All Latest NewsNews FlashPunjab News

ਸਵਪਨ ਫਾਊਂਡੇਸ਼ਨ ਪਟਿਆਲਾ ਵੱਲੋਂ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ਼ ਲੇਖਕ ਸੁਭਾਸ਼ ਭਾਸਕਰ ਦੀ ਰਚਨਾ “ਨਾਟਕਕਾਰ” ‘ਤੇ ਕੀਤੀ ਗਈ ਵਿਚਾਰ ਚਰਚਾ

 

ਪੰਜਾਬ ਨੈੱਟਵਰਕ ਚੰਡੀਗੜ੍ਹ

ਸਵਪਨ ਫਾਊਂਡੇਸ਼ਨ ਪਟਿਆਲਾ (ਰਜਿ.) ਵੱਲੋਂ, ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਦੇ ਨਾਲ਼ ਮਹੀਨਾਵਾਰ “ਬੈਠਕ” ਤਹਿਤ ਅੱਜ ਕਲਾ ਭਵਨ, ਚੰਡੀਗੜ੍ਹ ਵਿਖੇ ਲੇਖਕ ਸੁਭਾਸ਼ ਭਾਸਕਰ ਦੀ ਰਚਨਾ “ਨਾਟਕਕਾਰ” ‘ਤੇ ਵਿਚਾਰ ਚਰਚਾ ਕਰਵਾਈ ਗਈ।

ਸਭ ਤੋਂ ਪਹਿਲਾਂ ਲੇਖਕ ਵੱਲੋਂ ਆਪਣੀ ਰਚਨਾ ਦਾ ਪਾਠ ਕੀਤਾ ਗਿਆ। ਰਚਨਾ ਬਾਰੇ ਪਹਿਲਾਂ ਡਾ. ਸੁਭਾਸ਼ ਸ਼ਰਮਾ ਨੇ ਆਪਣੇ ਵਿਚਾਰ ਰੱਖੇ, ਉਹਨਾਂ ਕਿਹਾ ਕਿ ਰਚਨਾ ਵਿਚ ਰਵਾਨੀ ਹੈ ਅਤੇ ਇਸ ਤਰ੍ਹਾਂ ਦੀ ਸ਼ੈਲੀ ਵਿਚ ਚੰਗੇਰਾ ਲਿਖਣ ਦੀਆਂ ਸੰਭਾਵਨਾਵਾਂ ਹਨ।

ਇਸ ਉਪਰੰਤ ਉੱਘੇ ਨਾਟਕਕਾਰ ਤੇ ਕਵੀ ਵਿਜੇ ਕਪੂਰ ਜੀ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਲੇਖਕ ਨੂੰ ਪਹਿਲਾਂ ਆਪਣੀ ਇਸ ਰਚਨਾ ਦੀ ਵਿਧਾ ਦਾ ਫ਼ੈਸਲਾ ਕਰਨਾ ਪਵੇਗਾ ਫਿਰ ਉਸ ਦੇ ਪੈਰਾਮੀਟਰਾਂ ਦੇ ਆਧਾਰ ਦੇ ‘ਤੇ ਆਪਣੀ ਗੱਲ ਕਹਿਣੀ ਹੋਵੇਗੀ ਅਤੇ ਜਿਸ ਬਾਰੇ ਲਿਖਿਆ ਜਾ ਰਿਹਾ ਹੈ ਉਸ ਦੇ ਜੀਵਨ ਤੇ ਰਚਨਾ ਬਾਰੇ ਜਾਣਕਾਰੀ ਲੈਣੀ ਹੋਵੇਗੀ। ਉੱਘੀ ਲੇਖਿਕਾ ਅਲਕਾ ਕੰਸਰਾ ਨੇ ਇਸ ਰਚਨਾ ਨੂੰ ਕਹਾਣੀ ਦੇ ਨੇੜੇ ਦੱਸਿਆ।

ਸ਼ਾਇਰ ਤੇ ਆਲੋਚਕ ਡਾ. ਸੁਨੀਤ ਮਦਾਨ ਨੇ ਕਿਹਾ ਕਿ ਰਚਨਾ ਵਿਚ ਕਈ ਤਰ੍ਹਾਂ ਦੇ ਖੱਪੇ ਹਨ ;ਕਈ ਥਾਂ ਗੱਲ ਟੁੱਟਦੀ ਹੈ. ਉਹਨਾਂ ਅੱਗੇ ਕਿਹਾ ਕਿ ਲੇਖਕ ਨੂੰ ਥੋੜ੍ਹੀ ਸਪੱਸ਼ਟਤਾ ਲਿਆਉਣੀ ਪਵੇਗੀ। ਉੱਘੇ ਰੰਗਕਰਮੀ ਬਲਕਾਰ ਸਿੱਧੂ ਨੇ ਆਪਣੀ ਵਾਰੀ ਬੋਲਦਿਆਂ ਸੰਬੋਧਨ ਕੀਤਾ ਕਿ ਜੇ ਤੁਸੀਂ ਆਪਣੀ ਗੱਲ ਪ੍ਰਭਾਵਸ਼ਾਲੀ ਤਰੀਕੇ ਨਾਲ਼ ਕਹਿ ਲੈਂਦੇ ਹੋ ਤਾਂ ਤੁਹਾਡੀ ਆਪਣੀ ਵਿਧਾ ਬਣ ਜਾਂਦੀ ਹੈ।

ਉੱਭਰ ਰਹੇ ਆਲੋਚਕ ਸੁਖਵਿੰਦਰ ਸਿੱਧੂ ਹੋਰਾਂ ਨੇ ਰਚਨਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਇਸ ਨੂੰ ਵਾਰਤਕ ਮੰਨ ਲਿਆ ਜਾਵੇ; ਹੋਰ ਵਿਧਾਵਾਂ ਨਾਲ਼ੋਂ ਇਹ ਵਾਰਤਕ ਦੇ ਵੱਧ ਨੇੜੇ ਹੈ।ਪਾਲ ਅਜਨਬੀ ਨੇ ਆਪਣੇ ਵਿਚਾਰ ਪੇਸ਼ ਕੀਤੇ ਕਿ ਰਚਨਾ ਵਿਚ ਅਜਿਹਾ ਕੁਝ ਹੋਣਾ ਚਾਹੀਦਾ ਕਿ ਜਿਹੜੇ ਨਾਟਕਕਾਰ ਆਤਮਜੀਤ ਨੂੰ ਨਹੀਂ ਜਾਣਦੇ, ਉਹ ਵੀ ਆਨੰਦ ਮਾਣਨ।
ਪੰਨਾ ਲਾਲ ਮੁਸਤਫਾਬਾਦੀ ਨੇ ਰਚਨਾ ਦੀ ਸ਼ਲਾਘਾ ਕੀਤੀ।

ਉੱਘੇ ਨਾਟਕਕਾਰ ਸੰਜੀਵਨ ਸਿੰਘ ਨੇ ਇਸ ਤਰ੍ਹਾਂ ਦੇ ਚਿਤਰਨ ਲਈ ਲੇਖਕ ਨੂੰ ਵਧਾਈ ਦਿੱਤੀ। ਉੱਘੇ ਲੇਖਕ ਤੇ ਪੱਤਰਕਾਰ ਪ੍ਰੀਤਮ ਰੁਪਾਲ ਹੋਰਾਂ ਨੇ ਕਿਹਾ ਕਿ ਮੈਨੂੰ ਲੇਖਕ ਦੀ ਪੇਸ਼ਕਾਰੀ ਨੇ ਪ੍ਰਭਾਵਿਤ ਕੀਤਾ। ਉੱਘੇ ਸ਼ਾਇਰ ਹਰਵਿੰਦਰ ਸਿੰਘ ਨੇ ਆਪਣੇ ਨੁਕਤੇ ਸਾਂਝੇ ਕਰਦੇ ਹੋਏ ਕਿਹਾ ਪਹਿਲੀ ਗੱਲ ਰਚਨਾ ਵਿਚ ਸਾਹਿਤ ਹੋਣਾ ਜ਼ਰੂਰੀ ਹੈ। ਕਹਾਣੀਕਾਰ ਅਜੇ ਰਾਣਾ ਨੇ ਇਸ ਰਚਨਾ ਨੂੰ ਕਹਾਣੀ ਮੰਨਣ ਤੋਂ ਇਨਕਾਰ ਕੀਤਾ। ਸ਼ਾਇਰ ਭੱਟੀ ਸ਼ਾਇਰਾਨਾ ਅੰਦਾਜ਼ ਵਿਚ ਰਚਨਾ ਦੀ ਸਿਫ਼ਤ ਕੀਤੀ।

ਨਾਮਵਰ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਸੇ ਰਚਨਾ ਦਾ ਯਾਨਰ ਹੋਣ ‘ਤੇ ਜ਼ੋਰ ਦਿੱਤਾ। ਉਹਨਾਂ ਅਗਾਂਹ ਕਿਹਾ ਕਿ ਜੇਕਰ ਤੁਸੀਂ ਯਾਨਰ ਤੋੜਦੇ ਹੋ ਤਾਂ ਤੁਹਾਨੂੰ ਆਪਣਾ ਇਕ ਵੱਖਰਾ ਢਾਂਚਾ ਬਣਾਉਣਾ ਪਵੇਗਾ। ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਰਚਨਾ ਭਾਸ਼ਾ ‘ਤੇ ਵੀ ਮਿਹਨਤ ਮੰਗਦੀ ਹੈ।ਸਿਰਮੌਰ ਕਹਾਣੀਕਾਰ ਬਲੀਜੀਤ ਨੇ ਲੇਖਕ ਨੂੰ ਇਕ ਵਿਧਾ ‘ ਤੇ ਮਿਹਨਤ ਕਰਨ ਲਈ ਕਿਹਾ।ਅਨੁਵਾਦਕ ਤੇ ਲੇਖਕ ਜੰਗ ਬਹਾਦੁਰ ਗੋਇਲ ਨੇ ਇਸ ਤਰ੍ਹਾਂ ਦੀਆਂ “ਬੈਠਕਾਂ” ਨੂੰ ਮਹੱਤਵਪੂਰਨ ਦੱਸਿਆ।

ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਵੀ, ਨਾਵਲਕਾਰ ਤੇ ਆਲੋਚਕ ਤੇ ਚਿੰਤਕ ਡਾ. ਮਨਮੋਹਨ ਨੇ ਕਿਹਾ ਕਿ ਇਸ ਸਮਾਗਮ ਵਿਚ ਮਹੱਤਵਪੂਰਨ ਗੱਲਾਂ ਹੋਈਆਂ ਤੇ ਉਮੀਦ ਹੈ ਲੇਖਕ ਉਠਾਏ ਗਏ ਨੁਕਤਿਆਂ ‘ਤੇ ਜ਼ਰੂਰ ਧਿਆਨ ਦੇਵੇਗਾ।

ਉਹਨਾਂ ਗੱਲ ਅਗਾਂਹ ਤੋਰਦਿਆਂ ਕਿਹਾ ਕਿ ਜੀਵਤ ਹਸਤੀ ਬਾਰੇ ਲਿਖਣਾ ਬਹੁਤ ਮੁਸ਼ਕਿਲ ਹੈ; ਇਸ “ਬੈਠਕ” ਨਾਲ਼ ਲੇਖਕ ਨੂੰ ਰਚਨਾ ਪ੍ਰਕ੍ਰਿਆ ਲਈ ਸੇਧ ਮਿਲੇਗੀ।

ਸਮਾਗਮ ਕਨਵੀਨਰ ਹਰਵਿੰਦਰ ਸਿੰਘ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਤੇ ਸ਼ਾਇਰ ਜਗਦੀਪ ਸਿੱਧੂ ਨੇ ਬਾਖ਼ੂਬੀ ਕੀਤਾ।ਇਸ ਸਮਾਗਮ ਵਿਚ ਵਰਿੰਦਰ ਸਿੰਘ, ਜੰਗ ਬਹਾਦੁਰ ਮਸੀਹ ਆਦਿ ਸ਼ਾਮਿਲ ਹੋਏ।

 

Leave a Reply

Your email address will not be published. Required fields are marked *