ਪਠਾਨਕੋਟ: ਵੱਖ-ਵੱਖ ਸਕੂਲਾਂ ਅਤੇ ਸੀ.ਈ.ਪੀ ਦੇ ਚੱਲ ਰਹੇ ਸੈਮੀਨਾਰਾਂ ਦਾ DEO ਕਮਲਦੀਪ ਕੌਰ ਅਤੇ ਡਿਪਟੀ DEO ਡੀਜੀ ਸਿੰਘ ਨੇ ਕੀਤਾ ਦੌਰਾ
ਸਿਖਲਾਈ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣਾ ਅਤੇ ਵਿਦਿਆਰਥੀਆਂ ਵਿੱਚ ਕੰਪੀਟੈਂਸੀ ਦੀ ਭਾਵਨਾ ਪੈਦਾ ਕਰਨਾ ਹੈ:- ਕਮਲਦੀਪ ਕੌਰ
ਕੰਪੀਟੈਂਸੀ ਇਨਹੈਂਸਮੈਂਟ ਪਲਾਨ ਬੱਚਿਆਂ ਨੂੰ ਭਵਿੱਖ ਦੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਕਰਦਾ ਹੈ ਤਿਆਰ:- ਡੀਜੀ ਸਿੰਘ
ਪੰਜਾਬ ਨੈੱਟਵਰਕ, ਪਠਾਨਕੋਟ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਅਤੇ ਵੱਖ ਵੱਖ ਬਲਾਕਾਂ ਵਿੱਚ ਸੀ.ਈ.ਪੀ ( ਕੰਪੀਟੈਂਸੀ ਇਨਹੈਂਸਮੈਂਟ ਪਲਾਨ) ਤਹਿਤ ਅਧਿਆਪਕਾਂ ਦੇ ਚੱਲ ਰਹੇ ਸੈਮੀਨਾਰਾਂ ਦਾ ਦੌਰਾ ਕੀਤਾ ਗਿਆ।
ਆਪਣੇ ਦੌਰੇ ਦੌਰਾਨ, ਜਿਥੇ ਉਨ੍ਹਾਂ ਵੱਲੋਂ ਸਕੂਲਾਂ ਵਿੱਚ ਮਿਡ ਡੇ ਮੀਲ, ਬੱਚਿਆਂ ਦੀ ਹਾਜ਼ਰੀ ਅਤੇ ਕੰਪੀਟੈਂਸੀ ਇਨਹੈਂਸਮੈਂਟ ਪਲਾਨ ਅਧੀਨ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਉੱਥੇ ਹੀ ਉਨ੍ਹਾਂ ਵੱਲੋਂ ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗਾਂ ਦਾ ਵੀ ਜਾਇਜ਼ਾ ਲਿਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੁੰਦਰਚੱਕ, ਸਰਕਾਰੀ ਪ੍ਰਾਇਮਰੀ ਸਕੂਲ ਭੋਆ ਅਤੇ ਬਲਾਕ ਪਠਾਨਕੋਟ -2 ਵਿਖੇ ਬੀਪੀਈਓ ਸ੍ਰੀ ਨਰੇਸ਼ ਪਨਿਆੜ ਦੀ ਅਗਵਾਈ ਹੇਠ ਚੱਲ ਰਹੇ ਸੈਮੀਨਾਰ ਦਾ ਦੌਰਾ ਕੀਤਾ ਗਿਆ।
ਉੱਥੇ ਹੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਡੀਜੀ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਤਾਰਾਗੜ੍ਹ ਮੁੰਡੇ, ਸਰਕਾਰੀ ਪ੍ਰਾਇਮਰੀ ਸਕੂਲ ਬਕਨੌਰ, ਸਰਕਾਰੀ ਮਿਡਲ ਸਕੂਲ ਬਕਨੌਰ, ਸਰਕਾਰੀ ਪ੍ਰਾਇਮਰੀ ਸਕੂਲ ਨਰਾਇਣਪੁਰ, ਸਰਕਾਰੀ ਪ੍ਰਾਇਮਰੀ ਸਕੂਲ ਤੰਗੋਸਾਹ ਦਾ ਦੌਰਾ ਕੀਤਾ ਗਿਆ ਅਤੇ ਬਲਾਕ ਦਫ਼ਤਰ ਨਰੋਟ ਜੈਮਲ ਸਿੰਘ ਵਿਖੇ ਬੀਪੀਈਓ ਪੰਕਜ ਅਰੋੜਾ ਦੀ ਅਗਵਾਈ ਹੇਠ ਚੱਲ ਰਹੇ ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਕਿਹਾ ਕਿ ਸਿਖਲਾਈ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣਾ ਅਤੇ ਵਿਦਿਆਰਥੀਆਂ ਵਿੱਚ ਕੰਪੀਟੈਂਸੀ ਦੀ ਭਾਵਨਾ ਪੈਦਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਸਿਖਲਾਈ ਨਾਲ ਅਧਿਆਪਕ ਵਿਦਿਆਰਥੀਆਂ ਦੇ ਕਮਜ਼ੋਰ ਪੱਖਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਲਈ ਲੋੜੀਂਦੇ ਕਦਮ ਚੁੱਕਣਗੇ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਸੈਮੀਨਾਰ ਦੌਰਾਨ ਪ੍ਰਾਪਤ ਕੀਤੀ ਗਈ ਸਿਖਲਾਈ ਨੂੰ ਆਪਣੇ ਆਪਣੇ ਸਕੂਲਾਂ ਵਿੱਚ ਹੂਬਹੂ ਲਾਗੂ ਕਰਨ ਤਾਂ ਜੋ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਸੁਧਾਰ ਆ ਸਕੇ। ਉਨ੍ਹਾਂ ਸੀ.ਈ.ਪੀ. ਅਧੀਨ ਪ੍ਰੇਕਟਿਸ ਸੀਟਾਂ ਅਤੇ ਟੈਸਟ ਕਰਵਾਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਕਿਹਾ ਕਿ ਕੰਪੀਟੈਂਸੀ ਇਨਹੈਂਸਮੈਂਟ ਪਲਾਨ ਬੱਚਿਆਂ ਨੂੰ ਭਵਿੱਖ ਦੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰ ਕਰਦਾ ਹੈ। ਕੰਪੀਟੈਂਸੀ ਇਨਹੈਂਸਮੈਂਟ ਪਲਾਨ ਗੁਣਾਤਮਕ ਸਿੱਖਿਆ ਦਾ ਆਧਾਰ ਹੈ। ਇਸ ਨਾਲ ਬੱਚਿਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਹੋਵੇਗਾ।ਉਨ੍ਹਾਂ ਕਿਹਾ ਕਿ ਸਾਡੀ ਪ੍ਰਮੁੱਖਤਾ ਸਿੱਖਿਆ ਦੀ ਗੁਣਵੱਤਾ ਵਿੱਚ ਵਾਧਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ ਹੈ ਕਿ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਸੀ.ਈ.ਪੀ ( ਕੰਪੀਟੈਂਸੀ ਇਨਹੈਂਸਮੈਂਟ ਪਲਾਨ) ਨੂੰ ਕਾਮਯਾਬ ਕਰਨ ਲਈ ਸਾਰੇ ਰਲ-ਮਿਲਕੇ ਹਮਲਾ ਮਾਰੀਏ ਅਤੇ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰੀਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 1113 ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਸਿਖਾਉਣ ਲਈ ਜ਼ਿਲ੍ਹੇ ਦੇ ਸੱਤਾ ਬਲਾਕਾਂ ਵਿੱਚ 4-4 ਦੇ ਬੈੱਚਾਂ ਵਿੱਚ ਸੀਈਪੀ ਅਧੀਨ ਇੱਕ ਰੋਜ਼ਾ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜ਼ੋ ਉਨ੍ਹਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਹੋ ਸਕੇ। ਇਹ ਟ੍ਰੇਨਿੰਗ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਸਮੂਹ ਬੀਪੀਈਓਜ, ਸਮੂਹ ਸੀਐਚਟੀ, ਹੈਡ ਟੀਚਰਾਂ, ਈਟੀਟੀ ਅਧਿਆਪਕਾਂ, ਐਸੋਸੀਏਟ ਅਧਿਆਪਕਾਂ, ਪ੍ਰੀ-ਪ੍ਰਾਇਮਰੀ ਐਸੋਸੀਏਟ ਅਧਿਆਪਕਾਂ ਦੀ ਲਗਾਈ ਗਈ ਹੈ।