“ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਊਣ…; ਤਾਂ ਫਿਰ ਦੱਸੋ! ਟੈਂਕੀਆਂ ‘ਤੇ ਚੜੇ ਕੱਚੇ ਮੁਲਾਜ਼ਮ ਦਾ ਵਾਲੀ ਵਾਰਿਸ ਕੌਣ?”
ਕੇਜਰੀਵਾਲ ਦੇ ਇੱਕ ਦਿਨ ਪਹਿਲਾਂ ਦਿੱਤੇ ਬਿਆਨ ਦੀ ਚਿੱਟੇ ਦਿਨ ਨਿਕਲੀ ਫੂਕ
ਗੁਰਪ੍ਰੀਤ, ਚੰਡੀਗੜ੍ਹ
ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਊਣ! ਇਹ ਕਹਾਵਤ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਅਹਿਮ ਢੁਕਦੀ ਹੈ। ਦਰਅਸਲ, ਪੰਜਾਬ ਦੇ ਮੁਲਾਜ਼ਮ ਇਸ ਵੇਲੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਟੈਂਕੀਆਂ ਤੇ ਚੜੇ ਹੋਏ ਨੇ, ਉੱਥੇ ਹੀ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਕੇਜਰੀਵਾਲ ਇਹ ਬਿਆਨ ਦੇ ਰਹੇ ਨੇ ਕਿ ਪੰਜਾਬ ਦੇ ਮੁਲਾਜ਼ਮ ਹੋਣ ਟੈਂਕੀਆਂ ਤੇ ਨਹੀਂ ਬਲਕਿ ਦਫਤਰਾਂ ‘ਚ ਨਜ਼ਰ ਆਉਂਦੇ ਨੇ! ਇਹ ਗੱਲਾਂ ਕੇਜਰੀਵਾਲ ਨੂੰ ਕਿਸ ਨੇ ਦੱਸੀਆਂ, ਇਸ ਦਾ ਪਤਾ ਭਾਵੇਂ ਕਿ ਨਹੀਂ ਲੱਗਿਆ, ਪਰ ਕੇਜਰੀਵਾਲ ਦੇ ਬਿਆਨ ਤੋਂ ਸਾਬਤ ਹੋ ਗਿਆ ਹੈ ਕਿ ਉਹਨਾਂ ਨੂੰ ਜਿਹੜੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ, ਉਹ ਅਧੂਰੀ ਹੈ।
ਕੇਜਰੀਵਾਲ ਵੱਲੋਂ ਆਪਣੀਆਂ ਗੱਲਾਂ ਤਾਂ ਇੰਝ ਕੀਤੀਆਂ ਜਾ ਰਹੀਆਂ ਨੇ, ਜਿਵੇਂ ਪੂਰੀ ਦੁਨੀਆਂ ਦੇ ਸੱਚੇ ਸੁੱਚੇ ਲੀਡਰ ਉਹੀ ਹੋਣ, ਜਦੋਂ ਕਿ ਦੂਜੇ ਪਾਸੇ ਵਿਰੋਧੀ ਧਿਰਾਂ ਅਤੇ ਹੋਰ ਜਥੇਬੰਦੀਆਂ ਇਸ ਸਰਕਾਰ ਦਾ ਵਿਰੋਧ ਕਰ ਰਹੀਆਂ ਨੇ ਕਿ ਉਹ ਲਾਰੇ ਲਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੀ।
ਆਪਣੀਆਂ ਹੱਕੀ ਮੰਗਾਂ ਵਾਸਤੇ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਇਸ ਵੇਲੇ ਇਨਾਂ ਮਜਬੂਰ ਹੋਣਾ ਪੈ ਰਿਹਾ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਦੇ ਲਈ ਟੈਂਕੀਆਂ ‘ਤੇ ਚੜ ਰਹੇ ਹਨ। ਉਥੇ ਦੂਜੇ ਪਾਸੇ ਪੰਜਾਬ ਦੌਰੇ ਤੇ ਆਏ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਦੇ ਮੁਲਾਜ਼ਮ, ਹੁਣ ਟੈਂਕੀਆਂ ਉੱਤੇ ਨਹੀਂ ਚੜਦੇ, ਉਹ ਦਫਤਰਾਂ ਵਿੱਚ ਨਜ਼ਰ ਆਉਂਦੇ ਨੇ।
ਕੇਜਰੀਵਾਲ ਦੇ ਇਹਨਾਂ ਦਾਅਵਿਆਂ ਦੀ ਬੀਤੇ ਦਿਨ ਉਸ ਵੇਲੇ ਫੂਕ ਨਿਕਲ ਗਈ, ਜਦੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੱਦੇ ਤੇ ਕੁਝ ਕੱਚੇ ਮੁਲਾਜ਼ਮ ਆਊਟਸੋਰਸ ਮੁਲਾਜ਼ਮ ਵਿਭਾਗ ਦੇ ਰੂਪਨਗਰ ਸਥਿਤ ਦਫਤਰ ਦੇ ਬਾਹਰ ਬਣੀ ਪਾਣੀ ਵਾਲੇ ਟੈਂਕੀ ‘ਤੇ ਚੜ ਗਏ ਅਤੇ ਉਹਨਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਟੈਂਕੀ ‘ਤੇ ਚੜਨ ਵਾਲਿਆਂ ਮੁਲਾਜ਼ਮਾਂ ਵਿੱਚ ਵਰਿੰਦਰ ਬੰਟੀ ਜਨਰਲ ਸਕੱਤਰ, ਗੁਰਿੰਦਰਪਾਲ ਸਿੰਘ ਅਤੇ ਰਾਜਵੀਰ ਸਿੰਘ ਸ਼ਾਮਿਲ ਹਨ।
ਇਹਨਾਂ ਮੁਲਾਜ਼ਮਾਂ ਦੀ ਮੰਗ ਹੈ ਕਿ ਉਨਾਂ ਨੂੰ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਕਾਰ ਲਗਾਤਾਰ ਉਹਨਾਂ ਦੇ ਨਾਲ ਧੱਕਾ ਕਰ ਰਹੀ ਹੈ ਅਤੇ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਨਲੈਕੀ ਕਾਰਨ ਮੁਲਾਜ਼ਮਾਂ ਨੂੰ ਇਸ ਹੱਦ ਤੱਕ ਮਜਬੂਰ ਹੋਣਾ ਪੈ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਟੈਂਕੀਆਂ ਤੇ ਚੜ ਰਹੇ ਹਨ।
ਆਗੂਆਂ ਨੇ ਆਖਿਆ ਕਿ ਨਾ ਤਾਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਅਤੇ ਨਾ ਹੀ ਹੁਣ ਦੀ ਸਰਕਾਰ ਨੇ ਉਹਨਾਂ ਦੀ ਮੰਗਾਂ ਵੱਲ ਕੋਈ ਧਿਆਨ ਦਿੱਤਾ। ਪਿਛਲੀ ਸਰਕਾਰ ਨੇ ਉਹਨਾਂ ਨਾਲ ਧੱਕਾ ਕੀਤਾ ਸੀ ਅਤੇ ਹੁਣ ਭਗਵੰਤ ਮਾਨ ਸਰਕਾਰ ਵੀ ਲਗਾਤਾਰ ਲਾਰੇ ਲਾ ਰਹੀ ਹੈ।
ਵਾਰ-ਵਾਰ ਲਾਰੇ ਲਾਉਣ ਅਤੇ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਮੁਲਾਜ਼ਮ ਆਗੂਆਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਉਹਨਾਂ ਦੇ ਏਰੀਅਰ ਪੈਂਡਿੰਗ ਹਨ। ਜੋ ਸਰਕਾਰ ਵੱਲੋਂ ਨਹੀਂ ਦਿੱਤੇ ਗਏ ਅਤੇ ਇਹ ਕੱਚੇ ਮੁਲਾਜ਼ਮ ਬਹੁਤ ਹੀ ਨਿਗੁਣੀਆਂ ਤਨਖਾਵਾਂ ਤੇ ਕੰਮ ਕਰ ਰਹੇ ਨੇ।
ਇਸ ਮੌਕੇ ਉਹਨਾਂ ਇਹ ਵੀ ਆਖਿਆ ਕਿ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗਾਂ ਦੀ ਮੰਗ ਵਾਰ ਉਹਨਾਂ ਵਲੋਂ ਕੀਤੀ ਜਾ ਰਹੀ, ਪਰ ਸਰਕਾਰ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਹਨਾਂ ਮੰਗ ਕੀਤੀ ਕਿ ਸਰਕਾਰ ਉਹਨਾਂ ਦੇ ਏਰੀਏ ਤੁਰੰਤ ਜਾਰੀ ਕਰੇ ਅਤੇ ਲੇਬਰ ਐਕਟ ਅਧੀਨ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰੇ।
ਖੈਰ, ਦੱਸਣਾ ਬਣਦਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਆ ਕੇ ਕੇਜਰੀਵਾਲ ਇਹ ਦਾਅਵਾ ਕਰ ਰਹੇ ਨੇ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਟੈਂਕੀਆਂ ਤੇ ਚੜਨਾ ਨਹੀਂ ਪੈਂਦਾ ਅਤੇ ਉਹ ਹੁਣ ਦਫਤਰਾਂ ਵਿੱਚ ਨਜ਼ਰ ਆਉਂਦੇ ਨੇ, ਉੱਥੇ ਹੀ ਦੂਜੇ ਪਾਸੇ ਕੇਜਰੀਵਾਲ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਹੀ ਇਹ ਖਬਰ ਸਾਹਮਣੇ ਆਈ ਕਿ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਦੇ ਵਾਸਤੇ ਭਗਵੰਤ ਮਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੋਇਆਂ ਪਾਣੀ ਵਾਲੀ ਟੈਂਕੀ ਤੇ ਚੜ੍ ਗਏ ਨੇ। ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦੀ ਕਰਨੀ ਤੇ ਕਥਨੀ ਵਿੱਚ ਬਹੁਤ ਅੰਤਰ ਹੈ। ਸਰਕਾਰ ਨੂੰ ਗਰਾਊਂਡ ਤੇ ਉਤਰੇ ਮੁਲਾਜ਼ਮ, ਬੇਰੁਜ਼ਗਾਰ, ਕਿਸਾਨ, ਮਜ਼ਦੂਰ ਨਹੀਂ ਦਿਸ ਰਹੇ, ਇਸੇ ਕਰਕੇ ਉਹ ਹਵਾ ਵਿੱਚ ਗੱਲਾਂ ਕਰ ਰਹੀ ਹੈ ਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।