569 ਲੈਕਚਰਾਰ ਭਰਤੀ ਵਰਗ ਲਈ 30 ਸਤੰਬਰ ਤੱਕ ਪ੍ਰੋਬੇਸ਼ਨ ਪੀਰੀਅਡ ਪੂਰਾ ਕਰਨ ਵਾਲਿਆਂ ਨੂੰ ਬਦਲੀ ਲਈ ਯੋਗ ਮੰਨਣ ਦੀ ਮੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿੱਚ 569 ਲੈਕਚਰਾਰ ਭਰਤੀ ਵਰਗ ਲਈ ਬਦਲੀ ਲਈ ਪ੍ਰੋਬੇਸ਼ਨ ਪੀਰਿਅਡ ਦੀ ਯੋਗ ਹੱਦ 31 ਅਗਸਤ ਤੋਂ 30 ਸਤੰਬਰ ਕਰਨ ਦੀ ਮੰਗ ਕੀਤੀ| ਇਸ ਸੰਬੰਧੀ ਸਿੱਖਿਆ ਮੰਤਰੀ ਦੇ ਨਾਮ ਮੰਗ ਪੱਤਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਹੀ ਉਹਨਾਂ ਦੇ ਸੁਪਰਿੰਟੇੰਡੈਂਟ ਮਲਕੀਤ ਸਿੰਘ ਨੂੰ ਦਿੱਤਾ|
ਇਸ ਮੌਕੇ ਲੈਕਚਰਾਰ ਆਗੂ ਅਮਨ ਸ਼ਰਮਾ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਰਗ ਦੀਆਂ ਕਈ ਮਹਿਲਾ ਅਤੇ ਪੁਰਸ਼ ਲੈਕਚਰਾਰ ਆਪਣੇ ਘਰਾਂ ਤੋਂ 100 ਕਿਲੋਮੀਟਰ ਦੂਰ ਸਕੂਲਾਂ ਤੋਂ ਕੰਮ ਕਰ ਰਹੇ ਹਨ ਅਤੇ ਇੱਥੇ ਰੋਜਾਨਾ ਆਉਣ ਜਾਉਣ ਵਿੱਚ 4 ਤੋਂ 5 ਘੰਟੇ ਸਮਾਂ ਲੱਗਦਾ ਹੈ ਜਿਸ ਨਾਲ ਇਹਨਾਂ ਨੂੰ ਬਹੁਤ ਸਰੀਰਕ ਅਤੇ ਮਾਨਸਿਕ ਮੁਸ਼ਕਿਲਾਂ ਤੋਂ ਗੁਜਰਨਾ ਪੈਂਦਾ ਹੈ|
ਇਹਨਾਂ ਦੇ ਛੋਟੇ ਛੋਟੇ ਬੱਚੇ ਅਤੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਚ ਬਹੁਤ ਹੀ ਮੁਸ਼ਕਿਲ ਆ ਰਹੀ ਹੈ| ਇਸ ਲਈ ਜਥੇਬੰਦੀ ਨੇ 31 ਅਗਸਤ ਦੀ ਬਜਾਏ 30 ਸਤੰਬਰ ਤੱਕ ਪ੍ਰੋਬੇਸ਼ਨ ਪੀਰਿਯਡ ਪੁਰਾ ਕਰਨ ਵਾਲਿਆਂ ਨੂੰ ਬਦਲੀ ਲਈ ਯੋਗ ਮੰਨਣ ਦੀ ਮੰਗ ਕੀਤੀ ਤਾਂ ਕਿ ਇਹ ਲੈਕਚਰਾਰ ਆਪਣੀ ਡਿਊਟੀ ਦੇ ਨਾਲ ਨਾਲ ਆਪਣੀ ਘਰੇਲੂ ਜਿੰਮੇਵਾਰੀਆਂ ਵੀ ਇਮਾਨਦਾਰੀ ਨਾਲ ਨਿਭਾ ਸਕਣ| ਇਸ ਮੌਕੇ ਨੀਰਜ ਸੈਣੀ, ਆਕਾਸ਼ ਕੁਮਾਰ, ਅਵਿਨਾਸ਼ ਸੈਣੀ,ਮੋਨਿਕਾ ਸ਼ਰਮਾ, ਰਮਨਜੀਤ ਕੌਰ,ਸ਼ਰਨਜੀਤ ਕੌਰ,ਮਨਦੀਪ ਸ਼ਰਮਾ ਆਦਿ ਹਾਜਰ ਸਨ।