All Latest NewsNews FlashPunjab News

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 9 ਜੁਲਾਈ ਦੀ ਹੜਤਾਲ ‘ਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ

 

ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਕੀਤੀ ਜਾ ਰਹੀ ਹੈ ਇੱਕ ਦਿਨਾਂ ਹੜਤਾਲ

ਪੀ.ਪੀ.ਪੀ.ਫਰੰਟ ਦੀ ਕੀਤੀ ਗਈ ਸੂਬਾ ਪੱਧਰੀ ਮੀਟਿੰਗ

Punjab News- 

ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ 9 ਜੁਲਾਈ ਨੂੰ ਕੀਤੀ ਜਾ ਰਹੀ, ਇੱਕ ਦਿਨਾਂ ਹੜਤਾਲ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬਾ ਪੱਧਰੀ ਮੀਟਿੰਗ ਕਰਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਬੈਨਰ ਹੇਠ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਹੈ।

ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾਈ ਆਗੂਆਂ ਅਤਿੰਦਰ ਪਾਲ ਸਿੰਘ, ਗੁਰਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਕੇਂਦਰੀ ਟਰੇਡ ਯੂਨੀਅਨਾਂ ਅਤੇ ਸਮੂਹ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਦੇਸ਼ ਭਰ ਵਿੱਚ ਇੱਕ ਰੋਜ਼ਾ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਹੜਤਾਲ ਨੂੰ ਕਾਮਯਾਬ ਕਰਨ ਹਿੱਤ ਸਮੂਹ ਐੱਨਪੀਐੱਸ ਮੁਲਾਜ਼ਮਾਂ ਦੀ ਭਰਵੀਂ ਸ਼ਮੂਲੀਅਤ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਜਿੱਥੇ ਕੇਂਦਰ ਸਰਕਾਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਨੂੰ ਖੋਹ ਕੇ ਉਸ ਦੀ ਥਾਂ ਪਹਿਲਾਂ ਐੱਨਪੀਐੱਸ ਅਤੇ ਮੁਲਾਜ਼ਮਾਂ ਦੇ ਲੰਬੇ ਸੰਘਰਸ਼ ਸਦਕਾ ਹੁਣ ਅੱਧੇ ਅਧੂਰੇ ਫਾਇਦਿਆਂ ਵਾਲੀ ਕੱਚਘਰੜ ਯੂਪੀਐੱਸ ਸਕੀਮ ਲੈ ਕੇ ਆਈ ਹੈ।

ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਢਾਈ ਸਾਲ ਤੋਂ ਉੱਤੇ ਸਮਾਂ ਬੀਤਣ ਦੇ ਬਾਵਜੂਦ ਪੰਜਾਬ ਦੇ ਇੱਕ ਵੀ ਮੁਲਾਜ਼ਮ ਤੇ ਹਕੀਕੀ ਰੂਪ ਵਿੱਚ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੋਈ ਅਤੇ ਨਾ ਹੀ ਕਿਸੇ ਮੁਲਾਜ਼ਮ ਦਾ ਜੀਪੀਐੱਫ ਖਾਤਾ ਖੋਲਿਆ ਗਿਆ ਹੈ। ਜਿਸ ਨਾਲ ਪੰਜਾਬ ਦੇ ਲਗਭਗ ਸਵਾ ਦੋ ਲੱਖ ਐੱਨਪੀਐੱਸ ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਸਖਤ ਰੋਸ ਹੈ।

ਆਗੂਆਂ ਸੁਖਜਿੰਦਰ ਸਿੰਘ ਜੱਬੋਵਾਲ, ਨਿਰਮਲ ਸਿੰਘ, ਰਾਜੇਸ਼ ਪਰਾਸ਼ਰ, ਕਵਲਜੀਤ ਕੌਰ ,ਕਵਲਜੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਟਰੇਡ ਯੂਨੀਅਨਾਂ ਅਤੇ ਪੰਜਾਬ ਦੀਆਂ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਕਰਮਚਾਰੀਆਂ ਲਈ 1972 ਵਾਲੀ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਅਹਿਮ ਮੰਗ ਦੇ ਨਾਲ, ਜਬਰੀ ਥੋਪੇ ਚਾਰ ਕਿਰਤ ਕਾਨੂੰਨਾਂ ਦੇ ਵਿਰੋਧ ਸਮੇਤ, ਮਾਣ ਭੱਤਾ ਵਰਕਰਾ ‘ਤੇ ਘੱਟੋ ਘੱਟ ਉਜ਼ਰਤਾਂ ਕਾਨੂੰਨ ਲਾਗੂ ਕਰਵਾਉਣ, ਕੱਚੇ-ਠੇਕਾ-ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ, ਪਰਖ ਕਾਲ ਸੰਬੰਧੀ 15/01/2015 ਦਾ ਨੋਟੀਫਿਕੇਸ਼ਨ ਰੱਦ ਕਰਵਾਉਣ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ‘ਤੇ ਪੰਜਾਬ ਦੇ ਸਕੇਲ ਲਾਗੂ ਕਰਵਾਉਣ।

ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਸਮੇਤ ਕੱਟੇ ਗਏ ਸਮੁੱਚੇ ਭੱਤੇ ਅਤੇ ਏ.ਸੀ.ਪੀ,ਸਕੀਮ ਮੁੜ ਬਹਾਲ ਕਰਵਾਉਣ, ਮਹਿੰਗਾਈ ਭੱਤੇ ਦੀਆਂ ਰੋਕੀਆਂ ਗਈਆਂ ਕਿਸ਼ਤਾਂ ਅਤੇ ਬਕਾਏ ਜਾਰੀ ਕਰਵਾਉਣ, ਜਬਰੀ ਥੋਪੇ ਗਏ ਜਜ਼ੀਆ ਰੂਪੀ 200 ਰੁਪਏ ਵਿਕਾਸ ਕਰ ਨੂੰ ਰੱਦ ਕਰਵਾਉਣ ਵਰਗੀਆਂ ਅਹਿਮ ਮੰਗਾਂ ਸ਼ਾਮਿਲ ਹਨ ਜਿਸ ਦੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੁਰਜੋਰ ਹਿਮਾਇਤ ਕਰਦਾ ਹੈ ਅਤੇ ਸਮੂਹ ਐੱਨਪੀਐੱਸ ਮੁਲਾਜ਼ਮਾਂ ਨੂੰ ਇਸ ਸਾਂਝੇ ਸੰਘਰਸ਼ ਅਤੇ ਹੜਤਾਲ ਦੇ ਸੱਦੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦਾ ਹੈ।

ਇਸ ਮੌਕੇ ਡੀ.ਐੱਮ.ਐੱਫ ਤੋਂ ਅਸ਼ਵਨੀ ਅਵਸਥੀ, ਬਿਕਰਮਜੀਤ ਸਿੰਘ, ਕੁਲਦੀਪ ਸਿੰਘ ਵਰਨਾਲੀ, ਪਰਮਿੰਦਰ ਸਿੰਘ ਰਾਜਾਸੰਸੀ, ਮਨੀਸ਼ ਪੀਟਰ, ਪ੍ਰਦੀਪ ਸਿੰਘ ਢੰਝੋਟੀ, ਬਲਦੇਵ ਮੰਨਣ, ਬਿਕਰਮ ਸਿੰਘ ਦਿਆਲਪੁਰਾ, ਗੁਰਕਿਰਪਾਲ ਸਿੰਘ, ਵਿਸ਼ਾਲ ਲਸਮਣ ਸਰ, ਬਲਬੀਰ ਸਿੰਘ, ਮੈਡਮ ਮੁੋਨਕਾ ਸੋਨੀ, ਮੈਡਮ ਅਰਚਣਾ, ਮਨਪ੍ਰੀਤ ਸਿੰਘ , ਹਰਪ੍ਰੀਤ ਸਿੰਘ ,ਗੁਰਪ੍ਰੀਤ ਨਾਭਾ , ਨਵਤੇਜ ਸਿੰਘ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *