ਸਕੂਲ ਤੋਂ ਘਰ ਆ ਰਹੀ ਅਧਿਆਪਕਾ ਨਾਲ ਦਿਨ ਦਿਹਾੜੇ ਲੁੱਟਖੋਹ
ਪੰਜਾਬ ਨੈੱਟਵਰਕ, ਫਿਰੋਜ਼ਪੁਰ-
ਪੰਜਾਬ ਦੇ ਫਿਰੋਜ਼ਪੁਰ ਛਾਉਣੀ ਵਿਚ ਦਿਨ ਦਿਹਾੜੇ ਅਧਿਆਪਕਾ ਦੇ ਨਾਲ ਲੁੱਟਖੋਹ ਹੋਣ ਦੀ ਘਟਨਾ ਵਾਪਰੀ ਹੈ। ਲੁਟੇਰੇ ਅਧਿਆਪਕਾ ਦਾ ਮੋਬਾਈਲ ਫ਼ੋਨ ਖੋਹ ਕੇ ਲੈ ਗਏ। ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ, ਦੋ ਲੁਟੇਰਿਆਂ ਵਿੱਚੋਂ ਇੱਕ ਨੂੰ ਫੜ ਲਿਆ ਗਿਆ ਹੈ, ਜਦੋਂਕਿ ਦੂਜੇ ਦੀ ਭਾਲ ਜਾਰੀ ਹੈ।
ਖ਼ਬਰਾਂ ਮੁਤਾਬਿਕ, ਫਿਰੋਜ਼ਪੁਰ ਛਾਉਣੀ ਥਾਣਾ ਦੇ ਏ. ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਧਿਆਪਕਾ ਪ੍ਰੀਤੀ ਪਤਨੀ ਪ੍ਰਮੋਦ ਕੁਮਾਰ ਵਾਸੀ ਫਿਰੋਜ਼ਪੁਰ ਕੈਂਟ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨ ਵਿੱਚ ਦੱਸਿਆ ਕਿ ਉਹ ਫਿਰੋਜ਼ਪੁਰ ਫ਼ਾਜ਼ਿਲਕਾ ਰੋਡ ’ਤੇ ਬੀ. ਐੱਸ. ਐੱਫ਼. ਹੈੱਡਕੁਆਰਟਰ ਨੇੜੇ ਪਿੰਡ ਜੰਗਾਂ ਵਾਲਾ ਮੋੜ ਸਥਿਤ ਸਕੂਲ ਬਤੌਰ ਅਧਿਆਪਕ ਕੰਮ ਕਰਦੀ ਹੈ ਅਤੇ ਬੀਤੀ ਸ਼ਾਮ ਕਰੀਬ 4:30 ਵਜੇ ਜਦੋਂ ਉਹ ਆਪਣੇ ਘਰ ਜਾਂਦੀ ਹੋਈ ਬਾਜ ਵਾਲਾ ਚੌਂਕ ਨੇੜੇ ਪਹੁੰਚੀ ਤਾਂ ਦੋ ਲੁਟੇਰੇ ਮੋਟਰਸਾਈਕਲ ’ਤੇ ਆਏ ਅਤੇ ਉਸ ਦਾ ਮੋਬਾਇਲ ਫ਼ੋਨ ਖੋਹ ਕੇ ਲੈ ਗਏ।
ਏ. ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਵਿੱਚੋਂ ਇਕ ਸੁਰਿੰਦਰ ਸਿੰਘ ਉਰਫ਼ ਸ਼ਿੰਦੂ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਨੌਰੰਗ ਕੇ ਲੇਲੀਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।