ਪੰਜਾਬ ਦੇ ਆਈ.ਈ.ਏ.ਟੀ ਅਧਿਆਪਕਾਂ ਦਾ ਵੱਡਾ ਐਲਾਨ, 27 ਅਕਤੂਬਰ ਨੂੰ ਬਰਨਾਲੇ ਦੀਆਂ ਗਲੀਆਂ ‘ਚ ਭਗਵੰਤ ਮਾਨ ਸਰਕਾਰ ਖ਼ਿਲਾਫ਼ ਕਰਨਗੇ ਭੰਡੀ ਪ੍ਰਚਾਰ
ਪੰਜਾਬ ਨੈੱਟਵਰਕ, ਰਾਏਕੋਟ
ਆਈ.ਈ ਵਲੰਟੀਅਰਾਂ ਤੋਂ ਘੱਟ ਤਨਖਾਹਾਂ ਤੇ ਪੱਕੇ ਕੀਤੇ ਆਈਈਏ ਅਧਿਆਪਕਾਂ ਵੱਲੋਂ ਆਈਈਏਟੀ ਮਹਿਲਾ ਸਘੰਰਸ਼ ਕਮੇਟੀ ਤੇ ਆਈਈਏਟੀ ਸਪੈਸ਼ਲ ਬੀਐੱਡ ਪਾਸ ਐਜੂਕੇਸ਼ਨ ਯੂਨੀਅਨ ਦੀ ਅਗਵਾਈ ਹੇਠ ਬਰਨਾਲਾ ਦੀਆਂ ਗਲੀਆਂ’ ਚ 27 ਅਕਤੂਬਰ ਨੂੰ ਆਪ ਸਰਕਾਰ ਖਿਲਾਫ਼ ਵਾਅਦਾ ਖਿਲਾਫੀ ਰੈਲੀ ਕੀਤੀ ਜਾਵੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਈਈਏਟੀ ਸਪੈਸ਼ਲ ਬੀਐੱਡ ਪਾਸ ਐਜੂਕੇਸ਼ਨ ਯੂਨੀਅਨ ਦੇ ਸੂਬਾ ਪ੍ਰਧਾਨ ਨਾਮਪ੍ਰੀਤ ਸਿੰਘ ਰਾਏਕੋਟ ਨੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋੰ ਪਹਿਲਾਂ ਸਾਡੇ ਮੁਹਾਲੀ ਲੱਗੇ ਧਰਨੇ-ਪ੍ਰਦਰਸ਼ਨ ‘ਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਤੇ ਅਨਮੋਲ ਗਗਨ ਮਾਨ ਵੱਲੋਂ ਇਹ ਭਰੋਸਾ ਦੇਕੇ ਸਾਡੇ ਮੁਲਾਜਮਾਂ ਦੀਆਂ ਵੋਟਾਂ ਪਵਾਈਆਂ ਗਈਆਂ ਕਿ ਸਰਕਾਰ ਆਉਣ ਤੇ ਆਪ ਨੂੰ ਤੁਹਾਡੀਆਂ ਵਿੱਦਿਅਕ ਯੋਗਤਾਵਾਂ ਮੁਤਾਬਕ ਪੱਕੇ ਕਰਕੇ ਤਨਖਾਹਾਂ ਦਿੱਤੀਆਂ ਜਾਣਗੀਆਂ।
ਪਰ ਅਫਸੋਸ ਕਿ ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਵੱਲੋਂ ਸਿਰਫ ਵਾਅਦਾ ਖਿਲਾਫ਼ੀ ਹੀ ਨਹੀਂ ਕੀਤੀ ਬਲਕਿ ਸਾਡੀਆਂ ਉੱਚੇਰੀਆਂ ਵਿੱਦਿਅਕ ਯੋਗਤਾਵਾਂ ਨੂੰ ਪਾਸੇ ਕਰਕੇ ਸਿਰਫ ਬਾਰਵੀਂ ਪਾਸ ਦਾ ਦਰਜਾ ਦੇਕੇ ਗਰੁੱਪ ‘ਡੀ’ ਵਿੱਚ ਰੱਖਕੇ ਸਿਰਫ 15 ਹਜਾਰ ਤਨਖਾਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਸੇ ਸਰਕਾਰ ਸਾਨੂੰ ਅਧਿਆਪਕ ਦਾ ਦਰਜਾ ਦਿੰਦੀ ਹੈ ਤੇ ਦੂਜੇ ਪਾਸੇ ਘੱਟ ਤਨਖਾਹਾਂ ਦੇਕੇ ਇੱਕ ਚਪੜਾਸੀ ਤੋਂ ਵੀ ਥੱਲੇ ਰੱਖਕੇ ਸਕੂਲਾਂ ‘ਚ ਬੇਇੱਜ਼ਤ ਕਰਵਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਿਛਲੇ 15-15 ਸਾਲਾਂ ਤੋਂ ਦਿਵਿਆਂਗ ਬੱਚਿਆਂ ਨੂੰ ਪੜਾ ਵੀ ਰਹੇ ਹਾਂ ਤੇ ਸਰਕਾਰ ਵੱਲੋਂ ਮਿਲਦੀ ਹਰ ਸਹੂਲਤ ਨੂੰ ਇਹਨਾਂ ਬੱਚਿਆਂ ਤੱਕ ਪੁੱਜਦੀ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਸਾਡੀ ਵਿੱਦਿਅਕ ਯੋਗਤਾਵਾਂ ਨੂੰ ਅੱਖੋ ਪਰੋਖੇ ਕਰਕੇ ਬੇਹੁਦਾ ਮਜਾਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਉਂਦੀ 27 ਅਕਤੂਬਰ ਨੂੰ ਯੂਨੀਅਨ ਵੱਲੋਂ ਬਰਨਾਲਾ ਸ਼ਹਿਰ ਦੀਆਂ ਗਲੀਆਂ ਵਿੱਚ ਲੋਕਾਂ ਨੂੰ ਰੈਲੀ ਦੇ ਰੂਪ ਵਿੱਚ ਆਪ ਸਰਕਾਰ ਦੀਆਂ ਮੁਲਾਜ਼ਮ ਵਰਗ ਤੇ ਵਾਅਦਾ ਖਿਲਾਫ਼ੀ ਦੀਆਂ ਮਾੜੀਆਂ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤੇ ਇਸਦੀ ਜਿੰਮੇਵਾਰੀ ਵੀ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਵੀ ਜਿਮਨੀ ਚੋਣਾਂ ਹੋ ਰਹੀਆਂ ਹਨ ਉੱਥੇ ਹਰ ਸ਼ਹਿਰ ਤੇ ਹਰ ਪਿੰਡ ਵਿੱਚ ਜਾਕੇ ਆਪ ਸਰਕਾਰ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ।