…ਤੇ ਜਦੋਂ ਲਾਸ਼ਾਂ ਵੇਖ ਚੀਰਿਆਂ ਗਿਆ ਮਾਵਾਂ ਦਾ ਕਲੇਜਾ..!
ਯੋਗੀ ਸਰਕਾਰ ਕਟਹਿਰੇ ‘ਚ ਕਿਉਂ ਨਾ ਹੋਵੇ?….
ਸ਼ੁੱਕਰਵਾਰ ਦੀ ਰਾਤ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਦੇ ਬੱਚਿਆਂ ਦੇ ਵਾਰਡ ਵਿੱਚ ਅਜਿਹਾ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ।
ਨਵਜੰਮੇ ਬੱਚਿਆਂ ਨੂੰ ਹੱਥਾਂ ਵਿਚ ਲੈ ਕੇ ਭੱਜ ਰਹੇ ਸੀ ਡਾਕਟਰ, ਕਈਆਂ ਦੀਆਂ ਲਾਸ਼ਾਂ ਤੇ ਕਈਆਂ ਦੀਆਂ ਅੱਧ ਸੜੀਆਂ ਹੋਈਆਂ ਲਾਸ਼ਾਂ ਸੀ… ਮਾਵਾਂ ਵੀ ਆਪਣੇ ਜਿਗਰ ਦੇ ਟੁਕੜਿਆਂ ਦੀ ਹਾਲਤ ਦੇਖ ਕੇ ਬੇਹੋਸ਼ ਹੋ ਗਈਆਂ।
ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਵੇ? ਕੋਈ ਮੱਥੇ ‘ਤੇ ਹੱਥ ਰੱਖ ਕੇ ਬੈਠਾ ਸੀ, ਕਿਸੇ ਦਾ ਪਤੀ ਉਸਨੂੰ ਹੌਂਸਲਾ ਦੇਣ ਲਈ ਪਾਣੀ ਪਿਲਾ ਰਿਹਾ ਸੀ।
ਕਿਸ ਦੇ ਬੱਚੇ ਦੀ ਮੌਤ ਹੋ ਗਈ, ਕਿਸ ਦਾ ਬੱਚਾ ਜ਼ਖਮੀ ਹੋਇਆ, ਕਿਸ ਦਾ ਬੱਚਾ ਬਚਿਆ, ਅਜੇ ਤੱਕ ਕੁਝ ਪਤਾ ਨਹੀਂ ਸੀ ਲੱਗਾ। ਕੁਝ ਹੀ ਸਮੇਂ ਵਿੱਚ ਬੱਚਿਆਂ ਦਾ ਪੂਰਾ ਵਾਰਡ ਸੜ ਕੇ ਸੁਆਹ ਹੋ ਗਿਆ।
10 ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਖਿੱਲਰੀਆਂ ਪਈਆਂ ਸਨ।
ਐਮਰਜੈਂਸੀ ਵਾਰਡ ਵਿੱਚ ਜ਼ਖ਼ਮੀ ਬੱਚਿਆਂ ਦੀ ਕਤਾਰ ਲੱਗੀ ਹੋਈ ਸੀ। ਜਿਨ੍ਹਾਂ ਦੇ ਬੱਚੇ ਬਚ ਗਏ, ਉਨ੍ਹਾਂ ਦੇ ਮਾਪੇ ਦੂਜੇ ਹਸਪਤਾਲ ਵੱਲ ਭੱਜਦੇ ਦੇਖੇ ਗਏ। ਇੱਕ ਘੰਟੇ ਵਿੱਚ ਹੀ ਬੱਚਿਆਂ ਦੇ ਜਨਮ ਦੀ ਖੁਸ਼ੀ ਸੋਗ ਵਿੱਚ ਬਦਲ ਗਈ। ਅੱਗ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ ਨਵਜੰਮੇ ਬੱਚੇ ਦੀ ਮਾਂ ਬੱਚੇ ਦੀ ਹਾਲਤ ਦੇਖ ਕੇ ਬੇਹੋਸ਼ ਹੋ ਗਈ। ਉਸਦਾ ਪਤੀ ਖ਼ੁਦ ਹਿੰਮਤ ਕਰਕੇ ਉਸਨੂੰ ਪੀਣ ਲਈ ਪਾਣੀ ਦੇ ਰਿਹਾ ਸੀ।
ਬੱਚੇ ਦੀ ਮਾਂ ਵਾਰ-ਵਾਰ ਕਹਿ ਰਹੀ ਸੀ ਕਿ ਬੱਚੇ ਦਾ ਮੂੰਹ ਇੱਕ ਵਾਰ ਜ਼ਰੂਰ ਦਿਖਾਓ।
ਮੇਰਾ ਪੋਤਾ ਵੀ ਨਾ ਲੱਭਿਆ….
ਇੱਕ ਔਰਤ ਨੇ ਆਪਣੇ ਪੋਤੇ ਨੂੰ ਨਹੀਂ ਲੱਭਿਆ, ਪਰ ਇੱਕ ਅੱਧ ਮਰਿਆ ਹੋਇਆ ਬੱਚਾ ਮਿਲਿਆ, ਜਿਸ ਨਾਲ ਉਹ ਇਧਰ-ਉਧਰ ਭੱਜ ਰਹੀ ਸੀ। ਔਰਤ ਨੇ ਕਿਹਾ ਕਿ ਉਸ ਨੂੰ ਉਸ ਦੇ ਪੋਤੇ ਦਾ ਪਤਾ ਨਹੀਂ ਹੈ, ਪਰ ਉਹ ਉਸ ਨੂੰ ਮਰਨ ਨਹੀਂ ਦੇਵੇਗੀ। ਮੈਂ ਉਸਨੂੰ ਹਸਪਤਾਲ ਲੈ ਜਾ ਰਹੀ ਹਾਂ।
ਇੱਕ ਔਰਤ ਨੇ ਕਿਹਾ ਕਿ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਪਤਾ ਨਹੀਂ ਬੱਚਿਆਂ ਦਾ ਕੀ ਹਾਲ ਹੈ? ਪੁੱਛਣ ‘ਤੇ ਕੋਈ ਕੁਝ ਨਹੀਂ ਦੱਸ ਰਿਹਾ ਸੀ ਕਿਉਂਕਿ ਕਿਸੇ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ। ਡਾਕਟਰ ਅਤੇ ਨਰਸਾਂ ਬੱਚਿਆਂ ਨਾਲ ਇਧਰ-ਉਧਰ ਭੱਜ ਰਹੀਆਂ ਸਨ।
ਇਕ ਔਰਤ ਆਪਣੇ ਬੇਟੇ ਦੀ ਹਾਲਤ ਦੇਖ ਕੇ ਬੇਹੋਸ਼ ਹੋ ਗਈ। ਜਦੋਂ ਉਸਦਾ ਪਤੀ ਉਸਨੂੰ ਲੈਣ ਲਈ ਦੌੜਿਆ ਤਾਂ ਉਹ ਵੀ ਪ੍ਰੇਸ਼ਾਨ ਹੋ ਗਿਆ। ਉਸਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਬੇਟਾ ਸਾਹ ਨਹੀਂ ਲੈ ਰਿਹਾ ਸੀ, ਇਸ ਲਈ ਉਸਨੂੰ ਵਾਰਡ ਵਿਚ ਮਸ਼ੀਨਾਂ ਵਿਚ ਰੱਖਿਆ ਗਿਆ ਸੀ।
ਪਰ ਇਹ ਨਹੀਂ ਸੀ ਪਤਾ ਕਿ ਉਸਨੂੰ ਜ਼ਿੰਦਗੀ, ਨਹੀਂ ਮੌਤ ਮਿਲੇਗੀ। ਪੂਰਾ ਵਾਰਡ ਸੜ ਕੇ ਸੁਆਹ ਹੋ ਗਿਆ, ਬੱਚੇ ਕਿੱਥੇ ਅਤੇ ਕਿਸ ਹਾਲਤ ‘ਚ ਹਨ, ਪਤਾ ਨਹੀਂ ਲੱਗ ਸਕਿਆ। ਡਾਕਟਰ, ਅਧਿਕਾਰੀ ਅਤੇ ਪੁਲਿਸ ਕੁਝ ਨਹੀਂ ਦੱਸਦੇ।
ਅਸੀਂ ਹਾਦਸੇ ਦੀ ਬਾਰੀਕੀ ਨਾਲ ਜਾਂਚ ਕਰਾਂਗੇ- ਡੀਐਮ ਅਵਿਨਾਸ਼ ਕੁਮਾਰ
ਡੀਐਮ ਅਵਿਨਾਸ਼ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ 10 ਬੱਚਿਆਂ ਦੀ ਮੌਤ ਹੋ ਗਈ ਹੈ। ਕੁਝ ਬੱਚੇ ਜ਼ਖਮੀ ਹਨ ਅਤੇ ਬਾਕੀ ਸਾਰੇ ਸੁਰੱਖਿਅਤ ਹਨ। ਪੀੜਤਾਂ ਨੂੰ ਇਕ-ਇਕ ਕਰਕੇ ਜਾਣਕਾਰੀ ਦਿੱਤੀ ਜਾਵੇਗੀ।
ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੂਚਨਾ ਹੈ। ਕਮਿਸ਼ਨਰ ਵਿਮਲ ਦੂਬੇ ਨੇ ਦੱਸਿਆ ਕਿ ਜ਼ਿਆਦਾਤਰ ਬੱਚਿਆਂ ਨੂੰ ਬਚਾ ਲਿਆ ਗਿਆ ਹੈ। ਸਿਲੰਡਰ ਫਟਣ ‘ਤੇ ਧਮਾਕੇ ਦੀ ਆਵਾਜ਼ ਆਈ।
ਇਸ ਤੋਂ ਬਾਅਦ ਹਸਪਤਾਲ ‘ਚ ਹਫੜਾ-ਦਫੜੀ ਮਚ ਗਈ। ਅਸੀਂ ਹਾਦਸੇ ਦੀ ਬਾਰੀਕੀ ਨਾਲ ਜਾਂਚ ਕਰਾਂਗੇ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਝਾਂਸੀ ਦੇ ਚੀਫ ਮੈਡੀਕਲ ਸੁਪਰਡੈਂਟ (ਸੀਐਮਐਸ) ਸਚਿਨ ਮਹੋਰ ਨੇ ਦੱਸਿਆ ਕਿ ਵਾਰਡ ਵਿੱਚ 54 ਬੱਚੇ ਸਨ।
ਸ਼ਾਰਟ ਸਰਕਟ ਤੋਂ ਨਿਕਲੀ ਚੰਗਿਆੜੀ ਕਾਰਨ ਆਕਸੀਜਨ ਕੰਸੈਂਟਰੇਟਰ ਨੂੰ ਅੱਗ ਲੱਗ ਗਈ ਅਤੇ ਇਹ ਅੱਗ ਸਾਰੇ ਵਾਰਡ ਵਿੱਚ ਫੈਲ ਗਈ। ਬਚਾਏ ਗਏ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਡਿਪਟੀ ਸੀਐਮ ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਉਨ੍ਹਾਂ ਨੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ ਹੈ। ਲਾਪਰਵਾਹੀ ਵਰਤੀ ਜਾ ਰਹੀ ਸੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਜਿਸ ਤੋਂ ਬਾਅਦ ਇੱਕ ਜਾਂਚ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਕਮਿਸ਼ਨਰ ਅਤੇ ਡੀਆਈਜੀ ਮੈਂਬਰ ਹਨ। ਮੁੱਖ ਮੰਤਰੀ ਨੇ ਹਾਦਸੇ ਦੀ ਜਾਂਚ ਰਿਪੋਰਟ 12 ਘੰਟਿਆਂ ਵਿੱਚ ਮੰਗੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਮੈਡੀਕਲ ਕਾਲਜ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਮ੍ਰਿਤਕ ਨੌਨਿਹਾਲ ਦੇ ਪਰਿਵਾਰਕ ਮੈਂਬਰਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਹਸਪਤਾਲ ਪ੍ਰਸ਼ਾਸਨ ‘ਤੇ ਲਾਪਰਵਾਹੀ ਦਾ ਦੋਸ਼
ਦੂਜੇ ਪਾਸੇ ਅੱਗ ਦੀ ਘਟਨਾ ਨੂੰ ਲੈ ਕੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਨੇ ਹਸਪਤਾਲ ਪ੍ਰਸ਼ਾਸਨ ‘ਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ।
ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਆਪਣੀ ਚੋਣ ਮੁਹਿੰਮ ਛੱਡ ਕੇ ਸੂਬੇ ‘ਚ ਸਿਹਤ ਸਹੂਲਤਾਂ ‘ਤੇ ਧਿਆਨ ਦੇਣਾ ਚਾਹੀਦਾ ਹੈ।
ਕਾਂਗਰਸ ਨੇ ਪ੍ਰਸ਼ਾਸਨ ‘ਤੇ ਨਾਕਾਮੀ ਦਾ ਦੋਸ਼ ਵੀ ਲਾਇਆ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
2017 ‘ਚ ਵੀ ਵਾਪਰਿਆ ਸੀ ਆਕਸੀਜਨ ਕਾਂਡ, ਹੋਈ ਸੀ 60 ਬੱਚਿਆਂ ਦੀ ਮੌਤ
ਦੱਸਣਾ ਬਣਦਾ ਹੈ ਕਿ, 2017 ਵਿੱਚ ਗੋਰਖਪੁਰ ਦਾ ਬੀਆਰਡੀ ਮੈਡੀਕਲ ਕਾਲਜ ਉਸ ਵੇਲੇ ਸੁਰਖ਼ੀਆਂ ਵਿੱਚ ਆਇਆ ਸੀ, ਜਦੋਂ ਇੱਕ ਹਫ਼ਤੇ ਦੇ ਅੰਦਰ ਅੰਦਰ 60 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ।
ਇਨ੍ਹਾਂ ਬੱਚਿਆਂ ਦੀ ਮੌਤ ਤੇ ਪ੍ਰਸਿੱਧ ਬਾਲ ਰੋਗ ਮਾਹਿਰ ਡਾਕਟਰ ਕਫੀਲ ਖ਼ਾਨ ਨੇ, ਉਸ ਸਮੇਂ ਸਰਕਾਰ ਤੇ ਤਿੱਖੀ ਪ੍ਰਤੀਕ੍ਰਿਆ ਦਿੰਦੇ ਹੋਏ, ਕਾਫੀ ਅਲੋਚਨਾ ਕੀਤੀ ਸੀ, ਜਿਸ ਤੋਂ ਬਾਅਦ ਸਰਕਾਰ ਨੇ ਡਾਕਟਰ ਕਫੀਲ ਖਾਨ ਨੂੰ ਸਸਪੈਂਡ ਕਰ ਦਿੱਤਾ ਸੀ।
ਹਾਲਾਂਕਿ, 60 ਬੱਚਿਆਂ ਦੀ ਮੌਤ ਮਾਮਲੇ ਵਿੱਚ ਸਰਕਾਰ ਨੇ ਕਾਰਵਾਈ ਬੇਹੱਦ ਹੀ ਢਿੱਲੇ ਮਨ ਨਾਲ ਕੀਤੀ। ਜਦੋਂਕਿ, ਉਸ ਵੇਲੇ ਦੀਆਂ ਖ਼ਬਰਾਂ ਅਨੁਸਾਰ, ਆਕਸੀਜਨ ਦੀ ਕਮੀ ਦੇ ਕਾਰਨ ਬੱਚਿਆਂ ਦੀ ਜਾਨ ਗਈ ਸੀ।
ਇਸ ਮਾਮਲੇ ਵਿੱਚ ਡਾਕਟਰ ਕਫੀਲ ਨੂੰ ਬੱਚਿਆਂ ਦੀ ਮੌਤ ਲਈ ਕਥਿਤ ਤੌਰ ਤੇ ਜ਼ਿੰਮੇਵਾਰ ਠਹਿਰਾ ਕੇ ਜੇਲ੍ਹ ਭੇਜ ਦਿੱਤਾ ਗਿਆ। 9 ਮਹੀਨੇ ਦੇ ਕਰੀਬ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਗੋਰਖਪੁਰ ਆਕਸੀਜਨ ਕਾਂਡ ‘ਚ ਮੁਅੱਤਲ ਡਾਕਟਰ ਕਫੀਲ ਖਾਨ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ।
ਪ੍ਰਮੁੱਖ ਸਕੱਤਰ ਖਣਿਜ ਅਤੇ ਭੂਗੋਲ ਵਿਭਾਗ ਦੀ ਅਗਵਾਈ ਹੋਈ ਜਾਂਚ ਤੋਂ ਬਾਅਦ ਡਾਕਟਰ ਕਫੀਲ ‘ਤੇ ਲਗਾਏ ਗਏ ਦੋਸ਼ਾਂ ‘ਚ ਸੱਚਾਈ ਨਹੀਂ ਪਾਈ ਗਈ। ਜਾਂਚ ਦੀ ਰਿਪੋਰਟ ਬੀ.ਆਰ.ਡੀ. ਅਧਿਕਾਰੀਆਂ ਨੇ ਕਫੀਲ ਨੂੰ ਦਿੱਤੀ।
ਜ਼ਿਕਰਯੋਗ ਹੈ ਕਿ ਗੋਰਖਪੁਰ ਆਕਸੀਜਨ ਕਾਂਡ ‘ਚ ਲੱਗੇ ਦੋਸ਼ ਲਈ ਕਫੀਲ ਨੂੰ 9 ਮਹੀਨੇ ਜੇਲ ‘ਚ ਬਿਤਾਉਣੇ ਪਏ। ਡਾ. ਕਫੀਲ ਨੇ ਇਸ ਮਾਮਲੇ ‘ਚ ਸੀ.ਬੀ.ਆਈ. ਜਾਂਚ ਦੀ ਵੀ ਮੰਗ ਕੀਤੀ ਸੀ।
–ਗੁਰਪ੍ਰੀਤ