Punjab News! ਭਾਜਪਾ ਦੇ ਦਰਵਾਜ਼ੇ ‘ਤੇ ਪੰਜਾਬ ਦੇ ਮੰਤਰੀਆਂ ਦਾ ਅਖੌਤੀ ਵਿਰੋਧ ਪ੍ਰਦਰਸ਼ਨ- ਬਾਜਵਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਬੀਤੇ ਦਿਨ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦੇ ਵੱਲੋਂ ਚੰਡੀਗੜ੍ਹ ਸਥਿਤ ਭਾਜਪਾ ਦਫਤਰ ਦਾ ਜਬਰਦਸਤ ਘੇਰਾਓ ਕੀਤਾ ਗਿਆ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਸਮੇਤ ਛੇ ਸੱਤ ਮੰਤਰੀ ਜਖਮੀ ਹੋ ਗਏ।
ਪੁਲਿਸ ਨੇ ਜਿੱਥੇ ਇਹਨਾਂ ਆਪ ਆਗੂਆਂ ਅਤੇ ਵਰਕਰਾਂ ‘ਤੇ ਪਾਣੀ ਦੇ ਬੁਛਾੜਾਂ ਮਾਰੀਆਂ, ਉੱਥੇ ਹੀ ਕਈ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਇਹ ਆਪ ਆਗੂ ਪੰਜਾਬ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਮਸਲੇ ਨੂੰ ਲੈ ਕੇ ਭਾਜਪਾ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।
”AAP” ਦੇ ਇਸ ਪ੍ਰਦਰਸ਼ਨ ‘ਤੇ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ, ਜੋ ਕਿ ਵਿਰੋਧੀ ਧਿਰ ਦੇ ਲੀਡਰ ਹਨ, ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ, ਭਾਜਪਾ ਦੇ ਦਰਵਾਜ਼ੇ (ਦਫ਼ਤਰਾਂ) ‘ਤੇ ‘ਆਪ’ ਦਾ ਅਖੌਤੀ ਵਿਰੋਧ ਪ੍ਰਦਰਸ਼ਨ ਉਨ੍ਹਾਂ ਦੇ ਸਾਂਝੇ ਏਜੰਡੇ ਤੋਂ ਧਿਆਨ ਭਟਕਾਉਣ ਲਈ ਇਕ ਫ਼ੋਕੀ ਕਾਰਵਾਈ ਤੋਂ ਇਲਾਵਾ ਕੁਝ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਜਪਾ ਆਗੂ ਜ਼ਲਦ ਹੀ ਸਭ ਠੀਕ ਹੋਣ ਦਾ ਪ੍ਰਚਾਰ ਕਰਦੇ ਆ ਰਹੇ ਹਨ ਪਰ ਸਾਡੇ ਕਿਸਾਨ ਲਗਾਤਾਰ ਪਿਛਲੇ ਇੱਕ ਮਹੀਨੇ ਤੋਂ ਖ਼ਰੀਦ ਵਿੱਚ ਦੇਰੀ ਕਾਰਨ ਸੰਘਰਸ਼ ਕਰਦੇ ਹੋਏ ਮੰਡੀਆਂ ਵਿੱਚ ਰੁਲ ਰਹੇ ਹਨ। ਇਹ ਸ਼ਾਸਨ ਨਹੀਂ ਹੈ, ਇਹ ਮਿਲੀਭੁਗਤ ਸਾਜਿਸ਼ ਹੈ।
ਬਾਜਵਾ ਨੇ ਅੱਗੇ ਲਿਖਿਆ ਕਿ ਦੋਵੇਂ ਧਿਰਾਂ (ਭਾਜਪਾ-ਆਪ) ਵਿਰੋਧੀ ਹੋਣ ਦਾ ਢੌਂਗ ਰਚ ਕੇ ਪੰਜਾਬ ਦੀ ਖੇਤੀ ਆਰਥਿਕਤਾ ਨੂੰ ਢਾਹ ਲਾ ਰਹੀਆਂ ਹਨ। ਪੰਜਾਬ ਦੇ ਲੋਕ ਜਵਾਬਦੇਹੀ ਦੇ ਹੱਕਦਾਰ ਹਨ, ਸਿਆਸੀ ਨਾਟਕਾਂ ਦੇ ਨਹੀਂ। ਬਾਜਵਾ ਨੇ ਆਪਣੀ ਇੱਕ ਵੀਡੀਓ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਸਭ ਤੋਂ ਵੱਡੀ ਡਰਾਮੇਬਾਜ਼ ਸਰਕਾਰ ਦੱਸਿਆ ਹੈ।