ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਦੀ ਚੇਤਾਵਨੀ
ਪੰਜਾਬ ਨੈੱਟਵਰਕ, ਚੰਡੀਗੜ੍ਹ
ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਪੈਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਵਿੱਚ ਹਲਕੀ ਬਾਰਿਸ਼ ਹੋਣ ਦੀ ਖਬਰ ਹੈ। ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਫੈਲੇ ਜਹਿਰੀਲੇ ਧੂਏ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ।
ਜਾਣਕਾਰੀ ਦੇ ਮੁਤਾਬਕ ਸ਼ਨੀਚਰਵਾਰ ਦੁਪਹਿਰ ਸਮੇਂ ਅੰਮ੍ਰਿਤਸਰ ਵਿੱਚ ਬਾਰਿਸ਼ ਪਈ, ਜਿਸ ਕਾਰਨ ਮੌਸਮ ਜਿੱਥੇ ਠੰਡਾ ਹੋ ਗਿਆ, ਉੱਥੇ ਹੀ ਜਹਿਰੀਲੇ ਧੂਏ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ।
ਦੱਸਣਾ ਬਣਦਾ ਹੈ ਕਿ ਸੂਬੇ ਦੇ ਹੋਰਨਾਂ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀਆਂ ਖਬਰਾਂ ਹਨ, ਹਾਲਾਂਕਿ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਹੈ।
ਖਬਰਾਂ ਦੀ ਮੰਨੀਏ ਤਾਂ ਸਵੇਰ ਸਮੇਂ ਅੰਮ੍ਰਿਤਸਰ ਅਤੇ ਰਾਤ ਸਮੇਂ ਨਵਾਂਸ਼ਹਿਰ ਸਭ ਤੋਂ ਠੰਡਾ ਰਿਹਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾਕਟਰ ਸੁਰਿੰਦਰ ਪਾਲ ਦੀ ਮੰਨੀਏ ਤਾਂ ਉਹਨਾਂ ਦੇ ਮੁਤਾਬਕ ਹਵਾ ਦੀ ਦਿਸ਼ਾ ਬਦਲਣ ਅਤੇ ਪੱਛਮੀ ਗੜਬੜੀ ਦੇ ਪੰਜਾਬ ਤੋਂ ਕਰੋਸ ਕਰਨ ਨਾਲ ਠੰਡ ਵਧੀ ਹੈ।
ਉਹਨਾਂ ਦਾ ਕਹਿਣਾ ਹੈ ਕਿ ਸੋਮਵਾਰ ਤੋਂ ਸੂਬੇ ਦੇ ਅੰਦਰ ਹੋਰ ਠੰਡ ਵਧੇਗੀ, ਦਿਨ ਤੇ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਤੱਕ ਗਿਰਾਵਟ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਵੀ ਬਰਕਰਾਰ ਰਹੇਗੀ।
ਮੌਸਮ ਵਿਭਾਗ ਮੁਤਾਬਿਕ ਸੰਘਣੀ ਧੁੰਦ ਅਤੇ ਜਹਿਰੀਲੇ ਧੂਏ ਦੇ ਕਾਰਨ ਲੋਕਾਂ ਨੂੰ ਖੰਗ ਅਤੇ ਸਿਰ ਦਰਦ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਮੂੰਹ ਢਕ ਕੇ ਰੱਖੋ ਅਤੇ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ ਕਰੋ।