ਵਿੱਦਿਆ ਦੇ ਮੰਦਰਾਂ ‘ਚ ‘ਨੇਤਾ ਜੀ’ ਦੀ ਧੌਂਸ-ਗਿਰੀ
ਇੱਕ ਰਿਪੋਰਟ ਦੇ ਮੁਤਾਬਿਕ ਦੇਸ਼ ਦੇ ਬਹੁ ਗਿਣਤੀ ਨੇਤਾ ਦਸਵੀਂ ਪਾਸ ਵੀ ਨਹੀਂ ਹਨ, ਪਰ ਫਿਰ ਵੀ ਉਹ ਅਜਿਹੇ ਹੁਕਮ ਸੁਣਾ ਜਾਂਦੇ ਨੇ, ਜਿਹੜੇ ਆਈਪੀਐਸ ਤੇ ਆਈਏਐੱਸ ਅਫ਼ਸਰਾਂ ਨੂੰ ਵੀ ਸੁਲਝਾਉਣੇ ਮੁਸ਼ਕਿਲ ਹੋ ਜਾਂਦੇ ਨੇ। ਭਾਵੇਂ ਕਿ ਰਾਜਨੀਤੀ ਵਿੱਚ ਆਉਣ ਲਈ ਕੋਈ ਪੜਾਈ ਤੈਅ ਨਹੀਂ ਕੀਤੀ ਗਈ, ਪਰ ਫਿਰ ਵੀ ਕੁੱਝ ਕੁ ਸ਼ੈਤਾਨ ਲੋਕ ਰਾਜਨੀਤੀ ਵਿੱਚ ਆ ਕੇ ਆਪਣੇ ਆਪ ਨੂੰ ਖੱਬੀ ਖਾਂ ਸਮਝਣ ਲੱਗ ਪੈਂਦੇ ਨੇ ਅਤੇ ਇਹ ਨੇਤਾ ਵੱਡੇ ਵੱਡੇ ਅਫ਼ਸਰਾਂ ਨੂੰ ਝਾੜ ਪਾਈ ਜਾਣ ਲੱਗ ਜਾਂਦੇ ਨੇ।
ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਹੁ ਗਿਣਤੀ ਲੀਡਰ ਇਸ ਵੇਲੇ ਅਜਿਹੇ ਨੇ ਜਿਹੜੇ ਪੜੇ ਤਾਂ ਇੱਲ ਦਾ ਕੁੱਕੜ ਨਹੀਂ ਪਰ ਫਿਰ ਵੀ ਉਹ ਧੌਂਸ-ਗਿਰੀ ਇੰਜ ਦਿਖਾਉਂਦੇ ਨੇ ਜਿਵੇਂ ਉਨ੍ਹਾਂ ਨੇ ਡਿਗਰੀਆਂ ਦੇ ਅੰਬਾਰ ਲਾਏ ਹੋਣ। ਪੜੀ ਲਿਖੀ ਜਮਾਤ ਨੂੰ ਹਰ ਵੇਲੇ ਕੋਸਣ ਵਾਲੇ ਇਹ ਲੀਡਰ ਜਦੋਂ ਕਦੇ ਵਿੱਦਿਆ ਦੇ ਮੰਦਿਰ ਵਿੱਚ ਜਾਂਦੇ ਨੇ ਉਦੋਂ ਅਜਿਹੀ ਧੌਂਸ ਜਮਾਉਂਦੇ ਨੇ ਕਿ ਪੜਿਆ ਲਿਖਿਆ ਮਾਸਟਰ ਵੀ ਵਿਚਾਰਾ ਕੰਬਦਾ ਕੰਬਦਾ ਇਹਨਾਂ ਨਾਲ ਗੱਲ ਕਰਦਾ, ਹਾਲਾਂਕਿ ਚਾਹੀਦਾ ਤੇ ਇਹ ਹੁੰਦਾ ਹੈ ਕਿ ਅਜਿਹੇ ਧੌਂਸ ਜਮਾਉਣ ਵਾਲੇ ਸ਼ਲਾਰੂਆਂ ਨੂੰ ਫੜ ਕੇ ਬਾਂਹ ਤੋਂ ਵਿੱਦਿਆ ਦੇ ਮੰਦਿਰ ਤੋਂ ਬਾਹਰ ਕੱਢਿਆ ਜਾਵੇ।
ਕਈ ਵਾਰ ਸੋਚਦੇ ਹਾਂ ਕਿ ਇਹ ਧੌਂਸ-ਗਿਰੀ ਜਮਾਉਣ ਵਾਲੇ ਨੇਤਾ ਜੀ ਸੱਚ ਮੁੱਚ ਹੀ ਇੰਨੀ ਧੌਂਸ ਜਮਾਉਂਦੇ ਨੇ ਜਾਂ ਫਿਰ ਇਹ ਫੁਕਰੀ ਹੀ ਵਿਖਾਉਂਦੇ ਨੇ, ਘਰੇ ਜਿੰਨਾ ਨੂੰ ਕੁੱਤਾ ਨਹੀਂ ਪੁੱਛਦਾ, ਉਹ ਬਾਹਰ ਜਾ ਕੇ ਲੀਡਰ ਬਣਦੇ ਨੇ ਅਤੇ ਬਰੈਕਟ ਦੇ ਵਿੱਚ ਸਤਿਕਾਰਯੋਗ ਲਿਖਣਾ ਨਹੀਂ ਭੁੱਲਦੇ। ਇਹਨਾਂ ਨੂੰ ਸ਼ਿਕਾਇਤ ਕਰਨ ਦੀ ਬਹੁਤ ਆਦਤ ਹੁੰਦੀ ਹੈ ਜੇ ਕੋਈ ਇਹਨਾਂ ਦੀ ਗੱਲ ਨਹੀਂ ਮੰਨਦਾ ਤਾਂ ਇਹ ਆਪਣੇ ਅਕਾਵਾਂ ਨੂੰ ਸ਼ਿਕਾਇਤ ਕਰ ਦਿੰਦੇ ਨੇ। ਸ਼ਿਕਾਇਤ ਤਾਂ ਇੰਜ ਕਰਦੇ ਨੇ ਜਿਵੇਂ ਇਹਨਾਂ ਨੂੰ ਕੋਈ ਕਿਸੇ ਨੇ ਡਾਂਗ ਮਾਰ ਦਿੱਤੀ ਹੋਵੇ।
ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਜੇਕਰ ਲੋਕ ਹੀ ਸਵਾਲ ਨਹੀਂ ਕਰਨਗੇ ਤਾਂ ਹੋਰ ਕੌਣ ਕਰੇਗਾ। ਪੰਜਾਬ ਦੀ ਸੱਤਾਧਾਰੀ ਧਿਰ ਦੇ ਕਈ ਵੱਡੇ ਅਤੇ ਛੋਟੇ ਨੇਤਾ ਆਪਣੇ ਇਲਾਕਿਆਂ ਦੇ ਅੰਦਰ ਇੰਜ ਤੋਂ ਧੌਂਸ ਜਮਾ ਰਹੇ ਨੇ ਜਿਵੇਂ ਰੱਬ ਉਨ੍ਹਾਂ ਦੇ ਕਹਿ ਤੇ ਮੀਂਹ ਪਾਉਂਦਾ ਹੋਵੇ ਤੇ ਉਨ੍ਹਾਂ ਦੇ ਕਹਿ ਤੇ ਮੰਡੀਆਂ ਚੋਂ ਫ਼ਸਲ ਚੁਕਾਉਂਦਾ ਹੋਵੇ।
ਵਜ਼ੀਰ-ਏ-ਆਜ਼ਮ ਦੇ ਬਿਆਨ ਇਸ ਵੇਲੇ ਖੋਖਲੇ ਜਾਪਣ ਲੱਗ ਗਏ ਨੇ ਕਿਉਂਕਿ ਟੈਂਕੀਆਂ ਦੇ ਤਾਂ ਹੁਣ ਵੀ ਅਧਿਆਪਕ ਚੜ੍ਹੇ ਹੋਏ ਨੇ। ਧਰਨੇ ਮੁਜ਼ਾਹਰੇ ਕਰ ਰਹੇ ਨੇ। ਨੌਕਰੀਆਂ ਦੇ ਲਈ ਥਾਂ ਥਾਂ ਧੱਕੇ ਖਾ ਰਹੇ ਨੇ। ਥੱਬਾ ਥੱਬਾ ਡਿਗਰੀਆਂ ਦਾ ਕਰ, ਉਹ ਸੜਕਾਂ ਤੇ ਮੁਜ਼ਾਹਰੇ ਕਰਨ ਨੂੰ ਮਜਬੂਰ ਨੇ ਪਰ ਹਾਕਮ ਧਿਰ ਚੁੱਪ ਵੱਟ ਕੇ ਤਮਾਸ਼ਾ ਵੇਖ ਰਹੀ ਹੈ ਤੇ ਝੂਠੇ ਬਿਆਨ ਝਾੜ ਕੇ ਵਾਓ ਵਾਈ ਖੱਟ ਰਹੀ ਹੈ ਤੇ ਦੂਜੇ ਪਾਸੇ ਇਹਨਾਂ ਦਾ ਅਖੌਤੀ ਲਾਣਾ ਜਿੰਨਾ ਦੇ ਵਿੱਚ ਕੁੱਝ ਸਰਕਾਰੀ ਫ਼ੀਲੇ ਵੀ ਨੇ ਉਹ ਨੇਤਾ ਜੀ ਦੀ ਆਓ ਭਗਤ ਕਾਫ਼ੀ ਕਰ ਰਹੇ ਨੇ। ਜੇਕਰ ਉਹ ਆਓ ਭਗਤ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਰੋਟੀ ਹਜ਼ਮ ਨਹੀਂ ਹੁੰਦੀ।
ਸੋਸ਼ਲ ਮੀਡੀਆ ਤੇ ਹਕੂਮਤ ਦੇ ਛੱਡੇ ਹੋਏ ਕੁੱਝ ਸ਼ਲਾਰੂ ਇਸ ਵੇਲੇ ਹਾਕਮਾਂ ਦੀ ਆਓ ਭਗਤ ਇੰਜ ਕਰ ਰਹੇ ਨੇ ਜਿਵੇਂ ਉਨ੍ਹਾਂ ਦੇ ਸਾਰੇ ਮਸਲੇ ਹੱਲ ਹੋ ਗਏ ਹੋਣ। ਹੁਣ ਤੱਕ ਇਹ ਸੁਣਦੇ ਆਏ ਸੀ ਕਿ ਲੀਡਰ ਘੱਟ ਪੜੇ ਲਿਖੇ ਹੋਣ ਦੇ ਕਾਰਨ ਅਧਿਆਪਕਾਂ ਨੂੰ ਜਾਂ ਫਿਰ ਹੋਰ ਪੜ੍ਹੀ ਲਿਖੀ ਜਮਾਤ ਨੂੰ ਕੁੱਟਦੇ ਨੇ ਜਾਂ ਫਿਰ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਨੇ। ਪਰ ਪੰਜਾਬ ਦੀ ਹਾਕਮ ਧਿਰ ਦੇ ਵਿਚ ਤਾਂ, ਕਹਿੰਦੇ ਨੇ ਬਹੁਤੇ ਨੇਤਾ ਜੀ ਪੜ੍ਹੇ ਲਿਖੇ ਨੇ, ਫਿਰ ਵੀ ਉਹ ਅਨਪੜ੍ਹਾਂ ਵਾਲੀਆਂ ਗੱਲਾਂ ਕਰਕੇ ਆਪਣੀ ਧੌਂਸ ਜਮਾ ਰਹੇ ਨੇ ਅਤੇ ਜੇਕਰ ਕੋਈ ਆਓ ਭਗਤ ਨਹੀਂ ਕਰਦਾ ਤਾਂ ਉਹਦੀ ਸ਼ਿਕਾਇਤ ਆਪਣੇ ਉੱਚ ਅਕਾਵਾਂ ਨੂੰ ਕਰ ਰਹੇ ਨੇ।
ਵੇਖਿਆ ਜਾਵੇ ਤਾਂ ਇਹਨਾਂ ਨੂੰ ਸ਼ਿਕਾਇਤ ਕਰਨ ਦੀ ਕਿੰਨੀ ਕਾਹਲੀ ਪਈ ਹੁੰਦੀ ਹੈ, ਜਿਵੇਂ ਇਹ ਹੀ ਸੱਚੇ-ਸੁੱਚੇ ਹੋਣ। ਦੂਜੇ ਪਾਸੇ, ਵੈਸੇ ਜੇਕਰ ਕੋਈ ਸਰਕਾਰੀ ਕਾਮਾ ਜਾਂ ਗ਼ਰੀਬ ਤਬਕਾ ਆਪਣੀ ਸ਼ਿਕਾਇਤ ਉੱਚ ਅਫ਼ਸਰਾਂ ਜਾਂ ਫਿਰ ਸਰਕਾਰ ਨੂੰ ਕਰਦਾ ਹੈ ਤਾਂ ਕੀ ਸਰਕਾਰ ਜਾਂ ਫਿਰ ਅਫ਼ਸਰ ਉਕਤ ਸ਼ਿਕਾਇਤ ਤੇ ਗ਼ੌਰ ਕਰਦੇ ਹਨ?, ਉਸਦਾ ਕੋਈ ਮਸਲਾ ਹੱਲ ਕਰਦੇ ਨੇ? ਜਾਪਦਾ ਨਹੀਂ ਕਿ ਸਰਕਾਰ ਕੋਈ ਮਸਲਾ ਹੱਲ ਕਰਦੀ ਹੋਵੇ ਪਰ ਅਖੌਤੀ ਲਾਣਾ, ਨਕਲੀ ਇਨਕਲਾਬੀ ਪਾਠਸ਼ਾਲਾਵਾਂ ਵਿੱਚ ਹਰਲ ਹਰਲ ਕਰਦੇ, ਇੰਜ ਜਾ ਰਹੇ ਨੇ ਜਿਵੇਂ ਉਨ੍ਹਾਂ ਨੂੰ ਸੱਤਾ ਹਾਸਲ ਹੋਣ ਤੋਂ ਬਾਅਦ ਕਿਸੇ ਦੀ ਵੀ ਬੇਇੱਜ਼ਤੀ ਕਰਨ ਜਾਂ ਫਿਰ ਗੁੰਡਾਗਰਦੀ ਕਰਨ ਦਾ ਲਾਇਸੈਂਸ ਮਿਲ ਗਿਆ ਹੋਵੇ।
ਕੁੱਝ ਦਿਨਾਂ ਪਹਿਲਾਂ ਹੀ ਇੱਕ ਨੇਤਾ ਜੀ ਨੇ ਵਿੱਦਿਆ ਦੇ ਮੰਦਰ ਵਿੱਚ ਅਚਾਨਕ ਹੀ ਛਾਪਾ ਮਾਰਿਆ। ਮਾਸਟਰ, ਮੈਡਮਾਂ ਆਪੋ ਆਪਣੇ ਕਮਰਿਆਂ ਵਿੱਚ ਬੱਚਿਆਂ ਨੂੰ ਪੜਾ ਰਹੇ ਸੀ ਅਤੇ ਇਸੇ ਦੌਰਾਨ ਹੋਇਆ ਕੀ ਕਿ ਬੱਚਿਆਂ ਨੂੰ ਪੜਾ ਰਹੀਆਂ ਮੈਡਮਾਂ ਨੇਤਾ ਜੀ ਦਾ ਸਵਾਗਤ ਨਹੀਂ ਕਰ ਸਕੇ।
ਨੇਤਾ ਜੀ ਨੂੰ ਚੜ੍ਹਿਆ ਗ਼ੁੱਸਾ, ਉਹ ਪਹੁੰਚ ਗਿਆ ਆਪਣੇ ਉੱਚ ਆਕਾ ਕੋਲ, ਕਹਿੰਦਾ ਜੀ ਮੇਰੀ ਤਾਂ ਆਓ ਭਗਤ ਨਹੀਂ ਹੋਈ, ਇਸੇ ਲਈ ਇਹਨਾਂ ਮਾਸਟਰਾਂ, ਮੈਡਮਾਂ ਨੂੰ ਤਾਂ ਚੱਲਦਾ ਕਰੋ, ਇਹਨਾਂ ਨੇ ਅਨੁਸ਼ਾਸਨ ਸ਼ਾਸਨ ਭੰਗ ਕੀਤਾ, ਅੱਗੋਂ ਆਕਾ ਜੀ ਵੀ ਬਾਲੇ ਤੱਤੇ ਬੈਠੇ ਸੀ, ਉਨ੍ਹਾਂ ਨੇ ਚਿੱਠੀ ਕੱਢ’ਤੀ ਮਹਿਕਮੇ ਨੂੰ, ਬਈ ਕਰੋ ਕਾਰਵਾਈ।
ਕਹਿੰਦੇ ਨੇ, ਆਕਾ ਜੀ ਨੇ ਜਿਨ੍ਹਾਂ ਮੈਡਮਾਂ, ਮਾਸਟਰਾਂ ਨੂੰ ਪੇਸ਼ ਹੋਣ ਲਈ ਕਿਹਾ ਸੀ, ਉਹ ਦਿੱਤੇ ਸਮੇਂ ਮੁਤਾਬਿਕ, ਪਹੁੰਚ ਗਏ ਦਫ਼ਤਰ, ਪਰ ਉੱਥੇ ਆਕਾ ਜੀ ਨਹੀਂ ਸਨ, ਫਿਰ ਕਿਸੇ ਹੋਰ ਦਿਨ ਦਾ ਸਮਾਂ ਦੇ ਦਿੱਤਾ ਕਿ, ਫੇਰ ਆਇਓ। ਖ਼ੈਰ, ਵਿੱਦਿਆ ਦੇ ਮੰਦਰ ਵਿੱਚ ਜਿੰਨੀ ਧੌਂਸ ਇਹਨਾਂ ਅਖੌਤੀ ਇਨਕਲਾਬੀਆਂ ਨੇ ਜਮਾਈਏ,ਲੱਗਦਾ ਨਹੀਂ ਕਿ ਇੰਨੀ ਕਿਸੇ ਹੋਰ ਨੇ ਧੌਂਸ ਜਮਾਈ ਹੋਵੇ। ਹਰ ਜਗ੍ਹਾ ਤੇ ਇਹਨਾਂ ਨੂੰ ਮੈਂ ਹੀ ਮੈਂ ਨਜ਼ਰ ਆਉਂਦੀ ਹੈ, ਜੇਕਰ ਕੋਈ ਇਹਨਾਂ ਦੀ ਆਓ ਭਗਤ ਨਹੀਂ ਕਰਦਾ ਤਾਂ ਇਹ ਰੋਂਦੂ ਬਣ ਕੇ ਆਪਣੇ ਅਕਾਵਾਂ ਕੋਲ ਚਲੇ ਜਾਂਦੇ ਨੇ ਸ਼ਿਕਾਇਤਾਂ ਲੈ ਕੇ…..!
ਕੁੱਝ ਸਮਾਂ ਪਹਿਲਾਂ ਇੱਕ ਵਜ਼ੀਰ ਨੇ ਵੀ ਮਿਡ-ਡੇ-ਮੀਲ ਦੀ ਫਰੋਲਾ-ਫਰਾਲੀ ਕੀਤੀ, ਟਮਾਟਰ ਨਾ ਹੋਣ ਤੇ, ਮਾਸਟਰਾਂ, ਮੈਡਮਾਂ ਦੀ ਖਿਚਾਈ ਕੀਤੀ ਸੀ ਕਿ, ਟਮਾਟਰ ਪਾਓ…, ਪਰ ਟਮਾਟਰ ਬਾਜ਼ਾਰ ਵਿਚ ਕੀ ਭਾਅ ਵਿਕ ਰਹੇ ਹਨ, ਬਾਰੇ ਵਜ਼ੀਰ ਸਾਬ੍ਹ ਨੇ ਦੱਸਿਆ ਨਹੀਂ ਸੀ…! ਮਾਮਲਾ ਉਦੋਂ ਵਿੱਚ ਵਿਚਾਲੇ ਹੀ ਠੱਪ ਹੋ ਗਿਆ ਸੀ। ਵੈਸੇ ਤਾਂ, ਪੰਜਾਬ ਦੇ ਬਹੁ-ਗਿਣਤੀ ਇਲਾਕਿਆਂ ਵਿਚੋਂ ਰੋਜ਼ ਹੀ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ। ਕਾਂਗਰਸ ਸਰਕਾਰ ਸਮੇਂ ਵੀ ਲੁਧਿਆਣੇ ਆਲ਼ੇ ਭਾਰਤ ਭੂਸ਼ਨ ਆਸ਼ੂ ਨੇ ਇੱਕ ਪ੍ਰਿੰਸੀਪਲ ਤੇ ਹੋਰ ਸਿੱਖਿਆ ਅਫ਼ਸਰਾਂ ਦੀ ਭਰੀ ਸਭਾ ਦੇ ਵਿੱਚ ਬੇਇੱਜ਼ਤੀ ਕੀਤੀ ਸੀ।
-ਗੁਰਪ੍ਰੀਤ