Punjab News: ਪ੍ਰੇਮੀ ਨਿਕਲਿਆ 2 ਬੱਚਿਆਂ ਦਾ ਬਾਪ, ਸਚਾਈ ਦਾ ਪਤਾ ਲੱਗਣ ‘ਤੇ ਪ੍ਰੇਮਿਕਾ ਨੇ ਕੀਤੀ ਖੁਦਕੁਸ਼ੀ
Punjab News: ਤਿੰਨ ਲੋਕਾਂ ਦੇ ਖਿਲਾਫ਼ ਕੇਸ ਦਰਜ- ਜਾਂਚ ਅਧਿਕਾਰੀ
ਮੋਗਾ:
Punjab News: ਮੋਗਾ ‘ਚ ਇਕ ਲੜਕੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਲੜਕੀ ਦਾ ਪ੍ਰੇਮੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਸਨ। ਜਦੋਂ ਲੜਕੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਹਾਰ ਨਾ ਸਕੀ ਅਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।
ਮੋਗਾ ਦੇ ਪਿੰਡ ਤਖਾਣਬੱਧ ਦੀ ਰਹਿਣ ਵਾਲੀ 25 ਸਾਲਾ ਲੜਕੀ ਕਰਮਜੀਤ ਕੌਰ ਨੇ ਆਪਣੇ ਪ੍ਰੇਮੀ ਬਾਰੇ ਸੱਚ ਪਤਾ ਲੱਗਣ ‘ਤੇ ਜ਼ਹਿਰੀਲੀ ਦਵਾਈ ਪੀ ਲਈ। ਉਸ ਦੀ ਤਬੀਅਤ ਵਿਗੜਨ ‘ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ।
ਜਿੱਥੇ ਇਲਾਜ ਦੌਰਾਨ ਲੜਕੀ ਨੇ ਇਕ ਵੀਡੀਓ ‘ਚ ਜ਼ਹਿਰੀਲੀ ਦਵਾਈ ਪੀਣ ਦਾ ਕਾਰਨ ਵੀ ਦੱਸਿਆ। ਕਰਮਜੀਤ ਕੌਰ ਨੇ ਆਪਣੀ ਮਾਸੀ, ਉਸ ਦੀ ਮਾਸੀ ਦੀ ਲੜਕੀ ਅਤੇ ਗੁਰਪ੍ਰੀਤ ਨਾਂ ਦੇ ਨੌਜਵਾਨ ’ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ।
ਕਰਮਜੀਤ ਕੌਰ ਦੇ ਬੁੱਕਣਵਾਲਾ ਰੋਡ ਮੋਗਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਪ੍ਰੇਮ ਸਬੰਧ ਸਨ। ਕੁਝ ਦਿਨ ਪਹਿਲਾਂ ਕਰਮਜੀਤ ਕੌਰ ਨੂੰ ਪਤਾ ਲੱਗਾ ਕਿ ਉਸ ਦਾ ਪ੍ਰੇਮੀ ਗੁਰਪ੍ਰੀਤ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ।
ਇਸੇ ਗੱਲ ਨੂੰ ਲੈ ਕੇ ਕਰਮਜੀਤ ਕੌਰ ਨੇ ਜ਼ਹਿਰੀਲੀ ਦਵਾਈ ਪੀ ਲਈ। ਪਰਿਵਾਰ ਨੇ ਕਰਮਜੀਤ ਕੌਰ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ, ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਮਜੀਤ ਕੌਰ ਦੇ ਪਿਤਾ ਇਕਬਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਰਮਜੀਤ ਕੌਰ ਦੀ ਮਾਸੀ ਸਿਮਰਨਜੀਤ ਕੌਰ, ਉਸਦੀ ਲੜਕੀ ਆਸ਼ੂ ਅਤੇ ਮ੍ਰਿਤਕ ਦੇ ਪ੍ਰੇਮੀ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।