ਵੱਡੀ ਖ਼ਬਰ: ETT 5994 ਭਰਤੀ ਲਈ ਬੇਰੁਜ਼ਗਾਰਾਂ ਵੱਲੋਂ ਮਰਨ ਵਰਤ ਸ਼ੁਰੂ
ਸ੍ਰੀ ਆਨੰਦਪੁਰ ਸਾਹਿਬ :
ਸਟੇਸ਼ਨ ਚੋਣ ਸਬੰਧੀ ਪੋਰਟਲ ਖੋਲ੍ਹਣ ਅਤੇ ਸਕੂਲਾਂ ’ਚ ਜੁਆਇਨ ਕਰਵਾਉਣ ਦੀ ਮੰਗ ਨੂੰ ਲੈ ਕੇ 18 ਅਕਤੂਬਰ ਸ਼ੁੱਕਰਵਾਰ ਤੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਿੰਡ ਗੰਭੀਰਪੁਰ ’ਚ ਸਥਿਤ ਕੋਠੀ ਅੱਗੇ ਰੋਸ ਧਰਨਾ ਦੇ ਰਹੇ ਈਟੀਟੀ 5994 ਭਰਤੀ ਨਾਲ ਸਬੰਧਿਤ ਉਮੀਦਵਾਰਾਂ ਵਿੱਚੋਂ ਮਹਿਲਾ ਉਮੀਦਵਾਰ ਰਜਨੀ ਬਾਲਾ ਮਾਨਸਾ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।
ਜਦਕਿ ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਦੋ ਉਮੀਦਵਾਰ ਅਨਮੋਲ ਬੱਲੂਆਣਾ ਅਤੇ ਆਦਰਸ਼ ਅਬੋਹਰ 20 ਦਿਨਾਂ ਤੋਂ ਪਿੰਡ ਢੇਰ ਵਿਖੇ ਪਾਣੀ ਵਾਲੀ ਟੈਂਕੀ ਉੱਪਰ ਬੈਠੇ ਹਨ। ਸਰਦੀਆਂ ਦਾ ਮੌਸਮ ਸ਼ੁਰੂ ਹੋਣ ਕਾਰਨ ਟੈਂਕੀ ’ਤੇ ਬੈਠੇ ਉਮੀਦਵਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੰਜਾਬ ਸਰਕਾਰ ਜਾਣਬੁੱਝ ਕੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰ ਰਹੀ ਹੈ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਬੰਟੀ ਕੰਬੋਜ, ਕੁਲਵਿੰਦਰ ਬਰੇਟਾ, ਬਲਿਹਾਰ ਸਿੰਘ, ਅਸ਼ੋਕ ਬਾਵਾ, ਹਰੀਸ਼ ਫਾਜ਼ਿਲਕਾ ਅਤੇ ਪ੍ਰਗਟ ਬੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਈਟੀਟੀ 5994 ਯੂਨੀਅਨ ਦੀਆਂ ਮੰਗਾਂ ਨੂੰ ਲਗਾਤਾਰ ਅੱਖੋਂ-ਪਰੋਖੇ ਕਰ ਰਹੀ ਹੈ ਜਿਸ ਦੇ ਰੋਸ ਵਜੋਂ ਬੁੱਧਵਾਰ ਨੂੰ ਯੂਨੀਅਨ ਦੀ ਮਹਿਲਾ ਉਮੀਦਵਾਰ ਰਜਨੀ ਬਾਲਾ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ, ਜੋ ਸਟੇਸ਼ਨ ਚੋਣ ਸਬੰਧੀ ਪੋਰਟਲ ਖੁੱਲ੍ਹਣ ਤੱਕ ਜਾਰੀ ਰਹੇਗਾ। ਆਗੂਆਂ ਨੇ ਆਖਿਆ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸਭ ਤੋਂ ਨਿਕੰਮੀ ਸਰਕਾਰ ਸਿੱਧ ਹੋਈ ਹੈ।
ਇਸ ਸਰਕਾਰ ਦੇ ਕਾਰਜਕਾਲ ਵਿਚ ਹਰ ਇਕ ਛੋਟੇ ਤੋਂ ਛੋਟਾ ਕੰਮ ਕਰਵਾਉਣ ਲਈ ਧਰਨਾ ਪ੍ਰਦਰਸ਼ਨ ਕਰਨਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਸਾਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣ ਦੀ ਬਜਾਏ ਚੋਣ ਜ਼ਾਬਤਾ ਲੱਗਾ ਹੋਣ ਦਾ ਬਹਾਨਾ ਬਣਾ ਕੇ ਡੰਗ ਟਪਾ ਰਹੀ ਹੈ ਜਿਸ ਕਾਰਨ ਈਟੀਟੀ 5994 ਕਾਡਰ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਮਰਨ ਵਰਤ ’ਤੇ ਬੈਠੀ ਮਹਿਲਾ ਉਮੀਦਵਾਰ ਅਤੇ ਟੈਂਕੀ ਉਪਰ ਬੈਠੇ ਦੋ ਪੁਰਸ਼ ਉਮੀਦਵਾਰਾਂ ਵਿੱਚੋਂ ਕਿਸੇ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਸਿੱਧੇ ਤੌਰ ’ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਹੋਣਗੇ।