ਪੰਜਾਬ ਦੇ ਏਨਾਂ ਸਕੂਲਾਂ ‘ਚ ਅਚਾਨਕ ਹੋਇਆ ਛੁੱਟੀ ਦਾ ਐਲਾਨ
ਪੰਜਾਬ ਨੈੱਟਵਰਕ ਚੰਡੀਗੜ੍ਹ
ਅੱਜ ਪੰਜਾਬ ਦੇ ਕਈ ਸ਼ਹਿਰਾਂ ਨੂੰ ਬੰਦ ਕਰਨ ਦਾ ਐਲਾਨ ਦਲਿਤ ਸਮਾਜ ਦੇ ਵੱਲੋਂ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਜਲੰਧਰ, ਲੁਧਿਆਣਾ, ਫਗਵਾੜਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਮੋਗਾ ਅੱਜ ਪੂਰੀ ਤਰ੍ਹਾਂ ਨਾਲ ਬੰਦ ਰਹਿਣ ਦੀ ਸੰਭਾਵਨਾ ਹੈ।
ਜਲੰਧਰ ਬੰਦ ਦੇ ਸੱਦੇ ਕਾਰਨ ਸ਼ਹਿਰ ਦੇ ਕਈ ਨਿੱਜੀ ਸਕੂਲਾਂ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਸਕੂਲਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲਿਆ ਗਿਆ ਹੈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਅੰਮ੍ਰਿਤਸਰ, ਲੁਧਿਆਣਾ ਫਗਵਾੜਾ ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਤੋਂ ਇਲਾਵਾ ਮੋਗਾ ਦੇ ਕਈ ਨਿੱਜੀ ਸਕੂਲਾਂ ਦੇ ਵੱਲੋਂ ਵੀ ਆਪਣੇ ਪੱਧਰ ਤੇ ਸਕੂਲਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਕੂਲਾਂ ਨੂੰ ਆਰਜੀ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਇੱਕ ਵਿਅਕਤੀ ਦੇ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਦਾ ਅੰਮ੍ਰਿਤਸਰ ਵਿੱਚ ਅਪਮਾਨ ਕੀਤਾ ਗਿਆ ਅਤੇ ਉਸਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਦਲਿਤ ਸਮਾਜ ਇਕੱਠਾ ਹੋਇਆ ਅਤੇ ਉਨਾਂ ਨੇ ਪਹਿਲਾਂ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਅਤੇ ਲੰਘੀ ਸ਼ਾਮ ਜਲੰਧਰ ਬੰਦ ਦਾ ਵੀ ਐਲਾਨ ਹੋ ਗਿਆ।
ਇਸ ਤੋਂ ਪਹਿਲਾਂ ਲੁਧਿਆਣਾ, ਫਗਵਾੜਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਮੋਗਾ ਨੂੰ ਵੀ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਐਲਾਨ ਦਲਿਤ ਸਮਾਜ ਦੇ ਵੱਲੋਂ ਕੀਤਾ ਜਾ ਚੁੱਕਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਸੁਰੱਖਿਆ ਦੇ ਲਿਹਾਜ਼ ਨਾਲ ਕਈ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਉਹ ਜਦੋਂ ਤੱਕ ਮਾਹੌਲ ਸ਼ਾਂਤ ਨਹੀਂ ਹੋ ਜਾਂਦਾ, ਉਦੋਂ ਤੱਕ ਸਕੂਲਾਂ ਨੂੰ ਨਹੀਂ ਖੋਲਣਗੇ।