ਸਿੱਖਿਆ ਵਿਭਾਗ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਿਆ, ਬਦਲੀ ਪੀਟੀਐੱਮ ਦੀ ਤਰੀਕ- ਪੜ੍ਹੋ ਪੂਰੀ ਖ਼ਬਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪਿਛਲੇ ਕੁੱਝ ਦਿਨਾਂ ਤੋਂ ਵੱਖ ਵੱਖ ਜਥੇਬੰਦੀਆਂ ਦੇ ਅਧਿਆਪਕਾਂ ਦੇ ਵਲੋਂ ਵੱਡੇ ਪੱਧਰ ਤੇ ਸੰਘਰਸ਼ ਕਰਕੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਸੀ ਕਿ, 18 ਅਕਤੂਬਰ 2024 ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਦੀ ਤਰੀਕ ਬਦਲੀ ਜਾਵੇ। ਅਧਿਆਪਕਾਂ ਦੁਆਰਾ ਕੀਤੇ ਗਏ ਵੱਡੇ ਪੱਧਰ ਤੇ ਸੰਘਰਸ਼ ਦੇ ਅੱਗੇ ਝੁਕਦਿਆਂ ਹੋਇਆ ਸਿੱਖਿਆ ਵਿਭਾਗ ਦੇ ਵੱਲੋਂ ਪੀਟੀਐੱਮ (ਮਾਪੇ ਅਧਿਆਪਕ ਮਿਲਣੀ) ਦੀ ਤਰੀਕ ਨੂੰ ਬਦਲ ਦਿੱਤਾ ਹੈ।
ਹੁਣ ਇਹ ਪੀਟੀਐੱਮ 18 ਅਕਤੂਬਰ ਦੀ ਬਿਜਾਏ, 22 ਅਕਤੂਬਰ ਨੂੰ ਹੋਵੇਗੀ। ਦੱਸਣਾ ਬਣਦਾ ਹੈ ਕਿ, ਇਸ ਤੋਂ ਪਹਿਲਾਂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 18 ਅਕਤੂਬਰ ਨੂੰ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ‘ਮੈਗਾ ਪੀ.ਟੀ.ਐੱਮ.’ ਰੱਖੀ ਗਈ ਸੀ ਅਤੇ ਅਧਿਆਪਕਾਂ ਨੂੰ ਨਿਰਦੇਸ਼ ਜਾਰੀ ਕੀਤੇ ਸੀ ਕਿ ਇਸ ਮਿਲਣੀ ਨੂੰ ਸਫਲ਼ ਬਣਾਉਣ ਲਈ ਉਹਨਾਂ ਵੱਲੋਂ ਪੂਰੇ ਯਤਨ ਕੀਤੇ ਜਾਣ। ਪ੍ਰੰਤੂ 15 ਅਕਤੂਬਰ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵੱਡੇ ਪੱਧਰ ‘ਤੇ ਅਧਿਆਪਕ ਚੋਣ ਡਿਊਟੀ ‘ਤੇ ਹਨ। 12 ਨੂੰ ਦਸਹਿਰੇ ਦੀ ਛੁੱਟੀ ਅਤੇ 13 ਨੂੰ ਐਤਵਾਰ, 14 ਅਤੇ 15 ਨੂੰ ਚੋਣ ਡਿਊਟੀ, 16 ਦੀ ਚੋਣ ਅਮਲੇ ਨੂੰ ਛੁੱਟੀ ਅਤੇ 17 ਨੂੰ ਭਗਵਾਨ ਬਾਲਮੀਕ ਜਯੰਤੀ ਹੋਣ ਕਾਰਨ ਅਧਿਆਪਕਾਂ ਕੋਲ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨ ਅਤੇ ਪੀ.ਟੀ.ਐੱਮ. ਦੀਆਂ ਤਿਆਰੀਆਂ ਕਰਨ ਦਾ ਬਿਲਕੁਲ ਸਮਾਂ ਨਹੀਂ ਸੀ ਬਚਿਆ।
ਅਧਿਆਪਕ ਜਥੇਬੰਦੀਆਂ ਨੇ ਇਸ ‘ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਛਿਮਾਹੀ ਪੇਪਰਾਂ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨਾਲ ਉਹਨਾਂ ਦੀ ਪੜ੍ਹਾਈ ਸਬੰਧੀ ਚਰਚਾ ਕਰਨ ਲਈ ਪੀ.ਟੀ.ਐੱਮ. ਬਹੁਤ ਜ਼ਰੂਰੀ ਹੈ ਪ੍ਰੰਤੂ ਮੌਜੂਦਾ ਹਾਲਤਾਂ ਵਿੱਚ ਅਧਿਆਪਕ ਇਸ ਮੀਟਿੰਗ ਨਾਲ ਇਨਸਾਫ਼ ਨਹੀਂ ਕਰ ਪਾਉਣਗੇ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਇਸ ਮੀਟਿੰਗ ਦੀ ਮਿਤੀ ਤੈਅ ਕਰਨ ਤੋਂ ਪਹਿਲਾਂ ਜ਼ਮੀਨੀ ਸਥਿਤੀ ਨੂੰ ਵੀ ਜਾਨਣਾ ਚਾਹੀਦਾ ਸੀ। ਪੰਜਾਬ ਵਿੱਚ ਜਿਸ ਵੀ ਪੱਧਰ ਦੀਆਂ ਚੋਣਾਂ ਹੋਣ, ਉਹਨਾਂ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਹੀ ਡਿਊਟੀ ਲਗਾਈ ਜਾਂਦੀ ਹੈ। ਸਮੇਂ ਦੀ ਕਮੀ ਵਿੱਚ ਇੱਕ ਸਫਲ ਮੀਟਿੰਗ ਦਾ ਆਯੋਜਨ ਕਿਵੇਂ ਕੀਤਾ ਜਾ ਸਕਦਾ ਹੈ?
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਹ ਮੀਟਿੰਗ ਘੱਟੋ-ਘੱਟ ਇੱਕ ਹਫਤਾ ਅੱਗੇ ਕੀਤੀ ਜਾਵੇ ਤਾਂ ਜੋ ਅਧਿਆਪਕ ਵਿਦਿਆਰਥੀਆਂ ਦਾ ਸਮੁੱਚਾ ਨਤੀਜਾ ਤਿਆਰ ਕਰ ਸਕਣ ਅਤੇ ਇਸ ਮੀਟਿੰਗ ਦੀਆਂ ਸਹੀ ਤਰੀਕੇ ਨਾਲ ਤਿਆਰੀਆਂ ਕਰਕੇ ਇਸ ਨੂੰ ਸਫਲ ਬਣਾ ਸਕਣ। ਅਧਿਆਪਕ ਜਥੇਬੰਦੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਸਿੱਖਿਆ ਵਿਭਾਗ ਦੇ ਵੱਲੋਂ ਪੀਟੀਐੱਮ ਦਾ ਸਮਾਂ ਬਦਲ ਦਿੱਤਾ ਗਿਆ ਹੈ।
ਹੁਣ ਪੀਟੀਐੱਮ 18 ਦੀ ਬਜਾਏ, 22 ਅਕਤੂਬਰ ਨੂੰ ਹੋਵੇਗੀ।