All Latest News

Punjab News: ਸਰਬ ਭਾਰਤ ਨੌਜਵਾਨ ਸਭਾ ਦੀ ਜ਼ਿਲ੍ਹਾ ਫ਼ਰੀਦਕੋਟ ਦੀ ਕਾਨਫਰੰਸ ਸਫਲਤਾ ਪੂਰਵਕ ਸੰਪੰਨ!

 

ਚਰਨਜੀਤ ਸਿੰਘ ਚਮੇਲੀ ਕਨਵੀਨਰ ਅਤੇ ਅੰਜੂ ਰਾਣੀ ਰਾਜੋਵਾਲਾ ਤੇ ਜਸ਼ਨਪ੍ਰੀਤ ਪਿੱਪਲੀ ਕੋ-ਕਨਵੀਨਰ ਚੁਣੇ ਗਏ!

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੀਵਨ ਫਲਸਫਾ ਦੇਸ਼ ਦੀ ਜਵਾਨੀ ਲਈ ਹਮੇਸ਼ਾ ਰਾਹ ਦਸੇਰਾ ਹੈ:-ਢਾਬਾਂ,ਪਿੱਪਲੀ

ਪੰਜਾਬ ਨੈੱਟਵਰਕ, ਫ਼ਰੀਦਕੋਟ

ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਫ਼ਰੀਦਕੋਟ ਦੀ ਕਾਨਫਰੰਸ ਸਥਾਨਕ ਸ਼ਹੀਦ ਅਮੋਲਕ ਸਿੰਘ ਭਵਨ ਵਿਖੇ ਸਫਲਤਾ ਪੂਰਵਕ ਸਪੰਨ ਹੋਈ। ਅੱਜ ਦੀ ਇਸ ਕਾਨਫਰੰਸ ਦੀ ਪ੍ਰਧਾਨਗੀ ਚਰਨਜੀਤ ਸਿੰਘ ਚਮੇਲੀ ਅਤੇ ਅੰਜੂ ਰਾਣੀ ਰਾਜੋਵਾਲਾ ਨੇ ਕੀਤੀ। ਕਾਨਫਰੰਸ ਦਾ ਉਦਘਾਟਨ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਨੇ ਕੀਤਾ।

ਇਸ ਮੌਕੇ ਪਹੁੰਚੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਨੇ ਕਿਹਾ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਜੀਵਨ ਫਲਸਫਾ ਦੇਸ਼ ਦੀ ਜਵਾਨੀ ਅਤੇ ਦੇਸ਼ ਵਿੱਚ ਸਮਾਜਵਾਦ ਦੀ ਸਥਾਪਨਾ ਕਰਨ ਵਾਲੇ ਸਾਰੇ ਕਾਰਕੋਨਾਂ ਲਈ ਰਾਹ ਦਸੇਰਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਸ਼੍ਰੋਮਣੀ ਸ਼ਹੀਦ ਅਤੇ ਸਭ ਤੋਂ ਛੋਟੀ ਉਮਰ ਦੇ ਉਹ ਸ਼ਹੀਦ ਹਨ, ਜਿਨ੍ਹਾਂ ਨੇ ਗਦਰ ਪਾਰਟੀ ਦੇ ਵਿੱਚ ਕੰਮ ਕਰਦਿਆਂ ਦੇਸ਼ ਵਿੱਚ ਅੰਗਰੇਜ਼ ਹਕੂਮਤ ਨੂੰ ਉਥੋਂ ਕੱਢਣ ਅਤੇ ਸਮਾਜਵਾਦ ਦੀ ਸਥਾਪਨਾ ਕਰਨ ਲਈ ਛੋਟੀ ਉਮਰੇ ਕੁਰਬਾਨੀ ਦਿੱਤੀ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਰੁਜ਼ਗਾਰ ਦਾ ਪ੍ਰਬੰਧ ਨਾ ਕਰਨ ਕਰਕੇ ਜਵਾਨੀ ਮਜ਼ਬੂਰੀ ਵੱਸ ਵਿਦੇਸ਼ਾਂ ਵਿੱਚ ਆਪਣਾ ਸ਼ੋਸ਼ਣ ਕਰਵਾਉਣ ਲਈ ਮਜਬੂਰ ਹੈ।

ਉਹਨਾਂ ਕਿਹਾ ਕਿ ਸਮੇਂ- ਸਮੇਂ ਤੇ ਕੇਂਦਰ ਅਤੇ ਰਾਜਾਂ ਦੀ ਸੱਤਾ ‘ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਹਰ ਵਕਤ ਜਵਾਨੀ ਤੋਂ ਵੋਟਾਂ ਬਟੋਰਨ ਲਈ ਉਸ ਨੂੰ ਦੇਸ਼ ਦਾ ਸਰਮਾਇਆ ਦੱਸਿਆ ਹੈ,ਪ੍ਰੰਤੂ ਰੁਜ਼ਗਾਰ ਦੇਣ ਤੋਂ ਕਿਉਂ ਕੰਨੀ ਕਤਰਾਉਂਦੀਆਂ ਹਨ। ਇਸ ਸਵਾਲ ਦਾ ਜਵਾਬ ਅੱਜ ਜਵਾਨੀ ਜਾਣਨਾ ਚਾਹੁੰਦੀ ਹੈ। ਸਾਥੀ ਢਾਬਾਂ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਦਾ ਸੂਬਾਈ ਡੈਲੀਗੇਟ ਇਜਲਾਸ 3 ਤੇ 4 ਜਨਵਰੀ 2025 ਨੂੰ ਸੰਗਰੂਰ ਵਿਖੇ ਕੀਤਾ ਜਾ ਰਿਹਾ ਹੈ।

ਇਸ ਡੈਲੀਗੇਟ ਇਜਲਾਸ ਵਿੱਚ ਪੰਜਾਬ ਤੋਂ ਚੁਣੇ ਹੋਏ ਡੈਲੀਗੇਟਾਂ ਵੱਲੋਂ “ਬਨੇਗਾ ਪ੍ਰਾਪਤੀ ਮੁਹਿੰਮ” ਨੂੰ ਘਰ-ਘਰ ਗਲ਼ੀ,ਮਹੱਲੇ ਅਤੇ ਹਰ ਨੌਜਵਾਨ ਤੱਕ ਪਹੁੰਚਾਉਣ ਲਈ ਲਗਾਤਾਰ ਸਰਗਰਮੀ ਕੀਤੀ ਜਾਵੇਗੀ। ਇਸ ਮੌਕੇ ਸਾਥੀ ਚਰਨਜੀਤ ਸਿੰਘ ਚਮੇਲੀ ਵੱਲੋਂ ਜ਼ਿਲ੍ਹਾ ਫ਼ਰੀਦਕੋਟ ‘ਚ ਨੌਜਵਾਨ ਸਭਾ ਵੱਲੋਂ ਕੀਤੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਜਿਸ ਨੂੰ ਵਾਧਿਆਂ ਸਮੇਤ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਉਪਰੰਤ 13 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ। ਕਾਨਫਰੰਸ ਵਿੱਚ ਜ਼ਿਲ੍ਹੇ ‘ਚ ਅਗਵਾਈ ਕਰਨ ਲਈ ਸਾਥੀ ਚਰਨਜੀਤ ਸਿੰਘ ਚਮੇਲੀ ਨੂੰ ਕਨਵੀਨਰ ਅਤੇ ਅੰਜੂ ਰਾਣੀ ਰਾਜੋਵਾਲਾ ਨੂੰ ਕੋ-ਕਨਵੀਨਰ ਸਰਬਸੰਮਤੀ ਨਾਲ ਚੁਣਿਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਆਗੂ ਗੋਰਾ ਪਿੱਪਲੀ ਅਤੇ ਰੇਸ਼ਮ ਸਿੰਘ ਜਟਾਨਾ ਨੇ ਕਿਹਾ ਕਿ ਨਵੀਂ ਚੁਣੀ ਗਈ ਟੀਮ ਪਰਮਗੁਣੀ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਆਪਣਾ ਅਹਿਮ ਯੋਗਦਾਨ ਪਾਏਗੀ ਅਤੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਵਾਏਗੀ। ਇਸ ਮੌਕੇ ਆਪਣੇ ਸੰਬੋਧਨ ‘ਚ ਚਰਨਜੀਤ ਸਿੰਘ ਚਮੇਲੀ ਅਤੇ ਅੰਜੂ ਰਾਣੀ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਸਰਬ ਭਾਰਤ ਨੌਜਵਾਨ ਸਭਾ ਦਾ ਪੂਰੇ ਫ਼ਰੀਦਕੋਟ ਵਿੱਚ ਪ੍ਰਸਾਰ ਕਰਨ ਵਿੱਚ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਵੱਧ ਚੜ੍ਹ ਕੇ ਨਿਭਾਉਣਗੇ।

ਇਸ ਡੈਲੀਗੇਟ ਅਜਲਾਸ ਵਿੱਚ ਮਤਾ ਪਾਸ ਕੀਤਾ ਗਿਆ ਕਿ “ਬਨੇਗਾ ਪ੍ਰਾਪਤੀ ਮੁਹਿੰਮ” ਦੇ ਬੈਨਰ ਹੇਠ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਬਨੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਜਿਸ ਅਨੁਸਾਰ ਹਰ ਇਕ ਨੂੰ (ਜੋ ਚਾਹੁੰਦਾ ਹੈ) ਉਹਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਅਣ-ਸਿੱਖਿਅਤ ਨੂੰ 30,000/-,ਅਰਧ -ਸਿੱਖਿਅਤ ਨੂੰ 35,000/-, ਸਿੱਖਿਅਤ ਨੂੰ 45,000/- ਅਤੇ ਉੱਚ -ਸਿੱਖਿਅਤ ਨੂੰ 60,000/- ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਗਰੰਟੀ ਲਈ ਅਤੇ ਜੇਕਰ ਸਰਕਾਰ ਇਕ ਸਾਲ ਦੇ ਅੰਦਰ ਕੰਮ ਦੇਣ ਵਿੱਚ ਅਸਫਲ ਹੈ ਤਾਂ ਉਕਤ ਤਨਖਾਹ ਦਾ ਅੱਧਾ ਹਿੱਸਾ ਕੰਮ ਇੰਤਜ਼ਾਰ ਭੱਤਾ ਲਾਜ਼ਮੀ ਕਰਵਾਉਣ, ਬਨੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਅਤੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ‘ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਹੋਵੇ’, ਹਰ ਇਕ ਲਈ ਮੁਫ਼ਤ ਅਤੇ ਲਾਜ਼ਮੀ ਵਿਗਿਆਨਕ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ, ਵਾਤਾਵਰਣ ਅਤੇ ਪਾਣੀਆਂ ਦੀ ਸੰਭਾਲ, ਚੰਗੀ ਉਸਾਰੂ ਖੇਡ ਨੀਤੀ ਅਤੇ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਆਦਿ ਦੀ ਪ੍ਰਾਪਤੀ ਲਈ ਸਮੁੱਚੇ ਬਲਾਕ ਦੇ ਹਰ ਪਿੰਡ, ਗਲੀ/ਮੁਹੱਲੇ ਅਤੇ ਕਸਬੇ ਵਿੱਚ ਜਾ ਕੇ ਸਰਗਰਮੀ ਕੀਤੀ ਜਾਵੇਗੀ। ਇਸ ਮੌਕੇ ਹੋਰਾਂ ਤੋਂ ਇਲਾਵਾ ਵੀਰ ਸਿੰਘ, ਜਗਤਾਰ ਸਿੰਘ ਸਾਬਕਾ ਸਰਪੰਚ ਅਤੇ ਜਗਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

 

Leave a Reply

Your email address will not be published. Required fields are marked *