ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਨ ਤੋਂ ਮੁਨਕਰ ਸਿੱਖਿਆ ਮੰਤਰੀ ਖਿਲਾਫ਼ DTF ਵੱਲੋਂ ਸੰਘਰਸ਼ ਦਾ ਐਲਾਨ
ਭਲਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਫੂਕਿਆ ਜਾਵੇਗਾ ਤਿੰਨ ਮੂੰਹਾਂ ਆਦਮ-ਕੱਦ ਪੁਤਲਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਿੱਖਿਆ ਵਿਚ ਕ੍ਰਾਂਤੀ ਲੈ ਕੇ ਆਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੁੱਝ ਅਹਿਮ ਵਿਭਾਗੀ ਮਾਮਲੇ ਭਰੋਸੇ ਦੇਣ ਦੇ ਬਾਵਜੂਦ ਹੱਲ ਨਹੀਂ ਕੀਤੇ ਜਾ ਰਹੇ ਹਨ, ਜਿਸ ਵਿੱਚ 10-10 ਸਾਲਾਂ ਤੋਂ ਬੇਇਨਸਾਫੀ ਅਤੇ ਪੱਖਪਾਤ ਦਾ ਸ਼ਿਕਾਰ ਅਧਿਆਪਕ ਨਰਿੰਦਰ ਭੰਡਾਰੀ, ਡਾ. ਰਵਿੰਦਰ ਕੰਬੋਜ਼, ਓ.ਡੀ.ਐੱਲ. ਮਾਮਲਿਆਂ ਨਾਲ ਸੰਬੰਧਿਤ ਅਧਿਆਪਕਾਂ ਅਤੇ 14 ਹਿੰਦੀ ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਨਹੀਂ ਹੋਣੇ ਅਤੇ ਲੈਕਚਰਾਰ ਮੁਖਤਿਆਰ ਸਿੰਘ ਜਲਾਲਾਬਾਦ ਨੂੰ ਸਿਆਸੀ ਦਖਲਅੰਦਾਜ਼ੀ ਤਹਿਤ ਸੈਕੜੇ ਕਿਲੋਮੀਟਰ ਦੂਰ ਬਦਲਣਾ ਸ਼ਾਮਿਲ ਹੈ।
ਇਸ ਤੋਂ ਖਫ਼ਾ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵੱਲੋਂ 12 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਸਿੱਖਿਆ ਮੰਤਰੀ ਦੇ ਪਿੰਡ ਪੁੱਜ ਕੇ ਤਿੰਨ ਮੂੰਹਾਂ (ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਦੀਆਂ ਤਸਵੀਰਾਂ ਸਹਿਤ) ਆਦਮ ਕੱਦ ਪੁਤਲਾ ਫੂਕਿਆ ਜਾਵੇਗਾ।
ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਹਰਜਾਪ ਸਿੰਘ ਬੱਲ, ਚਰਨਜੀਤ ਸਿੰਘ ਰਜਧਾਨ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜਬੋਵਾਲ ਆਦਿ ਨੇ ਦੱਸਿਆ ਕਿ ਅਧਿਆਪਕ ਨਰਿੰਦਰ ਭੰਡਾਰੀ (ਸਾਇੰਸ ਅਧਿਆਪਕ) ਸਾਲ 2011 ਤੋਂ ਕਪੂਰਥਲਾ ਜਿਲ੍ਹੇ ਵਿੱਚ ਕੰਮ ਕਰ ਰਿਹਾ ਹੈ, ਜੋ ਲਗਪਗ ਪੰਜ ਸਾਲ ਪਹਿਲਾਂ 8886 ਅਸਾਮੀਆਂ ਅਧੀਨ ਸਿੱਖਿਆ ਵਿਭਾਗ ਅੰਦਰ ਅਪਣਾ ਪ੍ਰੋਬੇਸ਼ਨ ਦਾ ਸਮਾਂ ਪੂਰਾ ਕਰ ਚੁੱਕਿਆ ਹੈ, ਪ੍ਰੰਤੂ ਕੱਚੇ ਰੁਜ਼ਗਾਰ ਦੌਰਾਨ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਗੈਰ ਵਾਜਿਬ ਕਾਰਨ ਬਣਾ ਕੇ ਜਾਰੀ ਟਰਮੀਨੇਸ਼ਨ ਨੋਟਿਸ ਕਰਕੇ ਅੱਜ ਵੀਂ ਬੇਸਿਕ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਹੈ।
ਇਸੇ ਤਰ੍ਹਾਂ ਸਾਲ 2013 ਤੋਂ ਪਟਿਆਲਾ ਵਿਖੇ ਹਿੰਦੀ ਮਾਸਟਰ ਵਜੋਂ ਕੰਮ ਕਰ ਰਹੇ ਡਾ. ਰਵਿੰਦਰ ਕੰਬੋਜ ਨੂੰ 3442 ਅਧਿਆਪਕ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਐੱਮ.ਫਿਲ. (ਐਜੂਕੇਸ਼ਨ) ਦੀ ਡਿਗਰੀ ਸੰਬੰਧਿਤ ਵਿਸ਼ੇ ਦੀ ਨਾ ਹੋਣ ਦੇ ਹਵਾਲੇ ਨਾਲ ਰੈਗੂਲਰ ਆਰਡਰ ਜਾਰੀ ਨਹੀਂ ਕੀਤੇ, ਜਦ ਕਿ ਇਸੇ ਭਰਤੀ ਦੇ ਬਾਕੀ ਅਜਿਹੇ ਕੇਸਾਂ ਵਿੱਚ ਕੋਈ ਰੋਕ ਨਹੀਂ ਲਗਾਈ। ਇਸੇ ਤੋਂ ਇਲਾਵਾ 3442, 7654 ਅਤੇ 5178 ਭਰਤੀਆਂ ਵਿੱਚੋਂ ਓਪਨ ਡਿਸਟੈਂਸ ਲਰਨਿੰਗ (ਓ.ਡੀ.ਐਲ.) ਡਿਗਰੀਆਂ ਨਾਲ ਸੰਬੰਧਿਤ 15 ਦੇ ਕਰੀਬ ਅਧਿਆਪਕ ਵੱਖ-ਵੱਖ ਕਾਰਨਾਂ ਕਰਕੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਨਾ ਹੋਣ ਕਰਕੇ ਗਹਿਰਾ ਸੰਤਾਪ ਭੁਗਤ ਰਹੇ ਹਨ।
ਇਸੇ ਤਰ੍ਹਾਂ 7654 ਭਰਤੀ ਵਿੱਚੋਂ ਮੈਰਿਟ ਰਿਵਾਇਜ਼ਡ ਹੋਣ ਦੇ ਹਵਾਲੇ ਨਾਲ ਰੋਕੇ 14 ਹਿੰਦੀ ਵਿਸ਼ੇ ਦੇ ਅਧਿਆਪਕਾਂ ਦੇ ਰੈਗੂਲਰ ਆਰਡਰ ਵੀ ਜਾਰੀ ਨਹੀਂ ਕੀਤੇ ਜਾ ਰਹੇ ਹਨ।ਇੱਕ ਹੋਰ ਮਾਮਲੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਵਿੱਚ ਕੰਮ ਕਰਦੇ ਪੰਜਾਬੀ ਲੈਕਚਰਾਰ ਮੁਖਤਿਆਰ ਸਿੰਘ ਨੂੰ ਸਿਆਸੀ ਸਹਿ ‘ਤੇ ਝੂਠੇ ਦੋਸ਼ ਲਗਾ ਕੇ ਤਰਨਤਾਰਨ ਵਿਖੇ ਬਦਲ ਦਿੱਤਾ ਗਿਆ ਹੈ। ਜਦ ਕਿ ਪੜਤਾਲ ਦੌਰਾਨ ਅਧਿਆਪਕ ਨੂੰ ਸਿੱਖਿਆ ਸਕੱਤਰ ਵੱਲੋਂ ਦੋਸ਼ ਮੁਕਤ ਪਾਏ ਜਾਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਅਦ ਵੀ ਸ਼ਿਕਾਇਤੀ ਬਦਲੀ ਰੱਦ ਨਹੀਂ ਕੀਤੀ ਗਈ ਹੈ, ਜਿਸ ਕਾਰਨ ਇਸ ਅਧਿਆਪਕ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੀ.ਟੀ.ਐੱਫ. ਪੰਜਾਬ ਦੇ ਆਗੂਆਂ ਨੇ ਕਿਹਾ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਕਈ ਵਾਰ ਮੀਟਿੰਗਾਂ ਕਰਕੇ ਇਹਨਾਂ ਅਧਿਆਪਕਾਂ ਨਾਲ ਇਨਸਾਫ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰੰਤੂ ਅੱਜ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ। ਸਿੱਖਿਆ ਮੰਤਰੀ ਦੇ ਲਗਾਤਾਰ ਲਾਰਿਆਂ ਤੋਂ ਤੰਗ ਆ ਕੇ 12 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਬੱਝਵੇਂ ਰੂਪ ਵਿੱਚ ਇਕੱਠੇ ਹੋ ਪੀੜਿਤ ਅਧਿਆਪਕਾਂ ਨੂੰ ਇਨਸਾਫ ਦਵਾਉਣ ਲਈ ਸੰਘਰਸ਼ਾਂ ਨੂੰ ਹੋਰ ਤਿੱਖਾ ਕੀਤਾ ਜਾਵੇਗਾ।