ਮਾਨ ਸਰਕਾਰ ਵੱਲੋਂ ਪੰਜਾਬ ਰੋਡਵੇਜ਼/PRTC ਮਹਿਕਮਿਆਂ ਨੂੰ ਬੰਦ ਕਰਨ ਦੀ ਕੋਸ਼ਿਸ਼, ਸਾਂਝੀ ਐਕਸ਼ਨ ਕਮੇਟੀ ਨੇ ਰੋਸ ਵਜੋਂ ਕੀਤੀਆਂ ਗੇਟ ਰੈਲੀਆਂ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ –
ਪੰਜਾਬ ਰੋਡਵੇਜ਼/ਪੀ ਆਰ ਟੀ ਸੀ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਪੰਜਾਬ ਦੇ ਸਾਰੇ ਡਿਪੂਆਂ ਵਿੱਚ ਗੇਟਾਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਹਨ। ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਡਿਪੂ ਫਿਰੋਜ਼ਪੁਰ ਦੇ ਗੇਟ ਤੇ ਅੱਜ ਪੂਰੀ ਰੋਹ ਭਰਪੂਰ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਵਿੱਚ ਸਾਰੀਆਂ ਭਰਾਤਰੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਦੱਸਿਆ ਗਿਆ ਹੈ ਕਿ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਰੋਡਵੇਜ਼/ਪੀ ਆਰ ਟੀ ਸੀ ਮਹਿਕਮਿਆਂ ਨੂੰ ਬੰਦ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ ਕਿ ਇਹਨਾਂ ਮਹਿਕਮਿਆਂ ਵਿੱਚ ਬਜ਼ਟ ਰੱਖ ਕੇ ਨਵੀਆਂ ਬੱਸਾਂ ਨਾ ਪਾਉਣਾ, ਨਜਾਇਜ਼ ਅਪਰੇਸ਼ਨ ਨੂੰ ਬੰਦ ਨਾ ਕਰਨਾ।
ਆਰ ਟੀ ਏ ਦਫ਼ਤਰਾਂ ਵੱਲੋਂ ਟਾਇਮ ਟੇਬਲਾਂ ਵਿਚ ਨਿੱਜੀ ਪ੍ਰਾਈਵੇਟ ਅਪਰੇਟਰਾਂ ਨੂੰ ਫਾਇਦਾ ਦੇਣਾ, ਵੱਧਦੀ ਆਬਾਦੀ ਨੂੰ ਮੁੱਖ ਰੱਖਦਿਆਂ ਸਮੇਂ ਸਿਰ ਬੱਸਾਂ ਦਾ ਫਲੀਟ ਪੂਰਾ ਨਾ ਕਰਣਾ ਅਤੇ ਇਸੇ ਤਰ੍ਹਾਂ ਇਹਨਾਂ ਮਹਿਕਮਿਆਂ ਵਿੱਚ ਹਜ਼ਾਰਾਂ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਜਿਵੇਂ ਹਰ ਕੈਟਾਗਿਰੀ ਦੀਆਂ ਸਮੇਂ ਸਿਰ ਪ੍ਰਮੋਸ਼ਨਾਂ ਨਾ ਕਰਨਾ, ਪੁਰਾਣੀ ਪੈਨਸ਼ਨ ਬਹਾਲ ਨਾ ਕਰਣਾ, ਮਹਿਕਮਿਆਂ ਵਿੱਚ ਨਵੀਆਂ ਪੋਸਟਾਂ ਕਰੇਟ ਕਰਣ ਦੀ ਬਜਾਏ ਮੌਜੂਦਾ ਪੋਸਟਾਂ ਖਤਮ ਕਰਣਾ, ਵਰਕਸ਼ਾਪ ਵਿੱਚ ਬੱਸਾਂ ਦਾ ਸਪੇਅਰ ਪਾਰਟਸ ਨਾ ਆਉਣਾ,ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਨਾ ਕਰਣਾ ਅਤੇ ਬਕਾਇਆ ਜਾਰੀ ਨਾ ਕਰਨਾ।
ਕੇਂਦਰ ਸਰਕਾਰ ਦੀ ਤਰਜ਼ ਤੇ ਬਾਕੀ ਰਹਿੰਦਾ ਡੀ ਏ ਅਤੇ ਕਿਸ਼ਤਾਂ ਦਾ ਬਕਾਇਆ ਜਾਰੀ ਨਾ ਕਰਣਾ, ਕੁਝ ਕੈਟਾਗਿਰੀਆਂ ਦੇ ਪੇ ਸਕੇਲ ਨੂੰ ਸੋਧ ਕੇ ਉਹਨਾਂ ਦੀ ਤਨਖਾਹ ਵਿੱਚ ਵਾਧਾ ਨਾ ਕਰਣਾ, ਛੇਵੇਂ ਪੇ ਕਮਿਸ਼ਨ ਵਿੱਚ ਕਰਮਚਾਰੀਆਂ ਦੇ ਕੱਟੇ ਗਏ ਭੱਤਿਆਂ ਨੂੰ ਬਹਾਲ ਨਾ ਕਰਣਾ, ਅਤੇ ਮਹਿਕਮੇ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾਵੇ।
ਅੰਤ ਵਿੱਚ ਬੋਲਦੇ ਹੋਇਆਂ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਇਹਨਾਂ ਹੱਕੀ ਮੰਗਾਂ ਨੂੰ ਪੂਰਾ ਨਹੀਂ ਕਰਦੀ ਹੈ ਤਾਂ ਜੋਆਇੰਟ ਐਕਸ਼ਨ ਕਮੇਟੀ ਵੱਲੋਂ ਆਉਣ ਵਾਲੀ 13 ਸਤੰਬਰ ਨੂੰ ਲੁਧਿਆਣਾ ਵਿਖੇ ਵਿਸ਼ਾਲ ਮੁਜ਼ਾਹਰਾ ਅਤੇ ਰੈਲੀ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸਦੀ ਸਾਰੀ ਜ਼ੁਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਏਟਕ ਜਥੇਬੰਦੀ ਤੋਂ ਜਨਰਲ ਸਕੱਤਰ ਉਂਕਾਰ ਸਿੰਘ, ਅਮਿਤ ਕੈਸ਼ੀਅਰ, ਕਰਮਚਾਰੀ ਦਲ ਜਥੇਬੰਦੀ ਤੋਂ ਸੂਬਾ ਪ੍ਰਧਾਨ ਗੁਰਜੀਤ ਸਿੰਘ, ਪ੍ਰਧਾਨ ਮਹਿੰਦਰ ਸਿੰਘ,ਇੰਟਕ ਜਥੇਬੰਦੀ ਤੋਂ ਪ੍ਰਧਾਨ ਹਰਪ੍ਰੀਤ ਸਿੰਘ, ਜਨਰਲ ਸਕੱਤਰ ਸੰਜੀਵ ਕੁਮਾਰ,ਮਨਿਸਟੀਰੀਅਲ ਜਥੇਬੰਦੀ ਤੋਂ ਮੀਤ ਪ੍ਰਧਾਨ ਪਵਨ ਕੁਮਾਰ ਸਿੰਗਲਾ, ਜੋਆਇੰਟ ਸਕੱਤਰ ਜਸਕਰਨ ਸਿੰਘ ਆਦਿ ਸਾਥੀ ਹਾਜ਼ਰ ਹੋਏ।