Punjab News: ਈਟੀਟੀ ਤੋਂ ਹੈੱਡ ਟੀਚਰਾਂ ਦੀਆਂ ਪ੍ਰਮੋਸ਼ਨਾਂ ਨਾ ਕਰਨ ‘ਤੇ ਅਧਿਆਪਕਾਂ ਵਿੱਚ ਰੋਸ – ਡੀ.ਟੀ.ਐੱਫ.
ਪੰਜਾਬ ਨੈੱਟਵਰਕ, ਸੰਗਰੂਰ-
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੰਗਰੂਰ ਇਕਾਈ ਨੇ ਮੁੱਖ ਮੰਤਰੀ ਪੰਜਾਬ ਦੇ ਜ਼ਿਲ੍ਹੇ ਵਿੱਚ ਈਟੀਟੀ ਤੋਂ ਹੈੱਡ ਟੀਚਰਾਂ ਦੀਆਂ ਤਰੱਕੀਆਂ ਨਾ ਕਰਨ ਉੱਤੇ ਰੋਸ ਪ੍ਰਗਟ ਕੀਤਾ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਦੱਸਿਆ ਕਿ ਜਥੇਬੰਦੀ ਦਾ ਇੱਕ ਵਫ਼ਦ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸੰਗਰੂਰ ਸ੍ਰੀਮਤੀ ਬਲਜਿੰਦਰ ਕੌਰ ਨੂੰ ਇਸ ਮਸਲੇ ਸਬੰਧੀ ਮਿਲਣ ਲਈ ਉਹਨਾਂ ਦੇ ਦਫ਼ਤਰ ਪਹੁੰਚਿਆ ਪ੍ਰੰਤੂ ਉਹ ਦਫ਼ਤਰ ਵਿੱਚ ਮੌਜੂਦ ਨਹੀਂ ਸਨ। ਉਹਨਾਂ ਦੀ ਗ਼ੈਰ-ਹਾਜ਼ਰੀ ਵਿੱਚ ਵਫ਼ਦ ਨੇ ਦਫ਼ਤਰ ਦੇ ਸਬੰਧਤ ਕਰਮਚਾਰੀਆਂ ਨੂੰ ਮੰਗ ਪੱਤਰ ਸੌਂਪਦੇ ਹੋਏ ਆਪਣੀ ਗੱਲ ਰੱਖੀ ਕਿ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਵਿੱਚ ਇਹਨਾਂ ਪ੍ਰਮੋਸ਼ਨਾਂ ਸਬੰਧੀ ਜੋ ਰਿਜ਼ਰਵ ਕੈਟਾਗਰੀ ਦੀ ਪ੍ਰਤੀਨਿਧਤਾ ਸਬੰਧੀ ਕੋਰਟ ਕੇਸ ਚੱਲ ਰਿਹਾ ਸੀ, ਉਸਦਾ ਫੈਸਲਾ ਬੀਤੀ 5 ਸਤੰਬਰ ਨੂੰ ਆ ਗਿਆ ਹੈ ਜਿਸ ਵਿੱਚ ਉਸ ਮਸਲੇ ਸਬੰਧੀ ਸਪੱਸ਼ਟ ਆਦੇਸ਼ ਦੇ ਕੇ ਪ੍ਰਮੋਸ਼ਨਾਂ ਦੇ ਰਾਹ ਵਿੱਚ ਹਰੇਕ ਅੜਿੱਕੇ ਨੂੰ ਅਦਾਲਤ ਨੇ ਹਟਾ ਦਿੱਤਾ ਹੈ।
ਇਸ ਤੋਂ ਬਾਅਦ 25 ਸਤੰਬਰ ਨੂੰ ਭਲਾਈ ਵਿਭਾਗ ਸੰਗਰੂਰ ਨੇ ਪੱਤਰ ਜਾਰੀ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਪੱਸ਼ਟ ਕਿਹਾ ਹੈ ਕਿ ਰਿਜ਼ਰਵ ਕੈਟਾਗਰੀ ਦੀਆਂ 42 ਅਸਾਮੀਆਂ ਬਣਦੀਆਂ ਹਨ, ਜਿਹਨਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਨੇ ਕਿਹਾ ਕਿ ਹੁਣ ਇਹਨਾਂ ਤਰੱਕੀਆਂ ਸਬੰਧੀ ਕੋਈ ਰੌਲਾ ਨਹੀਂ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਇਹਨਾਂ ਤਰੱਕੀਆਂ ਨੂੰ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ ਪ੍ਰੰਤੂ ਉਹ ਇਸ ਮਾਮਲੇ ਨੂੰ ਬੇਲੋੜਾ ਲਮਕਾ ਰਹੇ ਹਨ ਅਤੇ ਕਾਨੂੰਨੀ ਸਲਾਹਾਂ ਲੈਣ ਵਿੱਚ ਸਮਾਂ ਨਸ਼ਟ ਕਰਕੇ ਜ਼ਿਲ੍ਹੇ ਦੇ ਸਾਰੇ ਵਰਗਾਂ ਦੇ ਯੋਗ ਅਧਿਆਪਕਾਂ ਨੂੰ ਤਰੱਕੀ ਦੇ ਕਾਨੂੰਨੀ ਹੱਕ ਤੋਂ ਵਾਂਝਾ ਰੱਖ ਰਹੇ ਹਨ ਜਦਕਿ ਹੁਣ ਇਸ ਮਾਮਲੇ ਵਿੱਚ ਕੋਈ ਕਾਨੂੰਨੀ ਗੁੰਝਲ ਨਹੀਂ ਬਚੀ ਹੈ।
ਆਗੂਆਂ ਨੇ ਮੰਗ ਪੱਤਰ ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਜਲਦ ਹੀ ਇਸ ਗੰਭੀਰ ਮਸਲੇ ਸਬੰਧੀ ਮੀਟਿੰਗ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਜੇਕਰ ਇਸ ਮਸਲੇ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਇਸ ਦਫ਼ਤਰ ਵਿਰੁੱਧ ਜਥੇਬੰਦਕ ਐਕਸ਼ਨ ਕਰਨ, ਕਾਨੂੰਨੀ ਚਾਰਾਜੋਈ ਕਰਨ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ਲਈ ਮਜ਼ਬੂਰ ਹੋਵੇਗੀ। ਵਫ਼ਦ ਵਿੱਚ ਉਕਤ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਬੀਰ ਨਮੋਲ ਅਤੇ ਬਲਾਕਾਂ ਦੇ ਆਗੂ ਬਿੱਕਰ ਸਿੰਘ, ਜਗਤਾਰ ਲੌਂਗੋਵਾਲ,ਸੰਜੀਵ ਭੀਖੀ ਅਤੇ ਮੱਖਣ ਤੋਲਾਵਾਲ ਸ਼ਾਮਲ ਸਨ।