ਅਧਿਆਪਕਾਂ ਦੀਆਂ ਬਦਲੀਆਂ ਦਾ ਘਮਾਸਾਣ! ਟੀਚਰਾਂ ‘ਚ ਭਾਰੀ ਰੋਸ, DTF ਬਰਨਾਲਾ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲ ਭੇਜਿਆ ਵਿਰੋਧ ਪੱਤਰ
ਦਲਜੀਤ ਕੌਰ, ਬਰਨਾਲਾ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪੱਧਰੀ ਸੱਦੇ ਅਨੁਸਾਰ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਅਤੇ ਸਕੱਤਰ ਨਿਰਮਲ ਚੁਹਾਣਕੇ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼੍ਰੀਮਤੀ ਮਲਕਾ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ਼੍ਰੀਮਤੀ ਨੀਰਜਾ ਰਾਹੀਂ ਤਰੱਕੀ ਪ੍ਰਾਪਤ ਲੈਕਚਰਾਰ ਨੂੰ ਸਟੇਸ਼ਨ ਚੋਣ ਲਈ ਪੰਜਾਬ ਵਿੱਚ ਸਾਰੇ ਖਾਲੀ ਸਟੇਸ਼ਨ ਨੂੰ ਨਾ ਦਿਖਾ ਕਿ ਕੁਝ ਚੋਣਵੇਂ ਸਟੇਸ਼ਨ ਦਿਖਾਉਣ ਅਤੇ ਬਦਲੀਆਂ ਸਮੇਂ ਹੋਈ ਅਪਾਰਦਰਸ਼ਤਾ ਤੇ ਰੋਸ ਪ੍ਰਗਟ ਕਰਦਿਆਂ ਵਿਰੋਧ ਪੱਤਰ ਦਿੱਤਾ ਗਿਆ।
ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਲੈਕਚਰਾਰ ਪ੍ਰਮੋਸ਼ਨ ਵਿੱਚ ਸੈਂਕੜੇ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਆਨਲਾਈਨ ਸ਼ੋਅ ਨਾ ਕਰਕੇ ਅਖੌਤੀ ਐਮੀਨੈਂਸ ਸਕੂਲ ਪ੍ਰੋਜੈਕਟ ਨੂੰ ਪਹਿਲ ਦਿੰਦਿਆਂ ਤਰੱਕੀ ਜਾਫਤਾ ਲੈਕਚਰਾਰਾਂ ਨੂੰ ਜਬਰੀ ਦੂਰ ਦੁਰਾਡੇ ਭੇਜਿਆ ਜਾ ਰਿਹਾ ਹੈ ਅਤੇ ਪ੍ਰੋਮੋਸ਼ਨ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਆਨਲਾਈਨ ਬਦਲੀਆਂ ਦੀ ਨੀਤੀ ਵਿੱਚ ਪਾਰਦਰਸ਼ਤਾ ਦਾ ਭੋਗ ਪਾ ਕੇ ਆਮ ਅਧਿਆਪਕ ਵਰਗ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਬਦਲਦੀਆਂ ਦਾ ਦੂਜਾ ਰਾਊਂਡ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ, ਜਦੋਂਕਿ ਸਿੱਖਿਆ ਸਕੱਤਰ ਪੰਜਾਬ ਨੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਵਫ਼ਦ ਨਾਲ ਵਾਅਦਾ ਕੀਤਾ ਸੀ ਕਿ ਦੂਜਾ ਰਾਊਂਡ ਛੇਤੀ ਸੁਰੂ ਕੀਤਾ ਜਾਵੇਗਾ।
ਇਸ ਸਮੇਂ ਸੂਬਾ ਕਮੇਟੀ ਮੈਂਬਰ ਰਾਜਿੰਦਰ ਗੁਰੂ, ਮੀਤ ਪ੍ਰਧਾਨ ਮਨਮੋਹਨ ਭੱਠਲ, ਮਾਲਵਿੰਦਰ ਬਰਨਾਲਾ, ਰਘਬੀਰ ਕਰਮਗੜ੍ਹ, ਅੰਮ੍ਰਿਤਪਾਲ ਕੋਟਦੁੰਨਾ, ਮੁੱਖ ਅਧਿਆਪਕ ਪ੍ਰਦੀਪ ਕੁਮਾਰ, ਜਗਸੀਰ ਬਖਤਗੜ੍ਹ, ਰਮਨਦੀਪ ਸਿੰਗਲਾ, ਜੁਗਰਾਜ ਅਕਲੀਆ, ਵਰਿੰਦਰ ਕੁਮਾਰ, ਭੁਪਿੰਦਰ ਸੇਖਾ, ਜਗਰੂਪ ਸਿੰਘ ਧਨੇਰ, ਮਨਪ੍ਰੀਤਪਾਲ ਸਹਿਜੜਾ ਆਦਿ ਆਗੂ ਹਾਜ਼ਰ ਸਨ।