All Latest NewsNews FlashPunjab News

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ! ਅਗਨੀਵੀਰਾਂ ਨੂੰ ਸੇਵਾ ਮੁਕਤੀ ਮਗਰੋਂ ਮਿਲੇਗੀ ਨੌਕਰੀ

 

ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਕਿਹਾ, ਸਾਬਕਾ ਫ਼ੌਜੀਆਂ ਨੂੰ ਪੈਨਸ਼ਨਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ

-ਜ਼ਿਲ੍ਹਾ ਪ੍ਰਸ਼ਾਸਨ ਨਾਲ ਹਰ ਮਹੀਨੇ ਮੀਟਿੰਗ ਕਰਵਾ ਕੇ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦਾ ਹੋਵੇਗਾ ਨਿਪਟਾਰਾ

– ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਪਟਿਆਲਾ ‘ਚ ਪੰਜਾਬ ਸਰਕਾਰ ਆਪ ਦੇ ਦੁਆਰ ਤਹਿਤ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸੁਣੀਆਂ

ਪੰਜਾਬ ਨੈੱਟਵਰਕ, ਪਟਿਆਲਾ

ਪੰਜਾਬ ਸਰਕਾਰ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਅਗਨੀਵੀਰ ਜਵਾਨਾਂ ਨੂੰ ਸੇਵਾ ਮੁਕਤੀ ਬਾਅਦ ਰੋਜ਼ਗਾਰ ਦੇਵੇਗੀ। ਸੁਤੰਤਰਤਾ ਸੰਗਰਾਮੀ ਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਅੱਜ ਪਟਿਆਲਾ ਵਿਖੇ ‘ਪੰਜਾਬ ਸਰਕਾਰ ਆਪ ਦੇ ਦੁਆਰ’ ਤਹਿਤ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸੁਣਨ ਪੁੱਜੇ ਹੋਏ ਸਨ।

ਇਸ ਮੌਕੇ ਮੋਹਿੰਦਰ ਭਗਤ ਨੇ ਕਿਹਾ ਕਿ ਸਾਲ 2027 ‘ਚ 800 ਅਗਨੀਵੀਰਾਂ ਦਾ ਪਹਿਲਾ ਬੈਚ ਸੇਵਾ ਮੁਕਤ ਹੋਕੇ ਪੰਜਾਬ ਵਾਪਸ ਆਵੇਗਾ ਪਰੰਤੂ ਉਨ੍ਹਾਂ ਨੂੰ ਸਾਬਕਾ ਸੈਨਿਕਾਂ ਦੇ ਲਾਭ ਨਹੀਂ ਮਿਲਣਗੇ, ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣੇ ਤੋਂ ਹੀ ਉਨ੍ਹਾਂ ਲਈ ਫ਼ਿਕਰਮੰਦੀ ਦਾ ਇਜ਼ਹਾਰ ਕਰਦਿਆਂ ਅਗਨੀਵੀਰਾਂ ਨੂੰ ਨੌਕਰੀਆਂ ਦੇਣ ਦੀ ਤਜਵੀਜ਼ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ।

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਇਕੱਤਰ ਹੋਏ ਸਾਬਕਾ ਸੈਨਿਕਾਂ, ਵੀਰ ਨਾਰੀਆਂ, ਵਿਧਵਾਵਾਂ ਤੇ ਪੁਰਸਕਾਰ ਵਿਜੇਤਾ ਨਾਲ ਰੂਬਰੂ ਹੁੰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਗੱਲੋਂ ਵਚਨਬੱਧ ਹੈ ਕਿ ਸਾਬਕਾ ਸੈਨਿਕਾਂ ਨੂੰ ਪੈਨਸ਼ਨਾਂ ਦੇ ਸਬੰਧ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਤੇ ਰੱਖਿਆ ਮੰਤਰਾਲੇ ਨਾਲ ਵੀ ਸੰਪਰਕ ਕੀਤਾ ਜਾਵੇਗਾ ਤਾਂ ਕਿ ਪੈਨਸ਼ਨਰਾਂ ਨੂੰ ਸਪਰਸ਼ ਪ੍ਰੋਗਰਾਮ ਤਹਿਤ ਲਾਈਫ਼ ਸਰਟੀਫਿਕੇਟ ਦੇਣ ਮੌਕੇ ਆ ਰਹੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣ।

ਉਨ੍ਹਾਂ ਦੱਸਿਆ ਕਿ ਉਹ ਹਰ ਜ਼ਿਲ੍ਹੇ ਵਿੱਚ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਜਾ ਰਹੇ ਹਨ, ਇਸ ਲਈ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਮਹੀਨੇ ਵਿੱਚ ਇੱਕ ਵਾਰ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਰੱਖਿਆ ਸੇਵਾਵਾਂ ਭਲਾਈ ਵਿਭਾਗ ਨਾਲ ਤਾਲਮੇਲ ਬੈਠਕ ਕਰਕੇ ਮਸਲੇ ਨਿਪਟਾਏ ਜਾਣੇ ਯਕੀਨੀ ਬਣਾਏ ਜਾਣ।

ਮੋਹਿੰਦਰ ਭਗਤ ਨੇ ਸਾਬਕਾ ਸੈਨਿਕਾਂ ਵੱਲੋਂ ਦੇਸ਼ ਦੀ ਸੁਰੱਖਿਆ ਅਤੇ ਸਰਹੱਦਾਂ ਦੀ ਰਾਖੀ ਲਈ ਕੀਤੀ ਸੇਵਾ ਤੇ ਸੈਨਿਕਾਂ ਦੇ ਜ਼ਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਕੇਵਲ ਫ਼ੌਜੀ ਹੀ ਆਪਣੀ ਸੇਵਾ ਕਰਦਿਆਂ ਤੇ ਸੇਵਾ ਮੁਕਤੀ ਬਾਅਦ ਵੀ ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਕਰਨ ਨੂੰ ਹਰ ਵੇਲੇ ਤਿਆਰ ਰਹਿੰਦਾ ਹੈ। ਉਨ੍ਹਾਂ ਸਾਬਕਾ ਸੈਨਿਕਾਂ ਨੂੰ ਸਮਾਜ ਦਾ ਅਹਿਮ ਤੇ ਸਨਮਾਨਯੋਗ ਅੰਗ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਨ੍ਹਾਂ ਦੇ ਘਰ ਤੱਕ ਜਾ ਕੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇਗੀ।

ਕੈਬਨਿਟ ਮੰਤਰੀ ਨੇ ਸਾਬਕਾ ਸੈਨਿਕਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫ਼ਤਰ ਵਿਖੇ ਜਰੂਰ ਆਇਆ ਕਰਨ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਇਥੋਂ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਰਨ। ਇਸ ਮੌਕੇ ਸਾਬਕਾ ਸੈਨਿਕਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਤੇ ਮੌਕੇ ‘ਤੇ ਹੀ ਹੱਲ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰੱਖਿਆ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾ ਮੁਕਤ) ਭੁਪਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਦੀ ਪਟਿਆਲਾ ਵਿਖੇ ਪਹਿਲੀ ਵਾਰ ਆਮਦ ਮੌਕੇ ਪਟਿਆਲਾ ਪੁਲਿਸ ਦੀ ਟੁਕੜੀ ਨੇ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਡਾ. ਨਾਨਕ ਸਿੰਘ, ਏ.ਡੀ.ਸੀ. (ਜ) ਇਸ਼ਾ ਸਿੰਗਲ, ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਅਫ਼ਸਰ ਵਿੰਗ ਕਮਾਂਡਰ (ਸੇਵਾ ਮੁਕਤ) ਗੁਰਪ੍ਰੀਤ ਸਿੰਘ, ਡੀ.ਐਸ.ਪੀ. ਸਤਨਾਮ ਸਿੰਘ ਤੇ ਤਹਿਸੀਲਦਾਰ ਕੁਲਦੀਪ ਸਿੰਘ ਵੀ ਮੌਜੂਦ ਸਨ।

 

Leave a Reply

Your email address will not be published. Required fields are marked *