ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ‘ਚ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਦੇ ਖ਼ਿਲਾਫ਼ ਮਨਾਉਣ ਦਾ ਫ਼ੈਸਲਾ
ਦਲਜੀਤ ਕੌਰ, ਲਹਿਰਾਗਾਗਾ
ਅੱਜ ਲਹਿਰਾਗਾਗਾ ਦੀਆਂ ਸਮੂਹ ਕਿਸਾਨ ਅਤੇ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬਾਬਾ ਧੰਨਾ ਸਿੰਘ ਗੁਰੂ ਘਰ ਲਹਿਰਾ ਗਾਗਾ ਵਿਖੇ ਹੋਈl ਜਿਸ ਵਿੱਚ ਕੇ ਮਿਤੀ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਉੱਤੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਦੇ ਖਿਲਾਫ ਅਤੇ ਇਹਨਾਂ ਨੂੰ ਭਾਂਜ ਦੇਣ ਲਈ ਜਾਗਰੂਕਤਾ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਗਿਆl ਇਸ ਸਬੰਧੀ ਸਾਰੀਆਂ ਹੀ ਜਥੇਬੰਦੀਆਂ ਨੇ ਗਰੀਬ ਪਰਿਵਾਰ ਫੰਡ ਧਰਮਸ਼ਾਲਾ ਵਿਖੇ ਕਾਨਫਰੰਸ ਦੇ ਰੂਪ ਵਿੱਚ ਭਰਮਾ ਇਕੱਠ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਨੂੰ ਕੇ ਵੱਖ ਵੱਖ ਬੁਲਾਰੇ ਸੰਬੋਧਨ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਕਿਹਾ ਕਿ ਅੱਜ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਦੇ ਕਾਰਨ ਜਿੱਥੇ ਹਰ ਮਨੁੱਖ ਦਾ ਜਿਉਣਾ ਦੁਬਰ ਹੋਇਆ ਪਿਆ ਉੱਥੇ ਵਾਤਾਵਰਨ ਦੇ ਸੰਕਟ ਨੇ ਵੀ ਗੰਭੀਰ ਰੂਪ ਧਾਰ ਕਰ ਲਿਆ ਹੈ। ਸਮਾਜ ਦਾ ਹਰ ਵਰਗ ਇਹਨਾਂ ਨੀਤੀਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਜਦੋਂ ਕਿ ਕਾਰਪੋਰੇਟ ਘਰਾਣੇ ਆਪਣੀਆਂ ਨੀਤੀਆਂ ਤੋਂ ਟੱਸ ਤੋਂ ਮੱਸ ਨਹੀਂ ਹੋ ਰਹੇ ਅਤੇ ਲੁੱਟ ਦੀ ਨੀਤ ਨਾਲ ਸਾਰੀ ਦੁਨੀਆ ਤੇ ਕਬਜ਼ਾ ਕਰਨ ਦੀ ਨੀਤ ਨਾਲ ਨੀਤੀਆਂ ਬਣਾ ਰਹੇ ਹਨ।
ਇਸੇ ਨੀਤੀਆਂ ਤੇ ਚਲਦੀ ਹੋਈ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਰਕਾਰ ਵੀ ਕਿਸਾਨ ਅਤੇ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਸ਼ਹੀਦ ਭਗਤ ਸਿੰਘ ਨੇ ਜੋ ਲੋਕਾਂ ਦੇ ਪੱਖ ਦਾ ਸਮਾਜ ਉਸਾਰਨ ਦਾ ਸੁਪਨਾ ਲਿਆ ਸੀ ਉਸ ਨੂੰ ਇਹਨਾਂ ਅਖੌਤੀ ਇਨਕਲਾਬੀਆਂ ਨੇ ਚਕਨਾਚੂਰ ਕਰ ਦਿੱਤਾ ਹੈ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਸੋ ਕਾਰਪੋਰੇਟ ਘਰਾਣਿਆਂ ਨੂੰ ਭਜਾਉਣ ਦੇ ਲਈ ਅੱਜ ਸਾਰੇ ਵਰਗ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਜਰੂਰਤ ਹੈ। ਇਸੇ ਮਨੋਰਥ ਦੇ ਲਈ ਲੋਕਾਂ ਨੂੰ ਜਾਗਰੂਕਤਾ ਦੇ ਵਜੋਂ ਭਗਤ ਸਿੰਘ ਦਾ ਜਨਮਦਿਨ ਕਾਰਪੋਰੇਟ ਭਜਾਓ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਗਿਆ। ਉਹਨਾਂ ਇਲਾਕੇ ਦੇ ਸਮੂਹ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਅਪੀਲ ਕੀਤੀ।
ਇਸ ਮੀਟਿੰਗ ਵਿੱਚ ਲਛਮਣ ਸਿੰਘ ਅਲੀ ਸ਼ੇਰ ਕਿਸਾਨ ਫੈਡਰੇਸ਼ਨ, ਸਰਬਜੀਤ ਸ਼ਰਮਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲਹਿਰਾ, ਮਿੱਠੂ ਸਿੰਘ ਵੀ ਕੇ ਯੂ ਰਾਜੇਵਾਲ, ਪੂਰਨ ਸਿੰਘ ਖਾਈ ਬਿਜਲੀ ਬੋਰਡ, ਮਾਸਟਰ ਰਘਵੀਰ ਸਿੰਘ ਭਟਾਲ ਲੋਕ ਚੇਤਨਾ ਮੰਚ ਲਹਿਰਾ ਗਾਗਾ, ਬਲਵੀਰ ਸਿੰਘ ਜਲੂਰ ਪੰਜਾਬ ਕਿਸਾਨ ਯੂਨੀਅਨ, ਜਗਜੀਤ ਸਿੰਘ ਭਟਾਲ ਜਮਹੂਰੀ ਅਧਿਕਾਰ ਸਭਾ ਜਿਲਾ ਪ੍ਰਧਾਨ, ਬਲਵਿੰਦਰ ਸਿੰਘ ਜਲੂਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਡਾਕਟਰ ਜਗਦੀਸ਼ ਪਾਪੜਾ ਅਤੇ ਹੋਰ ਸਰਗਰਮ ਆਗੂ ਹਾਜ਼ਰ ਸਨ।