ਸੱਥ ਵੱਲੋਂ ਪੁਸਤਕ ‘ਫੁਲਮੋਂ ਤੇ ਰਾਂਝੂ’ (ਇੱਕ ਪ੍ਰੇਮ ਕਹਾਣੀ) ਲੋਕ ਅਰਪਣ ਅਤੇ ਕਰਵਾਇਆ ਗਿਆ ਕਵੀ ਦਰਬਾਰ
ਪੰਜਾਬ ਨੈੱਟਵਰਕ, ਖਰੜ
ਸਾਹਿਤਕ ਸੱਥ ਖਰੜ ਦੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ ਮਾਸਿਕ ਇਕੱਤਰਤਾ ਵਿੱਚ ਗੀਤਕਾਰ/ਮੋਹਨ ਸਿੰਘ ‘ਪ੍ਰੀਤ’ ਦੀ ਨਵੀਂ ਪ੍ਰਕਾਸ਼ਿਤ ਪੁਸਤਕ ‘ਫੁਲਮੋਂ ਤੇ ਰਾਂਝੂ’ (ਇੱਕ ਪ੍ਰੇਮ ਕਹਾਣੀ) ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ‘ਚ ਸੱਥ ਦੇ ਪ੍ਰਧਾਨ, ਲੇਖਕ ਮੋਹਨ ਸਿੰਘ ‘ਪ੍ਰੀਤ’ ਅਤੇ ਰਾਜਵਿੰਦਰ ਸਿੰਘ ਗੱਡੂ ਸ਼ਾਮਿਲ ਸਨ | ਪੁਸਤਕ ’ਤੇ ਪੇਪਰ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਪੜ੍ਆਿਿ।
ਉਨ੍ਹਾਂ ਕਿਹਾ ਕਿ ਮੋਹਨ ਸਿੰਘ ‘ਪ੍ਰੀਤ’ ਮੂਲ ਰੂਪ’ਚ ਗੀਤਕਾਰ ਹਨ। ਉਨ੍ਹਾਂ ਨੇ 200 ਤੋਂ ਵੱਧ ਗੀਤ ਲਿਖੇ ਜਿਨ੍ਹਾਂ ਨੂੰ ਮਹਿੰਦਰ ਕਪੂਰ, ਸੁਰੇਸ਼ ਵਾਡੇਕਰ, ਮੰਗਲ ਸਿੰਘ, ਹਰਸ਼ਦੀਪ, ਜਸਵਿੰਦਰ ਨਰੂਲਾ, ਸਰਦੂਲ ਸਿਕੰਦਰ, ਕੁਲਬੀਰ ਸੈਣੀ, ਅਮਰ ਵਿਰਦੀ, ਅਤੇ ਮਨਪ੍ਰੀਤ ਅਖਤਰ ਆਦਿ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੈ।
ਇਸ ਪੁਸਤਕ ਤੋਂ ਪਹਿਲਾਂ ਵੀ ਇਨ੍ਹਾਂ ਦੀ ਇੱਕ ਮੌਲਿਕ ਪੁਸਤਕ ‘ਸੂਫੀ ਰੰਗਾਂ ਦੀ ਬਰਸਾਤ’ ਛਪ ਚੁੱਕੀ ਹੈ। ਹਰਿਆਣਾ ਸਾਹਿਤ ਅਕਾਦਮੀ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਛਾਪੀਆਂ ਸਾਂਝੀਆਂ ਪੁਸਤਕਾਂ ’ਚ ਵੀ ਇਨ੍ਹਾਂ ਦੀ ਰਚਨਾਵਾਂ ਲੱਗ ਚੁੱਕੀਆਂ ਹਨ।
ਹੁਣ ਇਨ੍ਹਾਂ ਨੇ ਸਾਹਿਤ ਦੀ ਦੂਜੀ ਵਿਧਾ ਕਹਾਣੀ ਕਲਾ ’ਤੇ ਕੰਮ ਕਰਦਿਆਂ ਇਹ ਨਵੀਂ ਪੁਸਤਕ ‘ਫੁਲਮੋਂ ਤੇ ਰਾਂਝੂ’(ਇੱਕ ਪ੍ਰੇਮ ਕਹਾਣੀ) ਦੀ ਸਿਰਜਨਾ ਕੀਤੀ ਹੈ। ਇਸ ਵਿੱਚ ਹਿਮਾਚਲ ਖਿੱਤੇ ਦੇ ਬਿਲਾਸਪੁਰ ਇਲਾਕੇ ਦੇ ਪਾਤਰਾਂ ਨੂੰ ਲੈ ਕੇ ਸਿਰਜੀ ਇੱਕ ਲੰਬੀ ਕਹਾਣੀ ਹੈ। ਸਾਰੀ ਪੁਸਤਕ ’ਚ ਰਚੀ ਇੱਕੋ ਕਹਾਣੀ ਹੋਣ ਕਰਕੇ ਇਸ ਪੁਸਤਕ ਨੂੰ ਇੱਕ ਮਿੰਨੀ ਨਾਵਲ ਵੀ ਕਿਹਾ ਜਾ ਸਕਦਾ ਹੈ।
ਪੜ੍ਹਨਯੋਗ ਇਸ ਪੁਸਤਕ ਦਾ ਸਵਾਗਤ ਕਰਦਾ ਹਾਂ। ਆਸ ਕਰਦਾ ਹਾਂ ਕਿ ਕਹਾਣੀਕਾਰ/ਗੀਤਕਾਰ ਮੋਹਨ ਸਿੰਘ ‘ਪ੍ਰੀਤ’ ਭਵਿੱਖ ’ਚ ਹੋਰ ਵੀ ਮੁੱਲਵਾਨ ਕਿਰਤਾਂ ਪੰਜਾਬੀ ਸਾਹਿਤ ਨੂੰ ਦਿੰਦੇ ਰਹਿਣਗੇ। ਲੇਖਕ ਪ੍ਰੀਤ ਨੇ ਵੀ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ|
ਉਪਰੰਤ ਚੱਲੇ ਕਵੀ ਦਰਬਾਰ ਵਿੱਚ ਮਲਕੀਤ ਨਾਗਰਾ, ਪਿਆਰਾ ਸਿੰਘ ਰਾਹੀ, ਜਸਵਿੰਦਰ ਸਿੰਘ ਕਾਈਨੌਰ, ਨੀਲਮ ਨਾਰੰਗ, ਰਾਜਵਿੰਦਰ ਸਿੰਘ ਗੱਡੂ, ਇੰਦਰਜੀਤ ਕੌਰ ਵਡਾਲਾ, ਅਮਰਜੀਤ ਕੌਰ ਮੋਰਿੰਡਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਸਮਿੱਤਰ ਸਿੰਘ ਦੋਸਤ, ਗੁਰਸ਼ਰਨ ਸਿੰਘ ਕਾਕਾ, ਮੰਦਰ ਗਿੱਲ ਸਾਹਿਬਚੰਦੀਆ, ਬੰਤ ਸਿੰਘ ਦੀਪ,ਮੰਦਰ ਗਿੱਲ ਸਾਹਿਬ ਚੰਦੀਆ, ਦਲਬੀਰ ਸਿੰਘ ਸਰੋਆ, ਬਲਦੇਵ ਸਿੰਘ ਬਿੰਦਰਾ, ਤਰਸੇਮ ਸਿੰਘ ਕਾਲੇਵਾਲ, ਜਸਮਿੰਦਰ ਸਿੰਘ ਰਾਓ, ਖੁਸ਼ੀ ਰਾਮ ਨਿਮਾਣਾ, ਪ੍ਰਲਾਦ ਸਿੰਘ, ਕੇਸਰ ਸਿੰਘ ਇੰਸਪੈਕਟਰ, ਬਲਵਿੰਦਰ ਸਿੰਘ ਢਿੱਲੋਂ ਨੇ ਖ਼ੂਬਸੂਰਤ ਗੀਤਾਂ ਤੇ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਿਆਰਾ ਸਿੰਘ ‘ਰਾਹੀ’ ਵੱਲੋਂ ਬਾਖ਼ੂਬੀ ਨਿਭਾਈ ਗਈ। ਉਪਰੋਕਤ ਤੋਂ ਇਲਾਵਾ ਇਸ ਇਕੱਤਰਤਾ ਵਿੱਚ ਹਾਕਮ ਸਿੰਘ ਨੱਤਿਆਂ, ਜਸਪ੍ਰੀਤ ਸਿੰਘ, ਮੋਹਨ ਲਾਲ ਰਾਹੀ, ਜਸਵੀਰ ਮਹਿਰਾ ਅਤੇ ਜੀਤੇਸ਼ ਤਾਂਗੜੀ ਆਦਿ ਹਾਜ਼ਰ ਹੋਏ। ਅੰਤ ‘ਚ ਸੱਥ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ|