ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਅੱਖੀ ਘੱਟਾ! ਪੁਰਾਣੀ ਪੈਨਸ਼ਨ ਬਹਾਲੀ ਦਾ ਲੰਗੜਾ ਨੋਟੀਫਿਕੇਸ਼ਨ AAP ਲਈ ਹੀ ਬਣੇਗਾ ਸਿਰਦਰਦੀ
ਡੀ.ਟੀ.ਐੱਫ.ਅਤੇ 6505 ਅਧਿਆਪਕ ਯੂਨੀਅਨ ਵੱਲੋਂ 12 ਅਗਸਤ ਦੇ ਰੋਸ ਮੁਜ਼ਾਹਰੇ ਸਬੰਧੀ ਮੀਟਿੰਗ
ਬਲਾਕ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਕਰਨਗੇ ਸ਼ਮੂਲੀਅਤ
ਚੀਮਾ
ਅਧਿਆਪਕ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਅਤੇ 6505 ਅਧਿਆਪਕ ਯੂਨੀਅਨ ਦੀ ਬਲਾਕ ਚੀਮਾ ਦੀ ਸਾਂਝੀ ਮੀਟਿੰਗ ਅੱਜ ਚੀਮਾ ਵਿਖੇ ਜਸਬੀਰ ਨਮੋਲ ਅਤੇ ਭਿੰਦਰ ਸਿੰਘ ਸਤੌਜ ਦੀ ਅਗਵਾਈ ਵਿੱਚ ਹੋਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਦੇ ਪ੍ਰੈੱਸ ਸਕੱਤਰ ਸਤਨਾਮ ਉੱਭਾਵਾਲ ਨੇ ਦੱਸਿਆ ਕਿ 12 ਅਗਸਤ ਨੂੰ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੀ ਸੁਨਾਮ ਰਿਹਾਇਸ਼ ਦੇ ਅੱਗੇ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਪੰਜਾਬ ਦੇ ਮੁਲਾਜ਼ਮਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਬਹੁਤ ਰੋਸ ਹੈ।
ਪੁਰਾਣੀ ਪੈਨਸ਼ਨ ਲਾਗੂ ਦਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਉਣ ਵਾਲੀ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਸੰਘਰਸ਼ਸ਼ੀਲ ਵਰਗ ਨੂੰ ਵੱਖਰੇ-ਵੱਖਰੇ ਤਰੀਕਿਆਂ ਨਾਲ ਦਬਾ ਰਹੀ ਹੈ ਜੋ ਕਿ ਜਮਹੂਰੀਅਤ ਦਾ ਗਲਾ ਘੁੱਟਣ ਦੇ ਬਰਾਬਰ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਰੋਸ ਮੁਜ਼ਾਹਰੇ ਦੌਰਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨਵੰਬਰ 2022 ਵਿੱਚ ਜਾਰੀ ਕੀਤਾ ਲੰਗੜਾ ਨੋਟੀਫਿਕੇਸ਼ਨ ਵੀ ਕੈਬਨਿਟ ਮੰਤਰੀ ਨੂੰ ਵਾਪਸ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ 12 ਅਗਸਤ ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਸ਼ਮੂਲੀਅਤ ਲਈ ਆਗੂਆਂ ਵੱਲੋਂ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ ਬਲਾਕ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਇਸ ਮੁਜਾਹਰੇ ਵਿੱਚ ਸ਼ਮੂਲੀਅਤ ਕਰਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨਗੇ।
ਇਸ ਮੀਟਿੰਗ ਵਿੱਚ ਉਕਤ ਤੋਂ ਇਲਾਵਾ ਬਲਾਕ ਸਕੱਤਰ ਰਣਵੀਰ ਸਿੰਘ ਜਖੇਪਲ, ਮੀਤ ਪ੍ਰਧਾਨ ਚੰਦਰ ਸ਼ੇਖਰ ਲੋਂਗੋਵਾਲ ਅਤੇ ਬਲਾਕ ਆਗੂ ਜਗਤਾਰ ਲੋਂਗੋਵਾਲ ਅਤੇ ਹਰਜੀਤ ਕਣਕਵਾਲ ਸ਼ਾਮਿਲ ਹੋਏ।

