All Latest NewsNews FlashPunjab News

Punjab News: ਸਕੂਲ ਲੈਬ ਸਟਾਫ਼ ਵੱਲੋਂ ਹੱਕੀ ਮੰਗਾਂ ਲਈ ਸੰਘਰਸ਼ ਦਾ ਅਹਿਦ

 

Punjab News: ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ

ਪੰਜਾਬ ਨੈੱਟਵਰਕ, ਬਠਿੰਡਾ:

Punjab News: ਟੀਚਰਜ਼ ਹੋਮ ਬਠਿੰਡਾ ਵਿਖੇ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਜਿਲ੍ਹਾ ਇਕਾਈ ਬਠਿੰਡਾ ਦੀ ਮੀਟਿੰਗ ਹੋਈ। ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਸਰਕਾਰ ਐੱਸ.ਐੱਲ.ਏ. ਕੇਡਰ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਨ ਦੀ ਥਾਂ ਲਾਰੇ-ਲੱਪੇ ਵਾਲੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਦੱਸਿਆ ਕਿ 2011 ‘ਚ ਐੱਸ.ਐੱਲ.ਏ. ਦੇ ਬਰਾਬਰ ਦੀਆਂ ਕੈਟਾਗਿਰੀਆਂ ਨੂੰ ਵੱਧ ਪੇਅ ਸਕੇਲ ਦੇ ਕੇ ਪੇਅ ਅਨਾਮਲੀ ਪੈਦਾ ਕਰ ਦਿੱਤੀ ਗਈ।

ਪਰ 2020 ਵਿੱਚ ਨਵੇਂ ਮੁਲਾਜ਼ਮਾਂ ਲਈ ਇਨ੍ਹਾਂ ਦੀ ਬੇਸਿਕ ਪੇਅ ਫਿਰ ਐੱਸ.ਐੱਲ.ਏ. ਦੇ ਬਰਾਬਰ ਕਰਕੇ ਪੇਅ ਅਨਾਮਲੀ ਹੋਣ ਦੀ ਗੱਲ ਨੂੰ ਪ੍ਰਵਾਨ ਕਰ ਲਿਆ ਗਿਆ। ਇਸਦੇ ਬਾਵਜੂਦ ਸਰਕਾਰ ਅਜੇ ਵੀ 2020 ਤੋੰ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਦੀ ਪੇਅ ਪੈਰਿਟੀ ਬਹਾਲ ਕਰਨ ਤੋਂ ਮੁਨਕਰ ਹੈ। ਇਸ ਤੋੰ ਇਲਾਵਾ ਆਸਾਮੀ ਦਾ ਨਾਮ ਬਦਲਣ ਦੀ ਮੰਨੀ ਹੋਈ ਮੰਗ ਨੂੰ ਵੀ ਪੂਰਾ ਨਹੀਂ ਕੀਤਾ ਜਾ ਰਿਹਾ।

ਟੈੱਟ ਪਾਸ ਸਾਥੀਆਂ ਦੀਆਂ ਸਮਾਜਿਕ ਸਿੱਖਿਆ ਅਤੇ ਪੰਜਾਬੀ ਮਾਸਟਰ ਕੇਡਰ ‘ਚ ਤਰੱਕੀਆਂ ਨੂੰ ਵੀ ਲਟਕਾਇਆ ਜਾ ਰਿਹਾ ਹੈ। ਡਬਲ ਸ਼ਿਫ਼ਟ ਸਕੂਲਾਂ ‘ਚ ਕੰਮ ਕਰਦੇ ਐੱਸ.ਐੱਲ.ਏ. ਦਾ ਸਮਾਂ ਅਧਿਆਪਕਾਂ ਦੀ ਤਰ੍ਹਾਂ ਸ਼ਿਫ਼ਟ ਵਾਈਜ਼ ਕਰਨ ਦੀ ਮੰਗ ਕੀਤੀ ਗਈ ਕਿਉਂਕਿ ਐੱਸ.ਐੱਲ.ਏ. ਦਾ ਸਿੱਧਾ ਸੰਬੰਧ ਅਧਿਆਪਨ ਨਾਲ ਹੁੰਦਾ ਹੈ। ਮੀਟਿੰਗ ਵਿੱਚ ਹਾਜ਼ਰ ਸਾਰੇ ਸਾਥੀਆਂ ਨੇ ਮੰਗਾਂ ਪੂਰੀਆਂ ਨਾ ਹੋਣ ‘ਤੇ ਸੰਘਰਸ਼ ਦਾ ਰਾਹ ਅਖਤਿਆਰ ਕਰਨ ਦਾ ਅਹਿਦ ਦੁਹਰਾਇਆ।

ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਦਾ ਮਤਾ ਵੀ ਪਾਸ ਕੀਤਾ ਅਤੇ ਸੰਗਰੂਰ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ ਜਲਦ ਹੀ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੀਨੀ.ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ, ਮੀਤ ਪ੍ਰਧਾਨ ਲਖਵਿੰਦਰ ਸਿੰਘ ਮੌੜ, ਜਨਰਲ ਸਕੱਤਰ ਜਸਪ੍ਰੀਤ ਸਿੰਘ ਸਿੱਧੂ, ਵਿੱਤ ਸਕੱਤਰ ਹਰਜੀਤ ਸਿੰਘ ਕੇਸਰ ਸਿੰਘ ਵਾਲਾ, ਜਿਲ੍ਹਾ ਕਮੇਟੀ ਮੈਂਬਰ ਕੁਲਦੀਪ ਸਿੰਘ ਖਿਆਲੀਵਾਲਾ, ਜਿਲ੍ਹਾ ਕਮੇਟੀ ਮੈਂਬਰ ਮੁਕੇਸ਼ ਕੌੜਾ, ਟਿੰਕੂ ਚਾਵਲਾ, ਜਗਦੀਪ ਸਿੰਘ, ਰੇਸ਼ਮ ਸਿੰਘ, ਹਰਜਿੰਦਰ ਸਿੰਘ, ਮਨਵਿੰਦਰ ਪਾਲ, ਹਰਪ੍ਰੀਤ ਸਿੰਘ, ਸੁਖਚੈਨ ਸਿੰਘ, ਕੁਲਦੀਪ ਸਿੰਘ, ਕਮਲ ਕਾਂਤ, ਹਰਬੰਤ ਸਿੰਘ, ਰਿਤੇਸ਼ ਮਲਹੋਤਰਾ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *