ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦਾ ਵਫ਼ਦ ਏ.ਡੀ.ਸੀ. ਪੇਂਡੂ ਵਿਕਾਸ ਲੁਧਿਆਣਾ ਨੂੰ ਪੰਚਾਇਤੀ ਚੋਣਾਂ ਡਿਊਟੀਆਂ ਸਬੰਧੀ ਮਿਲ਼ਿਆ
ਪੰਜਾਬ ਨੈੱਟਵਰਕ, ਲੁਧਿਆਣਾ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਦਾ ਵਫਦ ਸ੍ਰੀ ਹਰਜਿੰਦਰ ਸਿੰਘ ਏ.ਡੀ.ਸੀ. ਪੇਂਡੂ ਵਿਕਾਸ ਲੁਧਿਆਣਾ ਨੂੰ ਪੰਚਾਇਤੀ ਚੋਣਾਂ ਵਿੱਚ ਲਗਾਈਆਂ ਡਿਊਟੀਆਂ ਕਾਰਨ ਆ ਰਹੀਆਂ ਵੱਖ ਵੱਖ ਸਮੱਸਿਆਵਾਂ ਦੇ ਸੰਬੰਧ ਵਿੱਚ ਜ਼ਿਲ੍ਹਾ ਪ੍ਰਧਾਨ ਪਰਮਿੰਦਰਪਾਲ ਸਿੰਘ ਕਾਲੀਆ, ਚਰਨ ਸਰਾਭਾ, ਪ੍ਰਵੀਨ ਕੁਮਾਰ, ਸੰਜੀਵ ਸ਼ਰਮਾ, ਟਹਿਲ ਸਿੰਘ ਸਰਾਭਾ ਦੀ ਅਗਵਾਈ ਹੇਠ ਮਿਿਲਆ। ਇਸ ਸਮੇਂ ਉਹਨਾਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਸ੍ਰੀ ਹਰਜਿੰਦਰ ਸਿੰਘ ਏ.ਡੀ.ਸੀ. ਪੇਂਡੂ ਵਿਕਾਸ ਲੁਧਿਆਣਾ ਵਲੌਂ ਵਫਦ ਨਾਲ ਸੌਖਾਵੇਂ ਮਾਹੌਲ ਵਿੱਚ ਗੱਲਬਾਤ ਕੀਤੀ ਗਈ।
ਜਿਸ ਵਿੱਚ ਸਰੀਰਕ ਅਪਾਹਜ, ਇੱਕ ਸਾਲ ਤੋਂ ਛੋਟੇ ਬੱਚਿਆਂ ਦੀਆਂ ਮਾਵਾਂ , ਕਰੋਨਿਕ ਬਿਮਾਰੀਆਂ ਤੋਂ ਪੀੜਤ,ਗਰਭਪਤੀ ਕਰਮਚਾਰਨਾ,ਦੂਰ ਦੁਰਾਡੇ ਲਾਈ ਮਹਿਲਾ ਅਧਿਆਪਕਾਂ ਦੀ ਡਿਊਟੀ , ਬੀ.ਐੱਲ.ਓ. ਦੀ ਦੂਹਰੀ ਡਿਊਟੀ, ਡਿਊਟੀ ਦੌਰਾਨ ਮੁਲਾਜ਼ਮਾਂ ਦੀ ਸੁਰੱਖਿਆ ਤੇ ਹੋਰ ਵੱਖ-ਵੱਖ ਸਮੱਸਿਆਵਾਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ। ਆਗੂਆਂ ਵੱਲੋਂ ਪੱਖ ਰੱਖਦੇ ਹੋਏ ਕਿਹਾ ਗਿਆ ਕਿ ਉਪਰੋਕਤ ਸਮੱਸਿਆਵਾਂ ਨਾਲ ਸੰਬੰਧਿਤ ਸਾਰੇ ਅਧਿਆਪਕਾਂ ਨੂੰ ਪੰਚਾਇਤੀ ਚੋਣਾਂ ਦੌਰਾਨ ਛੋਟ ਦਿੱਤੀ ਜਾਵੇ। ਕਿਉਂਕਿ ਕਈ ਅਧਿਆਪਕਾਂ ਦੇ ਬੱਚੇ ਇੱਕ ਸਾਲ ਤੋਂ ਛੋਟੇ ਹਨ। ਇਸ ਤੋਂ ਇਲਾਵਾ ਕਈ ਮੁਲਾਜ਼ਮਾਂ ਦੇ ਬੱਚੇ ਜਾਂ ਖੁਦ ਮੁਲਾਜ਼ਮ ਗੰਭੀਰ ਬਿਮਾਰੀਆਂ ਤੋਂ ਪੀੜਿਤ ਹਨ।
ਇਸੇ ਤਰ੍ਹਾਂ ਹੀ ਬੀਐਲਓ ਅਧਿਕਾਰੀ ਵੀ ਲਗਭਗ ਸਾਰਾ ਸਾਲ ਹੀ ਵੋਟਾਂ ਬਣਾਉਣ ਅਤੇ ਕੱਟਣ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਚੋਣਾਂ ਸਬੰਧੀ ਸਰਵੇ ਵੀ ਕਰਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਹੁਣ ਵੀ ਐਸਜੀਪੀਸੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਵਿੱਚ ਵੀ ਲੱਗੇ ਹੋਏ ਹਨ। ਪ੍ਰੰਤੂ ਇਨਾਂ ਬੀਐਲਓਜ ਦੀਆਂ ਡਿਊਟੀਆਂ ਵੀ ਪੰਚਾਇਤੀ ਚੋਣਾਂ ਦੌਰਾਨ ਲਗਾ ਦਿੱਤੀਆਂ ਗਈਆਂ ਹਨ। ਜਥੇਬੰਦੀ ਮੰਗ ਕਰਦੀ ਹੈ ਕਿ ਉਪਰੋਕਤ ਅਨੁਸਾਰ ਲਗਾਈਆਂ ਗਈਆਂ ਇਹ ਸਾਰੀਆਂ ਪੰਚਾਇਤੀ ਚੋਣਾਂ ਦੀਆਂ ਡਿਊਟੀਆਂ ਰੱਦ ਕੀਤੀਆਂ ਜਾਣ ਤਾਂ ਜੋ ਮੁਲਾਜ਼ਮਾਂ ਨੂੰ ਇਨਸਾਫ ਮਿਲ ਸਕੇ। ਇਸ ਸਮੇਂ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਪੰਚਾਇਤੀ ਚੋਣਾਂ ਦੌਰਾਨ ਅਕਸਰ ਕਈ ਜਗ੍ਹਾ ਉੱਪਰ ਹਿੰਸਕ ਅਤੇ ਮਾਰੂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ।
ਜਿਸ ਲਈ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੰਚਾਇਤੀ ਚੋਣਾਂ ਵਿੱਚ ਡਿਊਟੀ ਨਿਭਾ ਰਹੇ ਮੁਲਾਜ਼ਮਾਂ ਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਜਾਨੀ ਅਤੇ ਮਾਲੀ ਨੁਕਸਾਨ ਨਾ ਹੋ ਸਕੇ। ਇਸੇ ਤਰ੍ਹਾਂ ਹੀ ਸਮਾਨ ਜਮਾ ਕਰਵਾਉਣ ਉਪਰੰਤ ਰਾਤ ਸਮੇਂ ਸਾਰੇ ਮੁਲਾਜ਼ਮਾਂ ਨੂੰ ਉਹਨਾਂ ਦੇ ਘਰਾਂ ਦੇ ਨਜ਼ਦੀਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ।ਇਸ ਸਬੰਧੀ ਸ੍ਰੀ ਹਰਜਿੰਦਰ ਸਿੰਘ ਏ.ਡੀ.ਸੀ. ਪੇਂਡੂ ਵਿਕਾਸ ਲੁਧਿਆਣਾ ਵਲੋਂ ਵਫਦ ਨੂੰ ਭਰੋਸਾ ਦਿੱਤਾ ਗਿਆ ਕਿ ਬੀ.ਐਲ.ੳ. ਨੂੰ ਜਲਦੀ ਹੀ ਚੋਣ ਡਿਊਟੀਆਂ ਤੋਂ ਛੋਟ ਦੇ ਦਿੱਤੀ ਜਾਵੇਗੀ ਤੇ ਬਾਕੀ ਜ਼ਾਇਜ ਸਮੱਸਿਆਵਾਂ ਦਾ ਵੀ ਜਲਦੀ ਹੱਲ ਕੀਤਾ ਜਾਵੇਗਾ।
ਇਸ ਸਮੇਂ ਹਰੀ ਦੇਵ, ਬਲਬੀਰ ਸਿੰਘ ਕੰਗ, ਮਨੀਸ਼ ਸ਼ਰਮਾ, ਪਰਮਜੀਤ ਸਿੰਘ ਸਵੱਦੀ,ਕੁਲਦੀਪ ਸਿੰਘ ਪੱਖੋਵਾਲ ਪ੍ਰਧਾਨ, ਸਤਵਿੰਦਰਪਾਲ ਸਿੰਘ ਦੋਰਾਹਾ ਬਲਾਕ, ਸੰਦੀਪ ਸਿੰਘ ਲਲਤੋਂ, ਬਲਦੇਵ ਸਿੰਘ ਜਲਾਲਦੀਵਾਲ, ਨਰਿੰਦਰਪਾਲ ਸਿੰਘ , ਗਗਨਦੀਪ ਸਿੰਘ, ਚਰਨ ਸਿੰਘ ਤਾਜਪੁਰੀ ਸਮੇਤ ਹੋਰ ਆਗੂ ਹਾਜ਼ਰ ਸਨ।