ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਪਠਾਨਕੋਟ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਕੀਤਾ ਦੌਰਾ
ਬੱਚਿਆਂ ਦਾ ਮਿਡ ਡੇ ਮੀਲ ਕੀਤਾ ਚੈਕ ਅਤੇ ਆਂਗਣਵਾੜੀ ਸੈਂਟਰਾਂ ਵਿੱਚੋਂ ਪੰਜੀਰੀ ਅਤੇ ਖਿਚੜੀ ਦੇ ਲਏ ਸੈਂਪਲ
ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੀਆਂ ਸਕੀਮਾਂ ਸਬੰਧੀ ਹੈਲਪਲਾਈਨ ਨੰਬਰ 9876764545 ‘ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ ਦਰਜ:- ਵਿਜੇ ਦੱਤ
ਪੰਜਾਬ ਨੈੱਟਵਰਕ, ਪਠਾਨਕੋਟ
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਪਠਾਨਕੋਟ ਜ਼ਿਲ੍ਹੇ ਦੇ ਬਲਾਕ ਧਾਰ ਦੇ ਸਰਕਾਰੀ ਹਾਈ ਸਕੂਲ ਦੁੱਖਨਿਆਲੀ, ਸਰਕਾਰੀ ਪ੍ਰਾਇਮਰੀ ਸਕੂਲ ਦੁੱਖਨਿਆਲੀ, ਸਰਕਾਰੀ ਹਾਈ ਸਕੂਲ ਸਾਰਟੀ, ਸਰਕਾਰੀ ਪ੍ਰਾਇਮਰੀ ਸਕੂਲ ਸਾਰਟੀ, ਆਂਗਣਵਾੜੀ ਸੈਂਟਰ ਸਾਰਟੀ ਅਤੇ ਆਂਗਣਵਾੜੀ ਸੈਂਟਰ ਦੁੱਖਨਿਆਲੀ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਆਂਗਣਵਾੜੀ ਸੈਂਟਰਾਂ ਵਿੱਚੋਂ ਪੰਜੀਰੀ ਅਤੇ ਖਿਚੜੀ ਦੇ ਸੈਂਪਲ ਲਏ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਡੀਈਓ ਐਲੀਮੈਂਟਰੀ ਸਿੱਖਿਆ ਪਠਾਨਕੋਟ ਡੀਜੀ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਆਂਗਣਵਾੜੀ ਵਿੱਚ ਪਰੋਸੀ ਜਾਂਦੀ ਪੰਜੀਰੀ ਅਤੇ ਖਿਚੜੀ ਦੀ ਗੁਣਵੱਤਾ ਸਬੰਧੀ ਰਿਪੋਰਟਾਂ ਆ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਕਮਿਸ਼ਨ ਨੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਤੋਂ ਨਮੂਨੇ ਲੈ ਕੇ ਇਸ ਖੁਰਾਕੀ ਵਸਤੂ ਦੀ ਗੁਣਵੱਤਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਅੱਜ ਇਹ ਸੈਂਪਲ ਲਏ ਗਏ ਹਨ, ਜਿਸ ਦਾ ਟੈਸਟ ਲੈਬ ਵਿੱਚ ਕੀਤਾ ਜਾਵੇਗਾ।
ਕਮਿਸ਼ਨ ਦੇ ਮੈਂਬਰ ਦੱਤ ਨੇ ਸਕੂਲਾਂ ਵਿੱਚ ਮਿਡ-ਡੇ-ਮੀਲ ਫੂਡ ਸਵਾਦ ਰਜਿਸਟਰ ਨੂੰ ਬਣਾਈ ਰੱਖਣ, ਬੱਚਿਆਂ ਨੂੰ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਉਣ ਅਤੇ ਖਾਣਾ ਬਣਾਉਣ ਅਤੇ ਪਰੋਸਣ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰੱਖਣ ਦੀਆਂ ਹਦਾਇਤਾਂ ਦਿੱਤੀਆਂ। ਕਮਿਸ਼ਨ ਦੇ ਮੈਂਬਰ ਨੇ ਸਕੂਲੀ ਵਿਦਿਆਰਥੀਆਂ ਨਾਲ ਮਿਡ-ਡੇ-ਮੀਲ ਸਬੰਧੀ ਗੱਲਬਾਤ ਕੀਤੀ ਅਤੇ ਬੱਚਿਆਂ ਦਾ ਮਿਡ-ਡੇ-ਮੀਲ ਚੈਕ ਕੀਤਾ।
ਉਨ੍ਹਾਂ ਜ਼ਿਲ੍ਹਾ ਪਠਾਨਕੋਟ ਦੇ ਸਕੂਲਾਂ ਵਿੱਚ ਦਿੱਤੇ ਜਾ ਰਹੇ ਮਿਡ ਡੇ ਮੀਲ ਦੀ ਪ੍ਰਸੰਸਾ ਕੀਤੀ। ਕਮਿਸ਼ਨ ਮੈਂਬਰ ਨੇ ਸਬੰਧਤ ਸਕੂਲ ਵਿੱਚ ਟੀ.ਡੀ.ਐਸ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਜੋ ਠੀਕ ਪਾਈ ਗਈ।
ਇਸ ਤੋਂ ਇਲਾਵਾ ਕਮਿਸ਼ਨ ਦੇ ਮੈਂਬਰ ਨੇ ਸਕੂਲੀ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਮਿਡ ਡੇ ਮੀਲ ਵਰਕਰਾਂ ਦਾ ਮੈਡੀਕਲ ਚੈਕਅੱਪ ਕਰਨ ਦੇ ਵੀ ਨਿਰਦੇਸ਼ ਦਿੱਤੇ।
ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਆਂਗਣਵਾੜੀ ਕੇਂਦਰਾਂ ਦੀ ਚੈਕਿੰਗ ਕਰਦਿਆਂ ਇੰਚਾਰਜਾਂ ਅਤੇ ਹੈਲਪਰਾਂ ਨੂੰ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਨਵੀਨਤਮ ਸਕੀਮਾਂ ਬਾਰੇ ਜਾਣਕਾਰੀ ਦੇਣ।
ਦੌਰੇ ਦੌਰਾਨ ਕਮਿਸ਼ਨ ਮੈਂਬਰ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ, ਸਰਕਾਰੀ ਰਾਸ਼ਨ ਡਿਪੂਆਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੀਆਂ ਸਕੀਮਾਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਇਸ ਮੌਕੇ ਤੇ ਹੈਡਮਿਸਟ੍ਰੇਸ ਦੀਪੀਕਾ ਡਿਗਰਾ, ਹੈਡਮਾਸਟਰ ਸੰਜੀਵ ਕੁਮਾਰ, ਸੀਐਚਟੀ ਕਵਿੰਦਰ ਕੁਮਾਰ, ਏਬੀਐਮ ਮਿੰਟੂ, ਏਬੀਐਮ ਰੰਜੀਤ, ਅਮਿਤ ਕੁਮਾਰ, ਅਦਿਤੀ ਓਬਰਾਏ, ਉਮੇਸ਼ ਖਜੂਰੀਆਂ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।