ਅਖਾੜਾ ਸੰਘਰਸ਼ ਮੋਰਚੇ ‘ਚ ਮਨਾਇਆ ਜਾਵੇਗਾ ਸ਼ਹੀਦ-ਏ-ਆਜਮ ਭਗਤ ਸਿੰਘ ਦਾ ਜਨਮ ਦਿਹਾੜਾ
ਦਲਜੀਤ ਕੌਰ , ਜਗਰਾਉਂ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ 28 ਸਿਤੰਬਰ ਨੂੰ ਅਖਾੜਾ ਸੰਘਰਸ਼ ਮੋਰਚੇ ਚ ਇਸ ਦਿਨ ਨੂੰ ਕਾਰਪੋਰੇਟ ਵਿਰੌਧੀ ਦਿਨ ਵਜੋਂ ਮਨਾਇਆ ਜਾਵੇਗਾ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਇਕਾਈ ਪ੍ਰਧਾਨ ਗੁਰਤੇਜ ਸਿੰਘ ਅਖਾੜਾ ਨੇ ਦੱਸਿਆ ਕਿ ਇਸ ਦਿਨ ਸ਼ਹੀਦ ਦੇ 117ਵੇਂ ਜਨਮਦਿਨ ਤੇ ਲੋਕ ਕਲਾ ਮੰਚ ਮੁਲਾਂਪੁਰ ਦੀ ਨਾਟਕ ਟੀਮ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾਂ ਹੇਠ ਦੇਵਿੰਦਰ ਦਮਨ ਦਾ ਲਿਖਿਆ ਇਤਿਹਾਸਕਾਰ ਨਾਟਕ :ਛਿੱਪਣ ਤੋ ਪਹਿਲਾਂ’ ਪੇਸ਼ ਕਰੇਗੀ।
ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਸ਼ਹੀਦ ਭਗਤ ਸਿੰਘ ਦੇ ਜੀਵਨ, ਆਦਰਸ਼ਾਂ, ਕੁਰਬਾਨੀ ਦੇ ਇਤਿਹਾਸ ਤੇ ਚਾਨਣਾ ਪਾਉਣਗੇ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਕਿਸਾਨ ਮਜ਼ਦੂਰ ਮਸਲਿਆਂ ਤੇ ਵਿਚਾਰ ਸਾਂਝੇ ਕਰਨਗੇ।
ਉਹਨਾਂ ਦੱਸਿਆ ਕਿ ਜਿਸ ਸਾਮਰਾਜ ਖ਼ਿਲਾਫ਼ ਸ਼ਹੀਦ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ ਉੱਨਾਂ ਸਾਮਰਾਜੀ ਕਾਰਪੋਰੇਟਾਂ ਦੀ ਲੁੱਟ ਨੇ ਕਿਸਾਨੀ ਸਤਾਈ ਹੋਈ ਹੈ, ਜਿਨ੍ਹਾਂ ਸਾਮਰਾਜੀ ਨੀਤੀਆਂ ਕਾਰਨ ਕਾਲੇ ਖੇਤੀ ਕਨੂੰਨ ਲਿਆਂਦੇ ਗਏ ਜਿਨਾਂ ਨੂੰ ਲਾਗੂ ਕਰਨ ਦੀ ਬਦਮਗਜ ਕੰਗਨਾ ਰਨੌਤ ਮੰਗ ਕਰ ਰਹੀ ਹੈ, ਉਨ੍ਹਾਂ ਨੀਤੀਆ ਵਿਰੁੱਧ ਇਸ ਸੰਘਰਸ਼ ਮੰਚ ਤੋਂ ਅਵਾਜ਼ ਉਠਾਈ ਜਾਵੇਗੀ।
ਉਹਨਾਂ ਕਿਹਾ ਕਿ ਦੇਸ਼ ਦੀ ਕਿਸਾਨੀ ਦੀ ਅਸਲ ਦੁਸ਼ਮਣ ਕਾਰਪੋਰੇਟ ਯਾਨਿ ਵੱਡੇ ਪੂੰਜੀਪਤੀ ਹਨ ਜੋ ਖੇਤੀ ਲਈ ਲੋੜੀਦੀ ਹਰ ਵਸਤ ਮਹਿੰਗੀ ਕਰਕੇ ਜਨਤਾ ਦਾ ਕਚੂਮਰ ਕੱਢ ਰਹੇ ਹਨ। ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ‘ਇੱਕ ਯੁੱਧ ਚੱਲ ਰਿਹਾ ਹੈ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਬੰਦੇ ਹੱਥੋਂ ਬੰਦੇ ਦੀ ਲੁੱਟ ਖਤਮ ਨਹੀ ਹੁੰਦੀ।
ਇੱਕ ਲੁੱਟ ਰਹਿਤ , ਬਰਾਬਰੀ ਅਧਾਰਿਤ ਰਾਜ ਤੇ ਸਮਾਜ ਕਾਇਮ ਕਰਨ ਦੀ ਲੜਾਈ ਨੂੰ ਤੇਜ਼ ਕਰਨਾ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਹੋਵੇਗੀ। ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਮੁਬਾਰਕ ਬਨ੍ਹਾਉਣ ਲਈ ਸਮੂਹ ਇਲਾਕਾ ਵਾਸੀਆਂ ਨੂੰ 28 ਸਿਤੰਬਰ ਨੂੰ ਪਿੰਡ ਅਖਾੜਾ ਸੰਘਰਸ਼ ਮੋਰਚੇ ਚ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ ਜਾਂਦੀ ਹੈ।