ਵਿਅੰਗ: ਵਜ਼ੀਰ-ਏ-ਆਜ਼ਮ ਨੂੰ ਨਾ ਮਿਲੇ ਸਮੋਸੇ, ਜਾਂਚ CID ਹਵਾਲੇ?
ਹੁਕਮਰਾਨ! ਵਜ਼ੀਰ- ਏ-ਆਜ਼ਮ, ਜਨਾਬ- ਏ ਸਮੋਸੇ ਖਾਣ ਦੇ ਸ਼ੌਕੀਨ ਨਿਕਲੇ। ਨਿਕਲਣ ਵੀ ਕਿਉਂ ਨਾ, ਪਹਾੜਾਂ ਵਿੱਚ ਜੋ ਰਹਿੰਦੇ ਨੇ, ਸਰਦੀਆਂ ਸ਼ੁਰੂ ਨੇ, ਥੋੜੀ ਥੋੜੀ ਬਾਰਿਸ਼ ਪੈਂਦੀ ਹੈ ਤੇ ਉੱਤੋਂ ਸਵਾਦ ਆਉਂਦਾ ਸਮੋਸੇ ਖਾਣ ਦਾ ਸਮੋਸੇ ਵੀ।
ਸਾਡੇ ਪੰਜਾਬੀਆਂ ਵਿੱਚ ਆਮ ਹੀ ਗੱਲ ਹੈ ਕਿ ਜਦੋਂ ਕਦੇ ਗਰਮੀਆਂ ਦੇ ਦਿਨਾਂ ਵਿੱਚ ਬਰਸਾਤ ਪੈ ਜਾਵੇ ਤਾਂ ਆਖਣ ਲੱਗ ਪੈਂਦੇ ਆਂ ਕਿ ਪਕੌੜੇ ਬਣਾਓ ਬਈ, ਪਕੌੜੇ ਵੀ ਤਿੱਖੇ ਪਾਲਕ ਵਾਲੇ! ਪਰ ਸ਼ਹਿਰੀ ਬੰਦੇ ਖੁਦ ਤਾਂ ਬਣਾਉਣ ਤੋਂ ਡਰਦੇ ਨੇ, ਪਰ ਬਾਜ਼ਾਰੋਂ ਲਿਆ ਕੇ ਖਾਣ ਤੋਂ ਪਰਹੇਜ ਪੂਰਾ ਨਹੀਂ ਕਰਦੇ।
ਵਜ਼ੀਰੇ ਆਜ਼ਮ ਦੀ ਜੀਭ ਨੂੰ ਹੀ ਪਤਾ ਨਹੀਂ ਕਿਹੋ ਜਿਹਾ ਲਾਲਚ ਆਇਆ ਕਿ ਉਹਨੇ ਬਾਜ਼ਾਰੋਂ ਸਮੋਸੇ ਮੰਗਵਾ ਛੱਡੇ। ਸਮੋਸੇ ਵੀ ਚੋਖੇ ਸੀ, ਉਤੋਂ ਖਾਣ ਵਾਲੇ ਕਹਿੰਦੇ ਬਾਹਲੇ ਸਨ।
ਵੈਸੇ ਤਾਂ ਵਜ਼ੀਰੇ ਆਜ਼ਮ ਅੰਦਰਲੀਆਂ ਖਬਰਾਂ ਦੇ ਮੁਤਾਬਕ ਘੱਟ ਖਾਂਦੇ ਨੇ, ਕਹਿੰਦੇ ਕਿ ਉਹਨਾਂ ਨੂੰ ਐਸੀਡਿਟੀ ਦੀ ਪ੍ਰੋਬਲਮ ਹੈ, ਪਰ ਸਮੋਸੇ ਖਾਣ ਨਾਲ ਕੀ ਇਹ ਸਮੱਸਿਆ ਹੋ ਜਾਂਦੀ?
ਗੱਲ ਇਥੇ ਨਹੀਂ ਮੁੱਕੀ, ਅਗਲਿਆਂ ਨੇ ਸਮੋਸੇ ਤੇ ਨਾਲ ਕੇਕ ਵੀ ਮੰਗਵਾ ਛੱਡਿਆ। ਜਦੋਂ ਪਲੇਟਾਂ ਵਿੱਚ ਪਰੋਸੇ ਜਾ ਰਹੇ ਸਮੋਸੇ, ਵਜ਼ੀਰੇ ਆਜ਼ਮ ਤੱਕ ਨਾ ਪੁੱਜੇ ਤਾਂ ਉਹਨੇ ਤਾਂ ਆਪਣੇ ਵੱਡੇ ਅਫਸਰ ਨੂੰ ਸ਼ਿਕਾਇਤ ਕੱਢ ਮਾਰੀ, ਕਿ ਫੜੋ ਬੰਦਾ ਜਿਹਨੇ ਮੇਰੀ ਪਲੇਟ ਖਾਲੀ ਦਿੱਤੀ।
ਵੱਡੇ ਅਫਸਰ ਨੇ ਵੀ ਅੱਗੋਂ ਕਹਿ ‘ਤਾ ਕਿ ਜਨਾਬੇ ਹਜੂਰ ਆਪਾਂ ਹੁਣੇ ਪਤਾ ਲਵਾ ਲੈਂਦੇ ਆ, ਕਿ ਕਿੰਨੇ, ਕਿੰਨੇ ਸਮੋਸੇ ਖਾਧੇ? ਸਾਰਿਆਂ ਨੂੰ (ਸੁਰੱਖਿਆ ਕਰਮੀਆਂ) ਲਾਈਨ ਵਿੱਚ ਖੜਾ ਕੀਤਾ ਗਿਆ, ਉੱਪਰੋਂ ਲੈ ਕੇ ਥੱਲੋਂ ਤੱਕ ਕੋਈ ਵੀ ਇਹ ਕਾਮਾ ਨਾ ਬੋਲਿਆ ਕਿ ਉਹਨੇ ਸਮੋਸੇ ਖਾਦੇ ਨੇ।
ਜਦੋਂ ਅਫਸਰਾਂ ਹੱਥ ਕੁਝ ਨਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਕਿਉਂ ਨਾ ਆਪਾਂ ਸੀਆਈਡੀ ਨੂੰ ਬੁਲਾ ਲਈਏ, ਨਾਲੇ ਤਾਂ ਉਹ ਇਸ ਦੀ ਇਨਵੈਸਟੀਗੇਸ਼ਨ ਕਰ ਲਵੇਗੀ ਤੇ ਨਾਲੇ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਸਮੋਸੇ ਖਾਣ ਵਾਲੇ ਸ਼ਾਤਰ ਬੰਦੇ ਕੌਣ ਸੀ?
ਹੋਇਆ ਫਿਰ ਇੰਜ ਕੇ ਸੀਆਈਡੀ ਵਾਲਿਆਂ ਨੂੰ ਜਾਂਚ ਕਰਨ ਲਈ ਕਹਿ ਦਿੱਤਾ ਕਿ ਕਰੋ, ਭਾਈ ਜਾਂਚ- ਪਤਾ ਲਵਾਓ ਸਮੋਸੇ ਕਿੰਨੇ ਖਾਦੇ? ਵਜ਼ੀਰੇ ਆਜ਼ਮ ਤਾਂ ਵਿਚਾਰਾ ਖਾਂਦਾ ਨਹੀਂ ਸੀ, ਫਿਰ ਸਮੋਸੇ ਕੌਣ ਖਾ ਗਿਆ?
ਹਾਲੇ ਸੀਆਈਡੀ ਇਸ ਗੱਲ ਦਾ ਪਤਾ ਲਵਾਉਣ ਲਈ ਆਪਣੀ ਜਾਂਚ ਆਰੰਭ ਵੀ ਰਹੀ ਸੀ ਕਿ ਆਪਣੇ ਆਪ ਨੂੰ ਸੱਚੇ ਸਵਿਤਰੇ ਆਖਣ ਵਾਲੇ ਵਿਰੋਧੀ, ਇਹ ਕਹਿਣ ਲੱਗ ਗਏ ਕਿ ਸਮੋਸਿਆਂ ਵਾਲੀ ਸਰਕਾਰ ਨੂੰ ਸੂਬੇ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ, ਉਹਨਾਂ ਨੂੰ ਚਿੰਤਾ ਹੈ ਤਾਂ ਸਿਰਫ ਸਮੋਸਿਆਂ ਦੀ। ਉਹਨਾਂ ਆਖਿਆ ਕਿ ਇਹ ਘਟਨਾ ਪਹਾੜੀ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ ਹੈ। ਵੀਵੀਆਈਪੀ ਨੂੰ ਸਮੋਸੇ ਨਾ ਮਿਲਣਾ ਤੇ ਭਲਾ ਕੀ, ਉਹਨੂੰ ਚੱਕ ਲਓਗੇ ਜਿਨੇ ਸਮੋਸੇ ਖਾ ਲਏ?
ਸਮੋਸੇ ਖਾ ਵੀ ਲੈ ਤਾਂ ਕਿੱਡੀ ਕੁ ਆਖਰ ਆ ਗਈ? ਚਲੋ ਛੱਡੋ ਆਪਾਂ ਆ ਕੇ ਲੈਣਾ! ਆਪਾਂ ਸੀਆਈਡੀ ਦੇ ਵੱਡੇ ਅਫਸਰ ਨਾਲ ਖ਼ਬਰਾਂ ਵਾਲੀ ਏਜੰਸੀ ਦੀ ਹੋਈ ਗੱਲਬਾਤ ਕਰ ਲੈਦੇ ਆਂ।
ਸੀਆਈਡੀ ਦੇ ਇੱਕ ਵੱਡੇ ਅਫਸਰ ਨੇ ਦੱਸਿਆ ਕਿ ਭਾਈ, ਇਹ ਸਾਡਾ ਅੰਦਰੂਨੀ ਮਾਮਲਾ ਹੈ, ਇੱਥੇ ਦਖਲ ਅੰਦਾਜੀ ਨਾ ਕਰੋ! ਸਿਆਸੀਕਰਨ ਤਾਂ ਬਿਲਕੁਲ ਨਾ ਕਰੋ, ਸਾਡੇ ਵਜ਼ੀਰੇ ਆਜ਼ਮ ਸਮੋਸੇ ਤਾਂ ਖਾਂਦੇ ਤੱਕ ਨਹੀਂ, ਅਸੀਂ ਕਿਸੇ ਨੂੰ ਨੋਟਿਸ ਨਹੀਂ ਦਿੱਤਾ, ਸਰਕਾਰ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਫਿਰ ਵੀ ਅਸੀਂ ਆਪਣੇ ਸੂਤਰਾਂ ਦੇ ਹਵਾਲੇ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ “ਅੰਦਰਲੀ” ਜਾਣਕਾਰੀ ਲੀਕ ਕਿਵੇਂ ਹੋਈ?
ਖੈਰ ਸਮੋਸੇ ਖਾਣ ਦੇ ਸ਼ੌਕੀਨ ਤਾਂ ਇਹ ਖਬਰ ਨੂੰ ਚੱਟ ਚੱਟ ਕੇ ਪੜ੍ਹਦੇ ਹੋਣਗੇ, ਪਰ ਉਧਰ ਦੂਜੇ ਬੰਨੇ ਜਿਨਾਂ ਵਿਚਾਰਿਆਂ ਨੇ 20-30 ਰੁਪਈਆਂ ਵਾਲੇ ਸਮੋਸੇ ਖਾਦੇ ਨੇ, ਉਹਨਾਂ ਦੀ ਨੌਕਰੀ ਜਾਣ ਤੱਕ ਬਣੀ ਹੋਈ ਹੈ।
ਕਈ ਖਬਰਾਂ ਵਾਲਿਆਂ ਨੇ ਤਾਂ ਇਹ ਵੀ ਲਿਖ ਛੱਡਿਆ ਕਿ ਭਾਈ ਸਮੋਸੇ ਖਾਣ ਵਾਲੇ ਆਪਣਾ ਬੋਰੀ ਬਿਸਤਰਾ ਬੰਨ ਕੇ ਰੱਖਣ, ਕਿਸੇ ਵੇਲੇ ਵੀ ਦਫਤਰ ਤੋਂ ਆਰਡਰ ਨਿਕਲ ਸਕਦਾ, ਕਿ ਚਲੋ ਆਪਦੇ ਘਰੇ ਤੇ ਮਾਣੋ ਮੌਜਾਂ ਚਾਰ ਦਿਨ। ਚਲੋ ਆਪਾਂ ਕੀ ਲੈਣਾ, ਹੁਣ ਤਾਂ ਸਮੋਸੇ ਖਾ ਲੈਣ ਦਿਓ ਵਜ਼ੀਰੇ ਆਜ਼ਮ ਸਾਹਿਬ ਨੂੰ।
-ਗੁਰਪ੍ਰੀਤ