RMPI ਅਤੇ ਲਿਬ੍ਰੇਸ਼ਨ ਵੱਲੋਂ ਸੰਗਰੂਰ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦਾ ਐਲਾਨ
ਲੋਕ ਮਸਲੇ ਸੁਲਝਾਉਣ ਲਈ ਮੁੱਖ ਮੰਤਰੀ ਨੂੰ ਦਿੱਤਾ ਜਾਵੇਗਾ ਯਾਦ ਪੱਤਰ
ਦਲਜੀਤ ਕੌਰ, ਸੰਗਰੂਰ:
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਅਤੇ ਸੀਪੀਆਈ (ਐਮਐਲ) ਲਿਬ੍ਰੇਸ਼ਨ ਦੀ ਸਾਂਝੀ, ਜਿਲ੍ਹਾ ਪੱਧਰੀ ਮੀਟਿੰਗ ਸਾਥੀ ਦੇਵ ਰਾਜ ਵਰਮਾ, ਸੂਬਾ ਪ੍ਰਧਾਨ ਸੀਟੀਯੂ ਪੰਜਾਬ ਦੀ ਪ੍ਰਧਾਨਗੀ ਹੇਠ ਸਿਟੀ ਪਾਰਕ ਸੰਗਰੂਰ ਵਿਖੇ ਹੋਈ।
ਆਰ.ਐਮ.ਪੀ.ਆਈ. ਦੇ ਜਿਲ੍ਹਾ ਸਕੱਤਰ ਸਾਥੀ ਊਧਮ ਸਿੰਘ ਸੰਤੋਖਪੁਰਾ ਅਤੇ ਲਿਬ੍ਰੇਸ਼ਨ ਦੇ ਸੂਬਾਈ ਆਗੂ ਸਾਥੀ ਗੋਵਿੰਦ ਛਾਜਲੀ ਨੇ ਜਲੰਧਰ ਵਿਖੇ ਹੋਈ ਦੋਹਾਂ ਪਾਰਟੀਆਂ ਦੀ ਸਾਂਝੀ ਸੂਬਾਈ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਸਾਥੀ ਸਰਬਜੀਤ ਸਿੰਘ ਵੜੈਚ, ਸੂਬਾ ਕਮੇਟੀ ਮੈਂਬਰ ਆਰ.ਐਮ.ਪੀ.ਆਈ ਅਤੇ ਸਾਥੀ ਲਾਭ ਸਿੰਘ ਨਮੋਲ ਨੇ ਵੀ ਵਿਚਾਰ ਰੱਖੇ।
ਫੈਸਲਾ ਕੀਤਾ ਗਿਆ ਕਿ ਆਉਣ ਵਾਲੀ 15 ਸਤੰਬਰ ਨੂੰ ਸ਼ਹਿਰ ਅੰਦਰ ਸਾਂਝਾ ਰੋਸ ਮੁਜ਼ਾਹਰਾ ਕਰਨ ਪਿੱਛੋਂ ਮੁੱਖ ਮੰਤਰੀ ਪੰਜਾਬ ਨੂੰ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਸਬੰਧੀ ਅਤੇ ਦਿਨੋ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਹਾਲਤ ਸੁਧਾਰਨ ਲਈ ਮੰਗ ਪੱਤਰ ਦਿੱਤਾ ਜਾਵੇਗਾ।
ਰੋਸ ਮੁਜ਼ਾਹਰੇ ਦੀ ਤਿਆਰੀ ਲਈ, ਕੇਂਦਰ ਦੀ ਮੋਦੀ-ਸ਼ਾਹ ਸਰਕਾਰ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਅਤੇ ਆਰ.ਐਸ.ਐਸ ਦੇ ਧਰਮ ਅਧਾਰਤ ਕੱਟੜ ਰਾਜ ਕਾਇਮ ਕਰਨ ਦੇ ਫਿਰਕੂ-ਫਾਸ਼ੀ, ਫੁੱਟਪਾਊ ਏਜੰਡੇ ਦੇ ਮਾੜੇ ਨਤੀਜਿਆਂ ਤੋਂ ਲੋਕਾਂ ਨੂੰ ਜਾਣੂੰ ਕਰਾਉਣ ਹਿਤ ਪਿੰਡਾਂ, ਕਸਬਿਆਂ ਅੰਦਰ ਜਨ ਸੰਪਰਕ ਮੁਹਿੰਮ ਚਲਾਈ ਜਾਵੇਗੀ।
ਮੀਟਿੰਗ ਵਲੋਂ ਦੇਸ਼ ਭਰ ‘ਚ ਇਸਤਰੀਆਂ ਖਿਲਾਫ਼ ਵਾਪਰ ਰਹੀਆਂ ਦਰਿੰਦਗੀ ਦੀਆਂ ਵਾਰਦਾਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਉਕਤ ਅਪਰਾਧਾਂ ਦੇ ਦੋਸ਼ੀਆਂ ਅਤੇ ਇਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਰੰਗੇ-ਬਿਰੰਗੇ ਸਿਆਸਤਦਾਨਾਂ, ਪੁਲਸ-ਪ੍ਰਸ਼ਾਸਨਿਕ ਅਧਿਕਾਰਾਂ ਅਤੇ ਫਿਰਕੂ ਸੰਗਠਨਾਂ ਦੇ ਕਾਰਕੁੰਨਾਂ ਖਿਲਾਫ਼ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ।
ਮੀਟਿੰਗ ਵਲੋਂ ਜਿਲ੍ਹੇ ਦੇ ਮਜ਼ਦੂਰਾਂ-ਕਿਸਾਨਾਂ, ਖੇਤ ਮਜ਼ਦੂਰਾਂ, ਇਸਤਰੀਆਂ, ਨੌਜਵਾਨਾਂ-ਵਿਦਿਆਰਥੀਆਂ, ਕੱਚੇ ਕਰਮਚਾਰੀਆਂ ਅਤੇ ਹੋਰ ਮਿਹਨਤੀ ਤਬਕਿਆਂ ਨੂੰ ਉਕਤ ਮੁਜ਼ਾਹਰੇ ‘ਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।