“ਅਖੌਤੀ ਬਦਲਾਅ” ਤੋਂ ਅੱਕੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਸਿੱਖਿਆ ਮੰਤਰੀ ਦੇ ਪਿੰਡ ਮਨਾਉਣਗੇ ਕਾਲੀ ਦੀਵਾਲੀ
ਪੰਜਾਬ ਨੈੱਟਵਰਕ, ਚੰਡੀਗੜ੍ਹ –
ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਖਿਲਾਫ ਵੱਡਾ ਸੰਘਰਸ਼ ਉਲੀਕਨ ਦਾ ਐਲਾਨ ਕੀਤਾ ਹੈ। “ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ” ਵੱਲੋਂ ਕੀਤੀ ਗਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਇਸ ਵਾਰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਕਾਲੀ ਦੀਵਾਲੀ ਮਨਾਈ ਜਾਵੇਗੀ।
ਦੱਸ ਦਈਏ ਕਿ, ਸਿਹਤ ਅਤੇ ਸਿੱਖਿਆ ਸੁਧਾਰ ਦਾ ਨਾਅਰਾ ਲਾ ਕੇ ਸੱਤਾ ਵਿੱਚ ਆਈ ਆਪ ਸਰਕਾਰ ਲਗਭਗ ਪਿਛਲੇ ਤਿੰਨ ਸਾਲਾਂ ਤੋਂ ਫੋਕੀ ਸਿੱਖਿਆ ਕ੍ਰਾਂਤੀ ਦੇ ਨਾਅਰੇ ਹੀ ਲਗਾ ਰਹੀ ਹੈ ਤੇ ਅਸਲ ਸਿੱਖਿਆ ਕ੍ਰਾਂਤੀ ਲਿਆਉਣ ਵਾਲੇ ਮੈਰੀਟੋਰੀਅਸ ਸਕੂਲਾਂ ਦੇ ਟੀਚਿੰਗ ਸਟਾਫ ਨੂੰ ਅੱਖੋਂ ਪਰੋਖੇ ਕਰ ਰਹੀ ਹੈ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੂਬਾ ਸਕੱਤਰ ਡਾ.ਅਜੇ ਕੁਮਾਰ ਨੇ ਦੱਸਿਆ ਕਿ ਸਰਕਾਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ। ਲਾਰੇਬਾਜ਼ ਸਿੱਖਿਆ ਮੰਤਰੀ ਲਗਾਤਾਰ ਮੀਟਿੰਗ ਤੋਂ ਭੱਜ ਰਿਹਾ ਹੈ। ਆਮ ਸਰਕਾਰ ਦੇ ਖ਼ਾਸ ਲੋਕਾਂ ਤੋਂ ਤੰਗ ਆ ਕੇ ਯੂਨੀਅਨ ਨੂੰ ਤਿੱਖੇ ਸੰਘਰਸ਼ਾਂ ਦਾ ਰਾਹ ਅਪਨਾਉਣਾ ਪੈ ਰਿਹਾ ਹੈ।
ਸੀਨੀ.ਮੀਤ ਪ੍ਰਧਾਨ ਡਾ.ਟੀਨਾ ਨੇ ਦੱਸਿਆ ਕਿ 27 ਅਕਤੂਬਰ ਦਿਨ ਐਤਵਾਰ ਨੂੰ ਮੈਰੀਟੋਰੀਅਸ ਸਕੂਲਾਂ ਦਾ ਟੀਚਿੰਗ ਸਟਾਫ਼ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ (ਆਨੰਦਪੁਰ) ਵਿਖੇ ਕਾਲੀ ਦੀਵਾਲੀ ਮਨਾ ਕੇ ਸਰਕਾਰ ਦੀ ਪੋਲ਼ ਖੋਲੇਗਾ। ਡਾ. ਟੀਨਾ ਨੇ ਕਿਹਾ ਕਿ ਜੇਕਰ ਸਰਕਾਰ ਜਲਦ ਮੈਰੀਟੋਰੀਅਸ ਸਕੂਲਾਂ ਦੇ ਸਟਾਫ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਅਤੇ ਇੰਕਰੀਮੈਂਟ ਜਾਰੀ ਨਹੀਂ ਕਰਦੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੇ ਨਤੀਜਿਆਂ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਇਸ ਸਮੇਂ ਵਿੱਤ ਸਕੱਤਰ ਰਕੇਸ਼ ਕੁਮਾਰ ਅਤੇ ਹੋਰ ਸਾਥੀ ਵੀ ਹਾਜ਼ਰ ਸਨ।