ਭਾਕਿਯੂ ਡਕੌਂਦਾ ਨੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 14 ਵੀ ਬਰਸੀ ਜੋਸ਼ੋ ਖਰੋਸ਼ ਨਾਲ ਮਨਾਈ
ਦਲਜੀਤ ਕੌਰ, ਚੱਕ ਅਲੀਸ਼ੇਰ/ਮਾਨਸਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕੁਰਕੀਆਂ ਨੂੰ ਬੰਨ ਲਾਉਣ ਵਾਲੇ ਜ਼ਮੀਨੀ ਘੋਲਾਂ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 14 ਵੀ ਬਰਸੀ ਪਿੰਡ ਚੱਕ ਅਲੀਸ਼ੇਰ ਵਿੱਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਦੀ ਅਗਵਾਈ ਹੇਠ ਮਨਾਈ।
ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਜੀਵਨੀ ਤੇ ਸੰਖੇਪ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਸਾਥੀ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਆਪਣੇ ਸਾਥੀਆਂ ਉਸ ਘਟਨਾ ਵਿੱਚ ਆੜਤੀਏ ਦੀ ਗੋਲੀ ਨਾਲ ਫੱਟੜ ਹੋਣ ਵਾਲੇ ਜਿੰਦਾ ਸ਼ਹੀਦ ਲਛਮਣ ਸਿੰਘ ਚੱਕ ਅਲੀਸ਼ੇਰ, ਤਰਸੇਮ ਸਿੰਘ ਚੱਕ ਅਲੀਸ਼ੇਰ ਨਾਲ ਪਿੰਡ ਬੀਰੋਕੇ ਖੁਰਦ ਦੇ ਗਰੀਬ ਕਿਸਾਨ ਭੋਲਾ ਸਿੰਘ ਦੀ ਕੁਰਕੀ ਰੋਕਣ ਗਏ ਸਨ ਜਿੰਨਾਂ ਦਾ ਟਕਰਾਅ ਪੁਲੀਸ ਸਿਆਸੀ ਆੜਤੀਏ ਗੁੰਡਾ ਗੱਠਜੋੜ ਨਾਲ ਹੋਇਆ ਜਿਸ ਵਿੱਚ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਆੜਤੀਏ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਦੂਜੇ ਸਾਥੀ ਫੱਟੜ ਹੋ ਗਏ ।
ਉਸ ਸਮੇਂ ਜੱਥੇਬੰਦੀ ਨੇ ਤਿੱਖਾ ਸੰਘਰਸ਼ ਲੜ ਪੁਲੀਸ ਸਿਆਸੀ ਆੜਤੀਏ ਗੁੰਡਾ ਗੱਠ ਜੋੜ ਨੂੰ ਸਲਾਖਾਂ ਪਿੱਛੇ ਧਕਿਆ ਅਤੇ ਉਸ ਸਮੇਂ ਤੋਂ ਹੀ ਸ਼ਹੀਦ ਦੀ ਬਰਸੀ ਜੱਥੇਬੰਦੀ ਜੋਸ਼ੋ ਖਰੋਸ਼ ਨਾਲ ਮਨਾਉਦੀ ਆਉਂਦੀ ਹੈ। ਸੂਬਾ ਪ੍ਰੈਸ ਸਕੱਤਰ ਇੰਦਰਪਾਲ ਸਿੰਘ ਨੇ ਕਿਹਾ ਕੀ ਆਉਣ ਵਾਲੇ ਸਾਉਣੀ ਦੇ ਸੀਜ਼ਨ ਦੌਰਾਨ ਸਰਕਾਰ ਦੇ ਨੱਕਮੇ ਪ੍ਰਬੰਧਾਂ ਦੇ ਖਿਲਾਫ ਸੰਯੁਕਤ ਮੋਰਚਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਤੇ ਮਿਲਣ ਗਿਆ ਸੀ ਜਿਸ ਨੂੰ ਅਣਗੌਲਿਆ ਕਰ ਮੁੱਖ ਮੰਤਰੀ ਨੇ ਮਿਲਣ ਦਾ ਲਾਰਾ ਲਾ ਪੰਜਾਬ ਭਵਨ ਵਿੱਚ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਬਿਠਾ ਦਿੱਤਾ ।
ਪਰ ਜਦ ਸੰਯੁਕਤ ਮੋਰਚਾ ਪੰਜਾਬ ਭਵਨ ਤੋਂ ਬਾਹਰ ਆਉਣ ਤੋਂ ਮੁਨਕਰ ਹੋ ਗਿਆ ਤਾਂ ਖੇਤੀ ਮੰਤਰੀ ਅਤੇ ਖਰੀਦ ਅਮਲਾ ਭੇਜਿਆ ਸੰਯੁਕਤ ਮੋਰਚੇ ਨੂੰ ਵਿਸ਼ਵਾਸ ਦਵਾਉਣ ਲਈ ਪਰ ਸੰਯੁਕਤ ਮੋਰਚਾ ਖਰੀਦ ਸ਼ੁਰੂ ਹੋਣ ਤੱਕ ਉਥੇ ਬੈਠਾ ਰਿਹਾ ਮੰਡੀਆਂ ਚ ਖਰੀਦ ਸ਼ੁਰੂ ਤੇ ਦੇਰ ਸ਼ਾਮ ਖਰੀਦ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਭਵਨ ਵਿੱਚੋ ਉਠਿਆ ਅਤੇ ਚੇਤਾਵਨੀ ਦਿੱਤੀ ਅਗਰ ਮੰਡੀਆਂ ਵਿੱਚ ਸੁਚੇਜੇ ਪ੍ਰਬੰਧ ਨਾ ਹੋਏ ਤਾਂ ਸੰਯੁਕਤ ਮੋਰਚਾ ਸਰਕਾਰ ਖਿਲਾਫ ਤਿੱਖਾ ਸੰਘਰਸ਼ ਅਰੰਭੇ ਗਾ ਪਰ ਸਰਕਾਰ ਅੱਜ ਵੀ ਟੱਸ ਤੋਂ ਮੱਸ ਨਹੀਂ ਹੋਈ ਮੰਡੀਆਂ ਵਿੱਚ ਝੋਨਾ ਰੁੱਲ ਰਿਹਾ ਹੈ ਜਿਸਦੇ ਖਿਲਾਫ ਸੰਯੁਕਤ ਮੋਰਚਾ ਆੜਤੀਆ ਦੇ ਸਹਿਯੋਗ ਨਾਲ ਸੰਘਰਸ਼ ਅਰੰਭੇਗਾ।
ਸੂਬਾ ਖਜਾਨਚੀ ਰਾਮ ਸਿੰਘ ਮਟੋਰਡਾ ਨੇ ਕਿਹਾ ਕਿ ਪਰਾਲੀ ਵਾਲੇ ਮਸਲੇ ਤੇ ਅਗਰ ਸਰਕਾਰ ਨੇ 5000 ਰੁਪਏ ਪ੍ਰਤੀ ਮੁਆਵਜਾ ਨਾ ਦਿੱਤਾ ਤਾਂ ਗਰੀਬ ਕਿਸਾਨੀ ਤੇ ਆਰਥਿਕ ਬੋਝ ਪਵੇਗੀ ਜਿਸ ਨੂੰ ਜੱਥੇਬੰਦੀ ਕਦੇ ਬਰਦਾਸਤ ਨਹੀਂ ਕਰੇਗੀ। ਇਸ ਸਮੇਂ ਸਮਾਗਮ ਨੂੰ ਸੂਬਾ ਆਗੂ ਬਲਵੀਰ ਕੌਰ, ਸੂਬਾ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ, ਬਲਦੇਵ ਸਿੰਘ ਭਾਈ ਰੂਪਾ, ਸਿਕੰਦਰ ਸਿੰਘ ਭੂਰੇ, ਮਹਿੰਦਰ ਸਿੰਘ ਭੈਣੀ ਬਾਘਾ, ਇਕਬਾਲ ਸਿੰਘ ਮਾਨਸਾ, ਸੁਖਦੇਵ ਸਿੰਘ ਫ਼ਰੀਦਕੋਟ, ਧਰਮਿੰਦਰ ਸਿੰਘ ਕਪੂਰਥਲਾ, ਸਤਨਾਮ ਸਿੰਘ ਮਾਨ, ਗੁਰਮੇਲ ਸਿੰਘ ਢੱਕਡਬਾ, ਜਗਮੇਲ ਸਿੰਘ ਪਟਿਆਲਾ ਭਾਗ ਸਿੰਘ ਮਰਖਾਈ ਆਦਿ ਰਾਜ ਮਹਿੰਦਰ ਸਿੰਘ ਕੋਟਭਾਰਾ, ਸਤਪਾਲ ਸਿੰਘ ਵਰ੍ਹੇ ਨੇ ਸੰਬੋਧਨ ਕੀਤਾ।