ਝੋਨੇ ਦੀ ਖਰੀਦ ਨਾ ਹੋਣ ਤੋਂ ਦੁਖੀ ਕਿਸਾਨਾਂ ਨੂੰ ਪੁਲਿਸ ਪਰਾਲੀ ਕਾਰਨ ਹੋਰ ਪਰੇਸ਼ਾਨ ਕਰਨ ਲੱਗੀ! ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਪੁਲਿਸ ਨੂੰ ਚੇਤਾਵਨੀ
ਪੰਜਾਬ ਨੈੱਟਵਰਕ, ਗੁਰੂਹਰਸਹਾਏ
ਅੱਜ 20 ਦਿਨ ਬੀਤਣ ਦੇ ਬਾਵਜੂਦ ਵੀ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਾ ਸ਼ੁਰੂ ਹੋਣ ਕਾਰਨ ਅਤੇ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਝੋਨੇ ਉੱਪਰ ਕੱਟ ਲਗਾਉਣ ਤੋਂ ਪਰੇਸ਼ਾਨ ਕਿਸਾਨਾਂ ਦੀਆਂ ਮੁਸ਼ਕਿਲਾਂ ਹਾਲੇ ਘੱਟ ਨਹੀਂ ਹੋਈਆ|
ਪਰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਨੇ ਕਿਸਾਨਾਂ ਨੂੰ ਪਰਾਲੀ ਵਾਲੇ ਮਸਲੇ ਤੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਤਾਜ਼ਾ ਮਸਲਾ ਬੁਰਜ ਮੱਖਣ ਸਿੰਘ ਵਾਲੇ ਦਾ ਸਾਹਮਣੇ ਆਇਆ ਹੈ|
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਇੱਕ ਪਾਸੇ ਕਿਸਾਨਾਂ ਦੀ ਫਸਲ 20 ਦਿਨ ਤੋਂ ਮੰਡੀਆਂ ਵਿੱਚ ਰੁਲ ਰਹੀ ਹੈ, ਜਿਸ ਨੂੰ ਖਰੀਦਣ ਲਈ ਸਰਕਾਰ ਨੇ ਹਾਲੇ ਤੱਕ ਵੀ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ| ਪਰ ਦੂਜੇ ਪਾਸੇ ਕਿਸਾਨਾਂ ਨੂੰ ਪਰਾਲੀ ਵਾਲੇ ਮਸਲੇ ਤੇ ਪੰਜਾਬ ਪੁਲਿਸ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਪ੍ਰਸ਼ਾਸਨ ਲਗਾਤਾਰ ਗੇੜੇ ਕੱਢ ਰਿਹਾ ਹੈ|
ਉਹਨਾਂ ਕਿਹਾ ਕਿ ਅੱਜ ਥਾਣਾ ਲੱਖੋ ਕੇ ਬਹਿਰਾਮ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਕੁਝ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਹੈ ਕਿ ਸਾਨੂੰ ਸੈਟਲਾਈਟ ਵੱਲੋਂ ਲੋਕੇਸ਼ਨ ਦੱਸੀ ਗਈ ਹੈ ਕਿ ਇਸ ਜਗ੍ਹਾ ਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ ਹੈ, ਜਦ ਕਿ ਕਿਸੇ ਵੀ ਕਿਸਾਨ ਵੱਲੋਂ ਹਾਲੇ ਤੱਕ ਪਰਾਲੀ ਨੂੰ ਅੱਗ ਨਹੀਂ ਲਾਈ ਗਈ|
ਪੁਲਿਸ ਦੀ ਇਸ ਕਾਰਵਾਈ ਤੋਂ ਗੁੱਸੇ ਹੋਏ ਕਿਸਾਨਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਇਕੱਠ ਕਰਕੇ ਪੁਲਿਸ ਨੂੰ ਚਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਅਜਿਹਾ ਕਰਨ ਤੋਂ ਗਰੇਜ਼ ਕੀਤਾ ਜਾਵੇ ਨਹੀਂ ਤਾਂ ਪਿੰਡਾਂ ਵਿੱਚ ਆਉਣ ਵਾਲੀਆਂ ਪੁਲਿਸ ਦੀਆਂ ਟੀਮਾਂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ|
ਇਸ ਮੌਕੇ ਬਲਾਕ ਪ੍ਰਧਾਨ ਗੁਰਭੇਜ ਸਿੰਘ ਲੋਹੜਾ ਨਵਾਬ, ਬੂਟਾ ਸਿੰਘ ਹਾਮਦ, ਹਰਵਿੰਦਰ ਸਿੰਘ ਨੰਬਰਦਾਰ, ਡੋਗਰ ਸਿੰਘ ਬੁਰਜ, ਸੁਖਮੇਹਰ ਸਿੰਘ ਬੁਰਜ ਆਦਿ ਆਗੂਆਂ ਦੀ ਅਗਵਾਈ ਵਿੱਚ ਦਰਜਨਾਂ ਕਿਸਾਨ ਹਾਜ਼ਰ ਸਨ।