ਵਿਦੇਸ਼ੀ ਸਿੱਖਲਾਈ ਪ੍ਰੋਗਰਾਮ ਅਧੀਨ ਜ਼ਿਲ੍ਹਾ ਪਠਾਨਕੋਟ ਦੇ ਦੋ ਅਧਿਆਪਕ ਫ਼ਿਨਲੈਂਡ ਟ੍ਰੇਨਿੰਗ ਲਈ ਰਵਾਨਾ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਪੰਜਾਬ ਨੈੱਟਵਰਕ, ਪਠਾਨਕੋਟ
ਸਿੱਖਿਆ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਕੌਮਾਂਤਰੀ ਪੱਧਰ ਦੀ ਟੇ੍ਰਨਿੰਗ ਦੁਆਉਣ ਜਾ ਰਹੀਂ ਹੈ। ਇਸੇ ਵਿਦੇਸ਼ੀ ਸਿੱਖਲਾਈ ਪ੍ਰੋਗਰਾਮ ਅਧੀਨ ਪ੍ਰਾਇਮਰੀ ਸਕੂਲਾਂ ਦੇ 72 ਦੇ ਕਰੀਬ ਅਧਿਆਪਕਾਂ ਨੂੰ ਫਿਨਲੈਂਡ ਵਿਖੇ ਟੇ੍ਰਨਿੰਗ ਹਾਸਲ ਕਰਨ ਲਈ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਦੋ ਅਧਿਆਪਕ ਵੀ ਸ਼ਾਮਲ ਹਨ।
ਬਿਹਤਰੀਨ ਪ੍ਰਾਇਮਰੀ ਸਿੱਖਿਆ ਪ੍ਰਣਾਲੀ ਲਈ ਪ੍ਰਸਿੱਧ ਫ਼ਿਨਲੈਂਡ ਵਿਖੇ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਲੈਣ ਲਈ ਜ਼ਿਲ੍ਹਾ ਪਠਾਨਕੋਟ ਤੋਂ ਜਾ ਰਹੇ ਦੋ ਅਧਿਆਪਕਾਂ ਨੂੰ ਫ਼ਿਨਲੈਂਡ ਲਈ ਰਵਾਨਾ ਕਰਨ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਕਿਹਾ ਕਿ ਉਮੀਦ ਹੈ ਕਿ ਇਹ ਪ੍ਰੋਗਰਾਮ ਬਹੁਤ ਵਧੀਆ ਹੋਵੇਗਾ ਅਤੇ ਅਧਿਆਪਕਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਤੋਂ ਸੈਂਟਰ ਹੈਡ ਟੀਚਰ ਕਵਿੰਦਰ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਦੁਨੇਰਾ ਅਤੇ ਹੈਡ ਟੀਚਰ ਸੁਨੀਤਾ ਸਰਕਾਰੀ ਪ੍ਰਾਇਮਰੀ ਸਕੂਲ ਭਦਰੋਆ ਦੀ ਚੋਣ ਕੀਤੀ ਗਈ ਹੈ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਕਿਹਾ ਕਿ ਸੂਬੇ ਦੀ ਸਕੂਲ ਸਿੱਖਿਆ ਨੂੰ ਵਿਸ਼ਵ ਪੱਧਰੀ ਬਨਾਉਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਕੂਲ ਸਿੱਖਿਆ ਪ੍ਰਤੀ ਸਮਰਪਣ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਬੰਧੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਬਹੁਤ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਦੇਸ਼ੀ ਸਿੱਖਲਾਈ ਪ੍ਰੋਗਰਾਮ ਤਹਿਤ ਫ਼ਿਨਲੈਂਡ ਵਿਖੇ ਟ੍ਰੇਨਿੰਗ ਲਈ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਜਿਸ ਵਿੱਚ ਜ਼ਿਲ੍ਹਾ ਪਠਾਨਕੋਟ ਤੋਂ ਲਗਭਗ 18 ਅਧਿਆਪਕਾਂ ਨੇ ਆਪਣੇ ਆਪਣੇ ਈ-ਪੰਜਾਬ ਅਕਾਉਂਟ ਤੋਂ ਅਪਲਾਈ ਕੀਤਾ ਸੀ ਜਿਸ ਵਿੱਚੋ ਵੱਖ ਵੱਖ ਮਾਪਦੰਡ ਤੇ ਖਰੇ ਉੱਤਰੇ ਦੋ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਜੋ ਫ਼ਿਨਲੈਂਡ ਵਿਖੇ 21 ਦਿਨ ਦੀ ਪ੍ਰਾਇਮਰੀ ਸਿੱਖਿਆ ਨਾਲ ਸਬੰਧਤ ਟ੍ਰੇਨਿੰਗ ਪ੍ਰਾਪਤ ਕਰਣਗੇ।