ਪੰਜਾਬ ‘ਚ NIA ਦੀ ਦਸਤਕ! ਕਈ ਲੋਕਪੱਖੀ ਵਕੀਲਾਂ, ਕਿਸਾਨਾਂ ਅਤੇ ਜਮਹੂਰੀ ਕਾਰਕੁੰਨਾਂ ਦੇ ਘਰਾਂ ‘ਤੇ ਛਾਪੇਮਾਰੀ
ਠੇਕਾ ਮੁਲਾਜ਼ਮ ਮੋਰਚਾ ਨੇ ਕੀਤੀ ਸਖ਼ਤ ਨਿਖੇਧੀ
ਪੰਜਾਬ ਨੈੱਟਵਰਕ, ਚੰਡੀਗੜ੍ਹ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ ਕਟਾਰੀਆ, ਜਸਵੀਰ ਸਿੰਘ ਜੱਸੀ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂੰ, ਸਿਮਰਨਜੀਤ ਸਿੰਘ ਨੀਲੋਂ, ਸ਼ੇਰ ਸਿੰਘ ਖੰਨਾ, ਜਸਪ੍ਰੀਤ ਸਿੰਘ ਗਗਨ, ਸੁਰਿੰਦਰ ਕੁਮਾਰ ਅਤੇ ਜਗਸੀਰ ਸਿੰਘ ਭੰਗੂ ਨੇ ਕੇਂਦਰ ਦੀ ਭਾਜਪਾ ਹਕੂਮਤ ਦੀਆਂ ਹਦਾਇਤਾਂ ‘ਤੇ ਕੌਮੀ ਜਾਂਚ ਏਜੰਸੀ ਵੱਲੋਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਲੋਕਪੱਖੀ ਵਕੀਲਾਂ, ਕਿਸਾਨ ਆਗੂਆਂ ਅਤੇ ਜਮਹੂਰੀ ਕਾਰਕੁੰਨਾਂ ਦੇ ਘਰਾਂ ਵਿੱਚ ਮਾਰੇ ਛਾਪਿਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਲੋਕਪੱਖੀ ਵਕੀਲਾਂ ਐਡਵੋਕੇਟ ਮਨਦੀਪ,ਐਡਵੋਕੇਟ ਆਰਤੀ,ਐਡਵੋਕੇਟ ਅਜੇ ਕੁਮਾਰ ਅਤੇ ਐਡਵੋਕੇਟ ਆਰ.ਐੱਸ.ਬੈਂਸ,ਪੰਜਾਬ ਵਿੱਚ ਬੀਕੇਯੂ ਕਰਾਂਤੀਕਾਰੀ ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਰਾਮਪੁਰਾ,ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਇਨਕਲਾਬੀ ਵਿਦਿਆਰਥੀ ਮੋਰਚਾ ਦੇ ਪ੍ਰਧਾਨ ਦਵਿੰਦਰ ਆਜ਼ਾਦ ਦੇ ਘਰਾਂ ਵਿੱਚ ਕੇਂਦਰੀ ਜਾਂਚ ਏਜੰਸੀ ਦੀਆਂ ਟੀਮਾਂ ਵੱਲੋੰ ਛਾਪੇ ਮਾਰੇ ਗਏ ਹਨ ਅਤੇ ਇਸੇ ਕੜੀ ਤਹਿਤ ਹੀ ਹਰਿਆਣਾ ਤੋਂ ਉੱਘੇ ਜਮਹੂਰੀ ਕਾਰਕੁੰਨ ਐਡਵੋਕੇਟ ਪੰਕਜ ਤਿਆਗੀ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਕੇ ਸੋਨੀਪਤ ਦੇ ਥਾਣੇ ਵਿੱਚ ਡੱਕਿਆ ਗਿਆ ਹੈ ਜੋ ਕਿ ਕੇਂਦਰ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ।
ਕਿਉਂਕਿ ਉਕਤ ਜਮਹੂਰੀ ਕਾਰਕੁੰਨ ਗ਼ੈਰ-ਜਮਹੂਰੀ,ਤਾਨਾਸ਼ਾਹ ਰਾਜ ਨੂੰ ਬਦਲਣ ਲਈ ਯਤਨਸ਼ੀਲ ਹਨ ਅਤੇ ਕੇਂਦਰ ਸਰਕਾਰ ਦੀ ਲੋਕ ਵਿਰੋਧੀ ਖ਼ਸਲਤ ਨੂੰ ਲੋਕਾਂ ਵਿੱਚ ਨੰਗਾ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਜਮਹੂਰੀ ਵਿਰੋਧ ਨੂੰ ਦਹਿਸ਼ਤਜ਼ਦਾ ਕਰਨ ਅਤੇ ਲੋਕਪੱਖੀ ਜਮਹੂਰੀ ਆਵਾਜ਼ਾਂ ਨੂੰ ਕੁਚਲਣ ਲਈ ਐੱਨ.ਆਈ.ਏ.ਨੂੰ ਹਥਿਆਰ ਵਜੋਂ ਵਰਤ ਰਹੀ ਹੈ ਆਗੂਆਂ ਨੇ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਮੰਗ ਕਰਦਾ ਹੈ ਕਿ ਲੋਕਪੱਖੀ ਬੁੱਧੀਜੀਵੀਆਂ,ਕਿਸਾਨ ਆਗੂਆਂ,ਵਕੀਲਾਂ ਅਤੇ ਜਮਹੂਰੀ ਕਾਰਕੁੰਨਾਂ ਵਿਰੁੱਧ ਐੱਨ.ਆਈ.ਏ.ਨੂੰ ਹਥਿਆਰ ਬਣਾਕੇ ਵਰਤਣਾ ਬੰਦ ਕੀਤਾ ਜਾਵੇ,ਦੇਸ ਦੇ ਨਾਗਰਿਕਾਂ ਦੇ ਲੋਕ ਵਿਰੋਧੀ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰ ਉੱਪਰ ਕੀਤੇ ਜਾ ਰਹੇ ਹਮਲੇ ਬੰਦ ਕੀਤੇ ਜਾਣ।