ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ “ਪੱਤਰਕਾਰਤਾ ਦਿਵਸ” ਮੌਕੇ ਜਲਾਲਾਬਾਦ ‘ਚ ਸੈਮੀਨਾਰ!
ਨਿਰਪੱਖ ਅਤੇ ਇਮਾਨਦਾਰ ਪੱਤਰਕਾਰੀ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਦੀ ਲੋੜ:-ਡੀਪੀਆਰਓ ਬਰਾੜ
ਪੱਤਰਕਾਰਤਾ ਲੋਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੀ ਹੈ :-ਟੋਨੀ ਛਾਬੜਾ,ਹੈਪੀ ਕਾਠਪਾਲ
ਸੰਸਾਰ ਪੱਧਰ ‘ਚ ਸਮਾਜਿਕ,ਆਰਥਿਕ ਅਤੇ ਰਾਜਨੀਤਕ ਤਬਦੀਲੀਆਂ ਵਿੱਚ ਪੱਤਰਕਾਰਤਾ ਦਾ ਅਹਿਮ ਰੋਲ ਢਾਬਾਂ,ਬਰਾੜ
ਰਣਬੀਰ ਕੌਰ ਢਾਬਾਂ, ਜਲਾਲਾਬਾਦ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਫਾਜ਼ਿਲਕਾ ਇਕਾਈ ਵੱਲੋਂ ਅੱਜ ਜਲਾਲਾਬਾਦ ਦੇ ਐਫੀਸ਼ੀਐਂਟ ਕਾਲਜ ਵਿਖੇ ਪੱਤਰਕਾਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਡੀਪੀਆਰਓ ਫਾਜ਼ਿਲਕਾ ਭੁਪਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਪਹੁੰਚੇ। ਜਾਗਰਨ ਪੰਜਾਬੀ ਦੇ ਜ਼ਿਲ੍ਹਾ ਇੰਚਾਰਜ ਰਿਤਿਸ਼ ਕੁੱਕੜ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਾਈ। ਸਮਾਗਮ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਟੋਨੀ ਛਾਬੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਟੋਨੀ ਛਾਬੜਾ ਅਤੇ ਹੈਪੀ ਕਾਰਡ ਪਾਲ ਨੇ ਕਿਹਾ ਕਿ ਲੋਕ ਮਸਲਿਆਂ ਨੂੰ ਹੱਲ ਕਰਨ ਵਿੱਚ ਪੱਤਰਕਾਰਤਾ ਆਪਣਾ ਅਹਿਮ ਰੋਲ ਅਦਾ ਕਰਦੀ ਹੈ।
ਯੂਨੀਅਨ ਦੇ ਬੁਲਾਰੇ ਪਰਮਜੀਤ ਢਾਬਾਂ ਅਤੇ ਕੁਲਦੀਪ ਸਿੰਘ ਬਰਾੜ ਨੇ ਦੇਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਨਾਲ ਸੰਬੰਧਿਤ ਪੱਤਰਕਾਰਤਾ ਦੇ ਤੱਥਾਂ ‘ਤੇ ਰੌਸ਼ਨੀ ਪਾਈ। ਉਨ੍ਹਾਂ ਪੱਤਰਕਾਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਮਾਜ ਵਿੱਚ ਛੋਟੀਆਂ ਖਬਰਾਂ ਵੱਡੇ ਪ੍ਰਭਾਵ ਪੈਦਾ ਕਰ ਸਕਦੀਆਂ ਹਨ, ਇਸ ਲਈ ਹਰ ਪੱਤਰਕਾਰ ਨੂੰ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਖਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨੀ ਬਹੁਤ ਮਹੱਤਵਪੂਰਨ ਹੈ, ਤਾਂ ਜੋ ਸਮਾਜ ‘ਤੇ ਖਬਰ ਦਾ ਸਕਾਰਾਤਮਕ ਪ੍ਰਭਾਵ ਪਵੇ। ਸਾਥੀ ਢਾਬਾ ਅਤੇ ਬਰਾੜ ਨੇ ਕਿਹਾ ਕਿ ਸੰਸਾਰ ਪੱਧਰ ‘ਚ ਸਮਾਜਿਕ,ਆਰਥਿਕ ਅਤੇ ਰਾਜਨੀਤਕ ਤਬਦੀਲੀਆਂ ਵਿੱਚ ਪੱਤਰਕਾਰਤਾ ਦਾ ਅਹਿਮ ਰੋਲ ਰਿਹਾ ਹੈ।
ਸਮਾਗਮ ਵਿੱਚ ਮੁੱਖ ਮਹਿਮਾਨ ਭੁਪਿੰਦਰ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਨਿਰਪੱਖ ਅਤੇ ਇਮਾਨਦਾਰ ਪੱਤਰਕਾਰੀ ਨੂੰ ਕਾਰਪੋਰੇਟ ਘਰਾਨਿਆਂ ਤੋਂ ਬਚਾਉਣ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਪੱਤਰਕਾਰਤਾ ਦੇ ਖੇਤਰ ਵਿੱਚ ਕੰਮ ਕਰਦਿਆਂ ਪੱਤਰਕਾਰਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਚੁਗਲ ਚੋਂ ਬਾਹਰ ਰਹਿਣਾ ਚਾਹੀਦਾ ਹੈ ਤੇ ਉਹਨਾਂ ਦੇ ਪ੍ਰਭਾਵ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਹ ਵਿੱਤੀ ਸਰਮਾਏ ਦੇ ਤਹਿਤ ਕੰਮ ਕਰ ਰਹੇ ਹਨ। ਕਾਰਪੋਰੇਟ ਘਰਾਨਿਆਂ ਦਾ ਮੁੱਖ ਮਕਸਦ ਸਿਰਫ ਮੁਨਾਫਾ ਕਮਾਉਣਾ ਹੈ ਨਾ ਕਿ ਲੋਕ ਹਿੱਤਾਂ ਦੀ ਰਾਖੀ ਕਰਨਾ ਹੈ।
ਉਨਾਂ ਪੱਤਰਕਾਰਾਂ ਨੂੰ ਸਲਾਹ ਦਿੰਦਾ ਕਿਹਾ ਕਿ ਪੱਤਰਕਾਰਾਂ ਨੂੰ ਪੜ੍ਹਨ-ਲਿਖਣ ਦੀ ਆਦਤ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ, “ਅਜਿਹੇ ਸੈਮੀਨਾਰ ਮੀਡੀਆ ਦੀ ਕਾਰਜ ਕੁਸ਼ਲਤਾ ਨੂੰ ਨਿਖਾਰਨ ਲਈ ਬਹੁਤ ਲਾਭਦਾਇਕ ਹੁੰਦੇ ਹਨ। ਸਮਾਜ ਵਿੱਚ ਸੂਚਨਾ ਦਾ ਸਹੀ ਪ੍ਰਸਾਰਣ ਹੀ ਵਧੀਆ ਪੱਤਰਕਾਰਤਾ ਦੀ ਪਹਿਚਾਨ ਹੈ। ਬਿਨਾਂ ਤੱਥਾਂ ਦੀ ਜਾਂਚ ਕੀਤਿਆਂ ਨਸ਼ਰ ਕੀਤੀਆਂ ਖਬਰਾਂ ਕਈ ਵਾਰ ਨਕਾਰਾਤਮਕ ਪ੍ਰਭਾਵ ਛੱਡਦੀਆਂ ਹਨ। ਭੁਪਿੰਦਰ ਸਿੰਘ ਬਰਾੜ ਨੇ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ, ਜੋ ਗਲੀ-ਮੁਹੱਲਿਆਂ ਤੋਂ ਚਲਕੇ ਮੀਡੀਆ ਦੇ ਮੱਧਮ ਰਾਹੀਂ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚੀਆਂ।
ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਨੂੰ ਸੱਚਾਈ, ਸ਼ਿੱਖਾ ਅਤੇ ਸਮਰਥਨ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸੈਮੀਨਾਰ ਦੇ ਅੰਤ ਵਿੱਚ ਜ਼ਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਮਹਿਮੀ ਨੇ ਸਭਦਾ ਧੰਨਵਾਦ ਪ੍ਰਗਟਾਇਆ ਅਤੇ ਪੱਤਰਕਾਰਤਾ ਨੂੰ ਸਮਾਜ ਸੇਵਾ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਵਜੋਂ ਆਖਿਆ। ਸੈਮੀਨਾਰ ਦੇ ਅਖੀਰ ਵਿੱਚ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।