕਰਨ ਲਈ ਮਜ਼ਬੂਰ ਹੋਣਾ ਪਿਆ। ਅਜਿਹੀ ਹੀ ਇੱਕ ਘਟਨਾ ਵਿੱਚ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਰੁਦਰਪੁਰ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੀ, ਡਿਊਟੀ ਦੇ ਕੇ ਆਪਣੇ ਘਰ ਜਾ ਰਹੀ ਨਰਸ ਦੀ ਕੁੱਟ ਮਾਰ ਕਰਕੇ ਸਕਾਰਫ ਨਾਲ ਗਲਾ ਘੁੱਟਣ ਪਿੱਛੋਂ ਉਸ ਨਾਲ ਦੋਸ਼ੀ ਵੱਲੋਂ ਬਲਾਤਕਾਰ ਕੀਤਾ ਗਿਆ।

ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਨਾਬਾਲਗ ਵਿਦਿਆਰਥਣ ਨੂੰ ਘਰਦਿਆਂ ਤੋਂ ਖੋਹ ਕੇ ਉਸ ਨਾਲ ਸਮਹੂਕ ਬਲਾਤਕਾਰ ਕੀਤਾ ਗਿਆ ਅਤੇ ਹੈਵਾਨੀਅਤ ਨਾਲ ਉਸ ਦੀਆਂ ਛਾਤੀਆਂ ਕੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਔਰਤ ਭਾਵੇਂ ਕਿਸੇ ਵੀ ਕਿੱਤੇ ਜਾਂ ਅਹੁਦੇ ਉੱਪਰ ਪਹੁੰਚ ਜਾਵੇ ਕਿਧਰੇ ਵੀ ਸੁਰੱਖਿਅਤ ਨਹੀਂ ਹੈ। ਇਹ ਔਰਤ ਪ੍ਰਤੀ ਜਾਬਰ ਅਤੇ ਲੁਟੇਰੇ ਮਰਦ ਪ੍ਰਧਾਨ ਸਮਾਜ ਵੱਲੋਂ ਬਜਾਰ ਦੀ ਵਸਤ ਦੇ ਰੂਪ ਵਿੱਚ ਸਮਝੀ ਜਾਣ ਵਾਲੀ ਮਾਨਸਿਕਤਾ ਹੈ।

ਔਰਤਾਂ ਖਿਲਾਫ਼ ਜਬਰ ਸਭ ਤੋਂ ਕਰੂਰ ਰੂਪ ਇਸ ਸੰਸਥਾਗਤ ਢਾਂਚੇ ਦੀ ਪੈਦਾਵਾਰ ਹੈ। ਜਿਸ ਵੱਲੋਂ ਔਰਤਾਂ ਦੇ ਹੱਕਾਂ ਲਈ ਅਨੇਕਾਂ ਕਾਨੂੰਨ ਬਣਾਏ ਹੋਣ ਦੇ ਬਾਵਜੂਦ ਵੀ ਜਬਰ ਸਭ ਹੱਦਾਂ ਬੰਨੇ ਪਾਰ ਕਰ ਰਿਹਾ ਹੈ। ਅੱਜ ਵੀ ਹਰ 7 ਮਿੰਟ ਬਾਅਦ ਇਕ ਛੇੜ ਛਾੜ, 16 ਮਿੰਟ ਬਾਅਦ ਇਕ ਬਲਾਤਕਾਰ ਯਾਨਿ ਹਰ ਰੋਜ਼ 90 ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਔਰਤਾਂ ਖਿਲਾਫ਼ ਜਬਰ ਦੀਆਂ 10 ਘਟਨਾਵਾਂ ਵਿਚੋਂ ਸਿਰਫ 1 ਹੀ ਥਾਣੇ ਰਿਪੋਰਟ ਹੁੰਦੀ ਹੈ।

ਇਨਕਲਾਬੀ ਕੇਂਦਰ ਦੇ ਸੂਬਾਈ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ਼ ਨੇ ਲੋਕਾਈ ਨੂੰ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਡਾਕਟਰ ਦੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਖ਼ਿਲਾਫ਼ ਸਮੁੱਚੀ ਘਟਨਾ ਦੀ ਡੂੰਘਾਈ ਨਾਲ ਨਿਰਪੱਖ ਜਾਂਚ ਪੜਤਾਲ ਕਰਕੇ ਸਾਰੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀ ਸਖ਼ਤ ਸਜ਼ਾ ਦੇਣ ਲਈ ਰੋਹਲੀ ਗਰਜ ਬੁਲੰਦ ਕਰਨ ਦੇ ਨਾਲ-ਨਾਲ ਮਹਿਲਕਲਾਂ ਲੋਕ ਘੋਲ ਦੀ ਤਰਜ਼ ‘ਤੇ ਔਰਤਾਂ ਦੀ ਮੁਕੰਮਲ ਮੁਕਤੀ ਨਵੇਂ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਚੱਲ ਰਹੇ ਸੰਘਰਸ਼ ਵੱਲ ਸੇਧਤ ਕਰਨਾ ਚਾਹੀਦਾ ਹੈ।

 

Leave a Reply

Your email address will not be published. Required fields are marked *