ਪੰਚਾਇਤੀ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀਆਂ ਫਾਈਲਾਂ ਪਾੜਨ ਖ਼ਿਲਾਫ਼ ਕਾਮਰੇਡਾਂ ਵੱਲੋਂ ਚੱਕਾ ਜਾਮ!
ਰਣਬੀਰ ਕੌਰ ਢਾਬਾਂ, ਜਲਾਲਾਬਾਦ
ਕੱਲ ਪੰਚਾਇਤੀ ਚੋਣਾਂ ਵਿੱਚ ਪੰਚ/ਸਰਪੰਚ ਦੇ ਉਮੀਦਵਾਰ ਲਈ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀਆਂ ਸੱਤਾਧਾਰੀ ਪਾਰਟੀ ਦੇ ਕੁਝ ਵਿਅਕਤੀਆਂ ਵੱਲੋਂ ਪਹਿਲਾਂ ਮਿਥੀ ਸਾਜਿਸ਼ ਤਹਿਤ ਨਾਮਜ਼ਦਗੀ ਪੱਤਰ ਪਾੜਨ ਖ਼ਿਲਾਫ਼ ਲੋਕਾਂ ਦਾ ਜ਼ਿਲੇ ਭਰ ਵਿੱਚ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਅੱਜ ਜਲਾਲਾਬਾਦ ਦੇ ਬੱਤੀਆਂ ਵਾਲੇ ਚੌਂਕ ਵਿਖੇ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਅੱਜ ਦੇ ਇਸ ਚੱਕਾ ਜਾਮ ਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ(ਸੀਪੀਆਈ) ਦੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ,ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ,ਆਲ ਇੰਡੀਆ ਸਟੂਡੈਂਟਸ ਦੇ ਸੂਬਾ ਪ੍ਰਧਾਨ ਰਮਨ ਧਰਮੋਵਾਲਾ,ਬੀਜੇਪੀ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸੀਪੀਆਈ ਬਲਾਕ ਗੁਰੂਹਰਸਹਾਇ ਦੇ ਸਕੱਤਰ ਕਾਮਰੇਡ ਬਲਵੰਤ ਚੁਹਾਣਾ,ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਧਰਮੂਵਾਲਾ,ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਨਰਿੰਦਰ ਢਾਬਾਂ, ਪੰਜਾਬ ਕਿਸਾਨ ਸਭਾ ਦੇ ਆਗੂ ਅਸ਼ੋਕ ਕੰਬੋਜ, ਗੁਰਦਿਆਲ ਢਾਬਾਂ,ਕਰਨੈਲ ਬੱਗੇ ਕੇ,ਸਟਾਲਿਨ ਲਮੋਚੜ ਨੇ ਕੀਤੀ।
ਕੱਲ ਪਾੜੀਆਂ ਗਈਆਂ ਫਾਈਲਾਂ ਅਤੇ ਨਾਮਜ਼ਦਗੀ ਭਰਨ ਤੋਂ ਰੋਕਣ ਲਈ ਜ਼ਿਲੇ ਦੇ ਐਸਐਸਪੀ ਅਤੇ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹਨਾਂ ਦੀਆਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਜਾਣਗੇ ਅਤੇ ਫਾਈਲਾਂ ਪਾੜਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਪ੍ਰੰਤੂ ਹੱਦ ਉਸ ਵੇਲੇ ਹੋ ਗਈ, ਜਦੋਂ ਪ੍ਰਸ਼ਾਸਨ ਨੂੰ ਇਸ ਗੱਲ ਦਾ ਸਪਸ਼ਟ ਪਤਾ ਲੱਗ ਗਿਆ ਕਿ ਇਹ ਫਾਈਲਾਂ ਖੋਹਣ ਵਾਲਾ ਵਿਅਕਤੀ ਉਹਨਾਂ ਦਾ ਆਪਣਾ ਹੀ ਪੁਲਿਸ ਅਧਿਕਾਰੀ ਡੀਐਸਪੀ ਜਲਾਲਾਬਾਦ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹਨਾਂ ਨੇ ਲੋਕਾਂ ਦਾ ਮਸਲਾ ਹੱਲ ਕਰਾਉਣ ਦੀ ਬਜਾਏ ਮਸਲਾ ਲਮਕਾ ਦਿੱਤਾ।
ਨਾਮਜ਼ਦਗੀ ਪੱਤਰ ਅੱਜ ਵੀ ਦਾਖਲ ਨਹੀਂ ਹੋਣ ਦਿੱਤੇ ਗਏ। ਦੂਜੇ ਪਾਸੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਆਗੂਆਂ ਨੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦੀ ਸ਼ਹਿ ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਅਤੇ ਉਹ ਅੱਖਾਂ ਬੰਦ ਕਰਕੇ ਸਾਰਾ ਕੁਝ ਦੇਖ ਰਹੇ ਹਨ।