Punjab News: ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਅਧਿਆਪਕਾਂ ਦੇ ਰਹਿੰਦੇ ਕਾਡਰਾਂ ਨੂੰ ਤਰੱਕੀਆਂ ਦੇਣ ਦੀ ਕੀਤੀ ਮੰਗ
Punjab News: ਅਧਿਆਪਕਾਂ ਨੂੰ ਤਰੱਕੀਆਂ ਨਾਲ ਨਿਵਾਜ ਕੇ ਅਧਿਆਪਕ ਦਿਵਸ ਨੂੰ ਯਾਦਗਾਰ ਬਣਾਏ ਸਿੱਖਿਆ ਵਿਭਾਗ ਪੰਜਾਬ: ਡੀਟੀਐੱਫ ਪੰਜਾਬ
ਦਲਜੀਤ ਕੌਰ, ਚੰਡੀਗੜ੍ਹ:
Punjab News: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਿੱਖਿਆ ਵਿਭਾਗ ਪਾਸੋਂ ਵਾਰ ਵਾਰ ਵੱਖ ਵੱਖ ਕਾਡਰਾਂ ਤਰੱਕੀਆਂ ਦੀ ਮੰਗ ਕੀਤੇ ਜਾਣ ‘ਤੇ ਭਾਵੇਂ ਕੁਝ ਵਿਸ਼ਿਆਂ ਦੀਆਂ ਲੈਕਚਰਾਰਾਂ ਦੀਆਂ ਤਰੱਕੀਆਂ ਹੋ ਗਈਆਂ ਹਨ ਪਰ ਹਾਲੇ ਵੀ ਅਹਿਮ ਵਿਸ਼ਿਆਂ ਦੇ ਲੈਕਚਰਾਰਾਂ ਅਤੇ ਹੋਰ ਕਾਡਰਾਂ (ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ, ਸੀ ਐਂਡ ਵੀ ਤੋਂ ਮਾਸਟਰ ਕਾਡਰ, ਨਾਨ ਟੀਚਿੰਗ ਤੋਂ ਮਾਸਟਰ ਕਾਡਰ, ਅਦਰ ਕੈਟਾਗਰੀ ਟੀਚਰਜ਼ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਹੈੱਡ ਮਾਸਟਰ, ਲੈਕਚਰਾਰ ਕਾਡਰ ਤੋਂ ਪ੍ਰਿੰਸੀਪਲ, ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲ ਆਦਿ) ਦੀਆਂ ਤਰੱਕੀਆਂ ਹਾਲੇ ਬਾਕੀ ਰਹਿੰਦੀਆਂ ਹਨ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਪੰਜਾਬ ਨੂੰ ਨਿਰਦੇਸ਼ ਦੇ ਕੇ 5 ਸਤੰਬਰ ਅਧਿਆਪਕ ਦਿਵਸ ਮੌਕੇ ਤੱਕ ਅਧਿਆਪਕਾਂ ਵੱਖ ਵੱਖ ਕਾਡਰਾਂ ਤੋਂ ਅਗਲੇ ਕਾਡਰ ਦੀਆਂ ਤਰੱਕੀਆਂ ਦੇ ਕੇ ਉਹਨਾਂ ਨੂੰ ਇੱਕ ਤੋਹਫ਼ਾ ਦੇਵੇ। ਬਦਲਾਅ ਵਾਲੀ ਸਰਕਾਰ ਦੇ ਰਾਜ ਵਿੱਚ ਭਾਵੇਂ ਤਰੱਕੀਆਂ ਉਡੀਕਦੇ ਉਡੀਕਦੇ ਅਨੇਕਾਂ ਅਧਿਆਪਕ ਰਿਟਾਇਰ ਹੋ ਚੁੱਕੇ ਹਨ ਪਰ ਫਿਰ ਵੀ ਜਿਹੜੇ ਅਧਿਆਪਕਾਂ ਦਾ ਤਰੱਕੀਆਂ ਲਈ ਹੱਕ ਬਣਦਾ ਹੈ ਵਿਭਾਗ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਅਧਿਆਪਕਾਂ ਨੂੰ ਤਰੱਕੀਆਂ ਨਾਲ ਨਿਵਾਜੇ।
ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਪਹਿਲੀ ਸਤੰਬਰ ਨੂੰ ਫਿਜਿਕਸ, ਕਮਿਸਟਰੀ, ਬਾਇਲੋਜੀ, ਜਿਓਗ੍ਰਾਫੀ, ਸੋਸ਼ਿਓਲੋਜੀ, ਸੰਸਕ੍ਰਿਤ, ਉਰਦੂ, ਹੋਮ ਸਾਇੰਸ ਅਤੇ ਮਿਊਜਿਕ ਵਿਸ਼ਿਆਂ ਦੀਆਂ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ, ਪਰ ਸਾਡੀ ਮਾਤ ਭਾਸ਼ਾ ਪੰਜਾਬੀ, ਅੰਗਰੇਜ਼ੀ, ਗਣਿਤ, ਕਾਮਰਸ, ਪੋਲੀਟੀਕਲ ਸਾਇੰਸ, ਹਿੰਦੀ ਅਤੇ ਹਿਸਟਰੀ ਵਰਗੇ ਵਿਸ਼ਿਆਂ ਦੀਆਂ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਨੂੰ ਬਿਨਾਂ ਕਿਸੇ ਕਾਰਣ ਲਟਕਾਇਆ ਗਿਆ ਹੈ।
ਪਿਛਲੇ ਲੰਬੇ ਸਮੇਂ ਤੋਂ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ,ਸੀ ਐਂਡ ਵੀ ਤੋਂ ਮਾਸਟਰ ਕਾਡਰ, ਨਾਨ ਟੀਚਿੰਗ ਤੋਂ ਮਾਸਟਰ ਕਾਡਰ, ਅਦਰ ਕੈਟਾਗਰੀ ਟੀਚਰਜ਼ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਹੈੱਡ ਮਾਸਟਰ, ਹੈੱਡ ਮਾਸਟਰ ਅਤੇ ਲੈਕਚਰਾਰ ਕਾਡਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਵੀ ਪੈਂਡਿੰਗ ਹਨ ਜਿੰਨ੍ਹਾਂ ਸਬੰਧੀ ਵਿਭਾਗ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਤਰੱਕੀਆਂ ਨੂੰ ਉਡੀਕਦੇ ਉਡੀਕਦੇ ਅਧਿਆਪਕ ਆਪਣੇ ਮਨ ਦੇ ਚਾਅ ਮਨ ਵਿੱਚ ਲੈ ਕੇ ਹੀ ਲਗਾਤਾਰ ਰਿਟਾਇਰ ਹੋ ਰਹੇ ਹਨ।
ਤਰੱਕੀਆਂ ਨੂੰ ਉਡੀਕਦੇ ਅਧਿਆਪਕ ਆਪਣੇ ਵਿਸ਼ਿਆਂ ਦੀਆਂ ਤਰੱਕੀਆਂ ਦੀਆਂ ਸੂਚੀਆਂ ਨਾ ਜਾਰੀ ਹੋਣ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਹਨ? ਦੂਸਰੇ ਵਿਸ਼ਿਆਂ ਦੀਆਂ ਤਰੱਕੀਆਂ ਦੀਆਂ ਸੂਚੀਆਂ ਜਾਰੀ ਹੋਣ ਨਾਲ ਇਹਨਾਂ ਵਿਸ਼ਿਆਂ ਦੇ ਅਧਿਆਪਕਾਂ ਵਿੱਚ ਨਿਰਾਸ਼ਾ ਹੈ ਅਤੇ ਅਤੇ ਉਹ ਬਿਨਾਂ ਕਾਰਨ ਬਾਕੀਆਂ ਨਾਲੋਂ ਪਿਛੜ ਗਏ ਮਹਿਸੂਸ ਕਰ ਰਹੇ ਹਨ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਹਨਾਂ ਲੈਕਚਰਾਰਾਂ ਦੀਆਂ ਤਰੱਕੀਆਂ ਕਰਕੇ ਇਹਨਾਂ ਅਧਿਆਪਕਾਂ ਨਾਲ ਨਿਆਂ ਕਰਦੇ ਹੋਏ ਅਧਿਆਪਕ ਦਿਵਸ ਮੌਕੇ ਇਹਨਾਂ ਨੂੰ ਬਹੁਤ ਵਧੀਆ ਤੋਹਫਾ ਦਿੱਤਾ ਜਾ ਸਕਦਾ ਹੈ ਅਤੇ ਤਰੱਕੀਆਂ ਉਡੀਕਦੇ ਅਧਿਆਪਕਾਂ ਲਈ ਇਸ ਦਿਵਸ ਨੂੰ ਯਾਦਗਾਰ ਬਣਾਇਆ ਜਾ ਸਕਦਾ ਹੈ।